ਨੈਸ਼ਨਲ ਡੈਸਕ - ਕੇਰਲ ਦੇ ਅਲਾਪੁਝਾ ਜ਼ਿਲ੍ਹੇ ਵਿੱਚ ਇੱਕ ਹਾਦਸੇ ਵਿੱਚ 5 ਦੋਸਤਾਂ ਦੀ ਦਰਦਨਾਕ ਮੌਤ ਹੋ ਗਈ। ਇਹ ਖ਼ਬਰ ਸੱਚਮੁੱਚ ਦਿਲ ਦਹਿਲਾਉਣ ਵਾਲੀ ਹੈ। ਰਾਤ ਨੂੰ ਕਾਰ ਰਾਹੀਂ ਘੁੰਮਣ ਨਿਕਲੇ ਪੰਜ ਮੈਡੀਕਲ ਵਿਦਿਆਰਥੀਆਂ ਲਈ ਇਹ ਸਫ਼ਰ ਕਦੇ ਨਾ ਮੁੜਨ ਵਾਲਾ ਸਾਬਤ ਹੋਇਆ ਅਤੇ ਇਨ੍ਹਾਂ ਸਾਰਿਆਂ ਦੀ ਬੱਸ ਨਾਲ ਹੋਈ ਭਿਆਨਕ ਟੱਕਰ ਵਿੱਚ ਮੌਤ ਹੋ ਗਈ। ਹਾਦਸੇ ਤੋਂ ਕੁਝ ਸਮਾਂ ਪਹਿਲਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਵਾਲੇ ਪਰਿਵਾਰਕ ਮੈਂਬਰ ਅਤੇ ਦੋਸਤ ਸਦਮੇ ਵਿੱਚ ਹਨ ਅਤੇ ਉਨ੍ਹਾਂ ਲਈ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੋ ਰਿਹਾ ਹੈ ਕਿ ਉਹ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ।
ਦਰਅਸਲ, ਅਲਾਪੁਝਾ ਜ਼ਿਲ੍ਹੇ ਦੇ ਵੰਦਨਮ ਸਰਕਾਰੀ ਮੈਡੀਕਲ ਕਾਲਜ ਦੇ ਐਮ.ਬੀ.ਬੀ.ਐਸ. ਪਹਿਲੇ ਸਾਲ ਦੇ ਵਿਦਿਆਰਥੀ ਸੋਮਵਾਰ ਰਾਤ ਕਿਰਾਏ ਦੀ ਕਾਰ ਵਿੱਚ ਘੁੰਮਣ ਲਈ ਨਿਕਲੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਅਤੇ ਬੱਸ ਵਿਚਕਾਰ ਭਿਆਨਕ ਟੱਕਰ ਹੋ ਗਈ, ਜਿਸ ਵਿੱਚ ਸਾਰੇ ਪੰਜ ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 6 ਹੋਰ ਲੋਕ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਕੰਨੂਰ ਦੇ ਮੁਹੰਮਦ ਅਬਦੁਲ ਜੱਬਾਰ, ਲਕਸ਼ਦੀਪ ਦੇ ਮੁਹੰਮਦ ਇਬਰਾਹਿਮ, ਮਲਪੁਰਮ ਦੇ ਦੇਵਾਨੰਦਨ, ਅਲਾਪੁਝਾ ਦੇ ਆਯੂਸ਼ ਸ਼ਾਜੀ ਅਤੇ ਪਲੱਕੜ ਦੇ ਸ੍ਰੀਦੀਪ ਵਜੋਂ ਹੋਈ ਹੈ।
ਘਟਨਾ ਦੀ ਸੀ.ਸੀ.ਟੀ.ਵੀ. ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਾਤ ਨੂੰ ਬਾਰਿਸ਼ 'ਚ ਇਕ ਤੇਜ਼ ਰਫਤਾਰ ਕਾਰ ਫਿਸਲ ਕੇ ਬੱਸ ਨਾਲ ਟਕਰਾ ਕੇ ਨੁਕਸਾਨੀ ਜਾਂਦੀ ਹੈ। ਬਚਾਅ ਲਈ ਮੌਕੇ 'ਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਤਿੰਨ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਟੱਕਰ ਕਾਰਨ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਨੌਜਵਾਨਾਂ ਨੂੰ ਕਾਰ ਕੱਟ ਕੇ ਬਾਹਰ ਕੱਢਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਬੱਸ ਵਿੱਚ ਸਵਾਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਫਿਲਮ ਦੇਖਣ ਦੀ ਸੀ ਯੋਜਨਾ
ਇੱਕ ਐਮ.ਬੀ.ਬੀ.ਐਸ. ਵਿਦਿਆਰਥੀ ਨੇ ਦੱਸਿਆ ਕਿ ਮ੍ਰਿਤਕਾਂ ਵਿੱਚੋਂ ਇੱਕ ਉਸਦਾ ‘ਰੂਮਮੇਟ’ ਸੀ ਅਤੇ ਉਸਨੇ ਦੱਸਿਆ ਸੀ ਕਿ ਉਹ ਇੱਕ ਫਿਲਮ ਦੇਖਣ ਜਾ ਰਿਹਾ ਸੀ। ਵਿਦਿਆਰਥੀ ਨੇ ਕਿਹਾ, “ਅਸੀਂ ਡੇਢ ਮਹੀਨਾ ਪਹਿਲਾਂ ਹੀ ਕਾਲਜ ਪਹੁੰਚੇ ਸੀ ਅਤੇ ਹੋਸਟਲ ਦੇ ਇੱਕੋ ਕਮਰੇ ਵਿੱਚ ਰਹਿ ਰਹੇ ਸੀ। ਮੈਂ ਉਸਨੂੰ ਪਹਿਲਾਂ ਹੀ ਜਾਣਦਾ ਸੀ ਕਿਉਂਕਿ ਅਸੀਂ ਮਿਲ ਕੇ ਮੈਡੀਕਲ ਦਾਖਲਾ ਪ੍ਰੀਖਿਆ ਦੀ ਤਿਆਰੀ ਕੀਤੀ ਸੀ।” ਮ੍ਰਿਤਕ ਦੇ ਇਕ ਹੋਰ ਰਿਸ਼ਤੇਦਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਖਬਰ ਇਕ ਟੀ.ਵੀ. ਚੈਨਲ ਰਾਹੀਂ ਮਿਲੀ। ਪੋਸਟਮਾਰਟਮ ਤੋਂ ਬਾਅਦ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਸ਼ਰਧਾਂਜਲੀ ਲਈ ਮੈਡੀਕਲ ਕਾਲਜ ਕੈਂਪਸ ਵਿੱਚ ਲਿਆਂਦਾ ਗਿਆ ਜਿੱਥੇ ਸੈਂਕੜੇ ਲੋਕ ਇਕੱਠੇ ਹੋਏ ਅਤੇ ਨਮ ਅੱਖਾਂ ਅਤੇ ਬੇਵੱਸ ਚਿਹਰਿਆਂ ਨਾਲ ਵਿਦਾਈ ਦਿੱਤੀ।
ਹੁਣ ਬਦਾਯੂੰ ਜਾਮਾ ਮਸਜਿਦ ’ਚ ਨੀਲਕੰਠ ਮੰਦਰ ਹੋਣ ਦਾ ਦਾਅਵਾ
NEXT STORY