ਮਨਾਲੀ (ਸੋਨੂੰ)-ਰਵਾਇਤੀ ਕੁੱਲਵੀ ਨਾਟੀ ਮੁਕਾਬਲੇ ਸ਼ੁੱਕਰਵਾਰ ਨੂੰ ਰਾਸ਼ਟਰ ਪੱਧਰ ਕਾਰਨੀਵਾਲ ਦੇ ਦੂਜੇ ਦਿਨ ਮਾਲ ਰੋਡ ’ਚ ਖਿੱਚ ਦਾ ਕੇਂਦਰ ਰਹੇ। ਜੰਗਲਾਤ ਮੰਤਰੀ ਗੋਵਿੰਦ ਠਾਕੁਰ ਨੇ ਨਾਟੀ ਮੁਕਾਬਲਿਆਂ ਨੂੰ ਹਰੀ ਝੰਡੀ ਦਿੱਤੀ। ਇਸ ’ਚ ਨੱਗਰ ਬਲਾਕ ਦੇ ਲੈਫਟ ਬੈਂਕ ਦੇ 44 ਮਹਿਲਾ ਮੰਡਲਾਂ ਦੀਆਂ ਲਗਭਗ 500 ਔਰਤਾਂ ਨੇ ਭਾਗ ਲਿਆ। ਲਗਭਗ ਇਕ ਘੰਟੇ ਤੱਕ ਔਰਤਾਂ ਦੇ ਕਦਮ ਮਾਲ ਰੋਡ ਮਨਾਲੀ ’ਚ ਥਿਰਕਦੇ ਰਹੇ। ਕੁੱਲਵੀ ਪਹਿਰਾਵੇ ’ਚ ਇਕ ਹੀ ਰੰਗ ’ਚ ਸਜੀਆਂ ਇਨ੍ਹਾਂ ਔਰਤਾਂ ਨੇ ਇਕ ਤਾਲ ’ਚ ਨਾਚ ਕਰ ਕੇ ਦਰਸ਼ਕਾਂ ਸਮੇਤ ਸੈਲਾਨੀਆਂ ਦਾ ਮਨ ਮੋਹ ਲਿਆ।
ਕਾਰਨੀਵਾਲ ਦੇ ਦੂਜੇ ਦਿਨ ਪਹਿਲਾ ਰਾਊਂਡ ਆਯੋਜਿਤ ਕੀਤਾ ਗਿਆ, ਜਦਕਿ 5 ਜਨਵਰੀ ਨੂੰ ਦੂਜਾ ਰਾਊਂਡ ਆਯੋਜਿਤ ਕੀਤਾ ਜਾਵੇਗਾ, ਜਿਸ ’ਚ ਨਗਰ ਬਲਾਕ ਦੇ ਰਾਈਟ ਬੈਂਕ ਦੇ ਮਹਿਲਾ ਮੰਡਲ ਭਾਗ ਲੈਣਗੇ। ਅੱਜ ਵੀ ਪਹਿਲੇ ਰਾਊਂਡ ’ਚ ਲਗਭਗ ਇਕ ਘੰਟੇ ਤੱਕ ਚੱਲੇ ਇਸ ਮੁਕਾਬਲੇ ਨੇ ਮਾਲ ਰੋਡ ’ਚ ਖੂਬ ਸਮਾਂ ਬੰਨ੍ਹਿਆ।
ਮੁਕਾਬਲੇ ਦੌਰਾਨ ਕੁੱਲਵੀ ਨਾਟੀ ਜਲਾ, ਹਿਰਨੀ, ਸੋਇਲ, ਸੋਇਲ-2, ਚਕਲਾੜੀ, ਖਖਨਾਲ, ਅਲੇਉ ਬੇਹਦ, ਖੜੀ ਬੇਹੜ, ਕੁਲੰਗ, ਜਗਤਸੁਖ, ਭੜਕਾ, ਤੰਦਲ, ਮਨਸਾਰੀ, ਖਰੋਗੀ, ਨੱਗਰ, ਜਗਤਸੁਖ-2, ਚਿਚੋਗਾ, ਮਠਿਆਨ, ਗੋਜਰਾ, ਭੋਸ਼, ਛੇ ਨਾਲਾ, ਨਸ਼ਾਲਾ, ਸ਼ਮੀਨਾਲਾ, ਝਾਡਾਂਗ ਅਤੇ ਕੁਮਾਰਹੱਟੀ ਮਹਿਲਾ ਮੰਡਲਾਂ ਨੇ ਭਾਗ ਲਿਆ। ਇਸ ਮੁਕਾਬਲੇ ਦੀ ਫਾਈਨਲ ਪੇਸ਼ਕਾਰੀ ਵੀ 6 ਜਨਵਰੀ ਨੂੰ ਪੇਸ਼ ਕੀਤੀ ਜਾਵੇਗੀ।
ਐੱਸ. ਡੀ. ਐੱਮ. ਰਮਨ ਘਰਸੰਗੀ ਨੇ ਕਿਹਾ ਕਿ ਸੈਲਾਨੀਆਂ ਦੇ ਮਨੋਰੰਜਨ ਅਤੇ ਉਨ੍ਹਾਂ ਨੂੰ ਕੁੱਲੂ ਦੇ ਸੱਭਿਆਚਾਰ ਨਾਲ ਰੂ-ਬ-ਰੂ ਕਰਵਾਉਣ ਲਈ ਮਾਲ ਰੋਡ ’ਚ ਅਨੇਕਾਂ ਮੁਕਾਬਲੇ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਰਨੀਵਾਲ ਨੂੰ ਸਾਰਿਆਂ ਦੇ ਸਹਿਯੋਗ ਨਾਲ ਸਫਲ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਰਾਈਟ ਅਤੇ ਲੈਫਟ ਬੈਂਕ ਵਿਚਾਲੇ ਮੁਕਾਬਲਾ ਹੋ ਰਿਹਾ ਹੈ। ਪਹਿਲੇ ਸਥਾਨ ਵਾਲੀ ਟੀਮ ਨੂੰ 1.5 ਲੱਖ ਰੁਪਏ, ਜਦਕਿ ਦੂਜੇ ਸਥਾਨ ਵਾਲੀ ਟੀਮ ਨੂੰ 1 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।
ਜੰਗਲਾਤ ਮੰਤਰੀ ਗੋਵਿੰਦ ਠਾਕੁਰ ਨੇ ਵੀ ਮੁਕਾਬਲੇ ਦੇ ਅੰਤ ’ਚ ਨਾਟੀ ’ਚ ਭਾਗ ਲੈ ਕੇ ਔਰਤਾਂ ਦਾ ਹੌਸਲਾ ਵਧਾਇਆ। ਉਨ੍ਹਾਂ ਸਾਰੀਆਂ ਔਰਤਾਂ ਨੂੰ ਕਾਰਨੀਵਾਲ ਦੀ ਵਧਾਈ ਦਿੱਤੀ।
ਮਹਾਰਾਸ਼ਟਰ : 7ਵੀਂ ਮੰਜ਼ਲ ਤੋਂ ਬਜ਼ੁਰਗ ਔਰਤ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ
NEXT STORY