ਭੁਵਨੇਸ਼ਵਰ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ’ਚ ਉਨ੍ਹਾਂ ਦੀ ਸਰਕਾਰ ਦਾ ਟ੍ਰੈਕ-ਰਿਕਾਰਡ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਸਭ ਤੋਂ ਵਧੀਆ ਹੈ।
ਉਨ੍ਹਾਂ ਇਕ ਬਿਅਾਨ ’ਚ ਕਿਹਾ ਕਿ ਸਪੇਸ, ਸੈਮੀਕੰਡੱਕਟਰ ਵਿਨਿਰਮਾਨ ਤੇ ਇਲੈਕਟ੍ਰਿਕ ਵਹੀਕਲ (ਈ.ਵੀ.) ਵਰਗੇ ਉੱਭਰ ਰਹੇ ਸੈਕਟਰਾਂ ਦੇ ਨਾਲ-ਨਾਲ ਸਟਾਰਟਅੱਪਸ ਨੂੰ ਹਮਾਇਤ, ਬੁਨਿਆਦੀ ਢਾਂਚੇ ’ਤੇ ਕਾਫ਼ੀ ਖਰਚ ਅਤੇ ਪੀ. ਐੱਲ.ਆਈ. ਸਕੀਮਾਂ ਨੇ ਵਧੇਰੇ ਰੋਜ਼ਗਾਰ ਪੈਦਾ ਕਰਨ ਵਿੱਚ ਮਦਦ ਕੀਤੀ ਹੈ।
ਅਰਥਵਿਵਸਥਾ ’ਚ ਲੋੜੀਂਦਾ ਰੁਜ਼ਗਾਰ ਪੈਦਾ ਨਾ ਕਰਨ ਸਬੰਧੀ ਹੋ ਰਹੀਆਂ ਆਲੋਚਨਾਵਾਂ ਦਾ ਜਵਾਬ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੁਨੀਆ ਦੇ ਸਭ ਤੋਂ ਵਧੀਆ ਮੌਕਿਆਂ ਨੂੰ ਭਾਰਤ ਦੇ ਦਰਵਾਜ਼ੇ ’ਤੇ ਲਿਆਉਣ ਲਈ ਇਕ ਵਿਆਪਕ, ਬਹੁ-ਖੇਤਰੀ ਪਹੁੰਚ' ਨਾਲ ਕੰਮ ਕੀਤਾ ਹੈ।
ਵਧੇਰੇ ਰੋਜ਼ਗਾਰ ਪੈਦਾ ਕਰਨ ਦੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਖੇਤਰ ’ਚ ਵੱਡੀ ਗਿਣਤੀ ’ਚ ਭਰਤੀਆਂ ਕੀਤੀਆਂ ਗਈਆਂ ਹਨ। ਸਿਰਫ ਪਿਛਲੇ ਇਕ ਸਾਲ ’ਚ ਹੀ ਕੇਂਦਰ ਸਰਕਾਰ ਦੇ ਦਫ਼ਤਰਾਂ ’ਚ ਭਰਤੀ ਲਈ ਲੱਖਾਂ ਨਿਯੁਕਤੀ ਪੱਤਰ ਦਿੱਤੇ ਗਏ। ਸਰਕਾਰ ਨੇ ਨਿੱਜੀ ਖੇਤਰ ਦੇ ਵਿਕਾਸ ਲਈ ਇਕ ਅਨੁਕੂਲ ਮਾਹੌਲ ਬਣਾਇਆ, ਜਿਸ ਨਾਲ ਉੱਥੇ ਵੀ ਨੌਕਰੀਆਂ ਪੈਦਾ ਹੋਈਆਂ। 10 ਸਾਲਾਂ ਪਹਿਲਾਂ 2014 ’ਚ ਅਸੀਂ ਦੁਨੀਅਾ ’ਚ 134ਵੇਂ ਨੰਬਰ ’ਤੇ ਸੀ। 2024 ’ਚ ਅਸੀਂ 63ਵੇਂ ਨੰਬਰ ’ਤੇ ਅਾ ਗਏ ਹਾਂ। ਕਾਰੋਬਾਰ ਕਰਨ ਦੀ ਦਰਜਾਬੰਦੀ ’ਚ ਅਸੀਂ ਸੁਧਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਜੇ 2017-18 ਤੇ 2022-23 ਵਿਚਕਾਰ ਕਰਮਚਾਰੀ ਪ੍ਰਾਵੀਡੈਂਟ ਫੰਡ ਸੰਗਠਨ ਦੇ ਪੇ-ਰੋਲ ਅੰਕੜਿਆਂ ਦੀ ਤੁਲਨਾ ਕਰੀਏ ਤਾਂ ਨਾਜ਼ਦਗੀਆਂ ਲਗਭਗ 9 ਗੁਣਾ ਵਧ ਗਈਆਂ ਹਨ। ਇਹ ਕੋਈ ਛੋਟੀ ਗਿਣਤੀ ਨਹੀਂ ਹੈ।
ਉਨ੍ਹਾਂ ਸੰਕੇਤ ਦਿੱਤਾ ਕਿ ਨਿੱਜੀ ਖੇਤਰ ਲਈ ਭਾਰਤ ’ਚ ਕਾਰੋਬਾਰ ਕਰਨਾ ਜਿੰਨਾ ਸੌਖਾ ਹੈ, ਓਨਾ ਹੀ ਇਹ ਉਨ੍ਹਾਂ ਨੂੰ ਅੱਗੇ ਵਧਣ ਤੇ ਨੌਕਰੀਆਂ ਪੈਦਾ ਕਰਨ ’ਚ ਮਦਦ ਕਰੇਗਾ। ਸਰਕਾਰ ਭਾਰਤ ਨੂੰ ਨਿਰਮਾਣ ਕੇਂਦਰ ਬਣਾਉਣ ਹਿੱਤ ਵੱਖ-ਵੱਖ ਸੈਕਟਰਾਂ ਲਈ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ ਲੈ ਕੇ ਆਈ ਹੈ।
ਮੋਦੀ ਨੇ ਕਿਹਾ ਕਿ 2014 ’ਚ ਭਾਰਤ ’ਚ ਵਿਕਣ ਵਾਲੇ 78 ਫੀਸਦੀ ਮੋਬਾਈਲ ਫੋਨ ਦਰਾਮਦ ਕੀਤੇ ਜਾਂਦੇ ਸਨ। ਅੱਜ ਭਾਰਤ ’ਚ ਵਿਕਣ ਵਾਲੇ 99 ਫੀਸਦੀ ਤੋਂ ਵੱਧ ਮੋਬਾਈਲ ਫੋਨ ‘ਮੇਡ ਇਨ ਇੰਡੀਆ’ ਹਨ । ਅਸੀਂ ਹੁਣ ਦੁਨੀਆ ਚ ਮੋਬਾਈਲ ਫੋਨਾਂ ਦੇ ਪ੍ਰਮੁੱਖ ਬਰਾਮਦਕਾਰ ਬਣ ਗਏ ਹਾਂ।
ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਸਟਾਰਟਅਪ ਹੱਬ ਵਜੋਂ ਉਭਰਿਅਾ ਹੈ। ਦੇਸ਼ ’ਚ 107 ਯੂਨੀਕੋਰਨ ਤੇ 1.26 ਲੱਖ ਮਾਨਤਾ ਪ੍ਰਾਪਤ ਸਟਾਰਟਅੱਪ ਹਨ, ਜੋ 10 ਲੱਖ ਤੋਂ ਵੱਧ ਨੌਕਰੀਆਂ ਪੈਦਾ ਕਰ ਰਹੇ ਹਨ। 2014 ’ਚ ਸਿਰਫ 350 ਸਟਾਰਟਅੱਪ ਸਨ। ਇਸ ਬਾਰੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਸਟਾਰਟਅੱਪ ਦੀ ਨਵੀਂ ਲਹਿਰ ਟੀਅਰ-2 ਤੇ ਟੀਅਰ-3 ਸ਼ਹਿਰਾਂ ਤੋਂ ਉਭਰ ਰਹੀ ਹੈ। 47 ਫੀਸਦੀ ਸਟਾਰਟਅੱਪ ਉਥੋਂ ਆ ਰਹੇ ਹਨ, ਜਿਸ ਦੇ ਨਤੀਜੇ ਵਜੋਂ ਰੋਜ਼ਗਾਰ ਦੇ ਮੌਕੇ ਕਈ ਗੁਣਾ ਵਧ ਗਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰਥਵਿਵਸਥਾ ਦਾ ਪਸਾਰ ਹੋ ਰਿਹਾ ਹੈ। ਦੇਸ਼ ਪੁਲਾੜ, ਸੈਮੀਕੰਡੱਕਟਰ ਨਿਰਮਾਣ ਤੇ ਇਲੈਕਟ੍ਰਿਕ ਵਾਹਨਾਂ (ਈ. ਵੀ.) ਵਰਗੇ ਨਵੇਂ ਤੇ ਉੱਭਰ ਰਹੇ ਖੇਤਰਾਂ ’ਚ ਉੱਦਮ ਕਰ ਰਿਹਾ ਹੈ। ਰੱਖਿਆ ਉਤਪਾਦਨ, ਤਕਨੀਕੀ ਸ਼ੁਰੂਆਤ ਤੇ ਸਾਈਬਰ ਸੁਰੱਖਿਆ ਸਭ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਨਾਲ ਸਿੱਧੇ ਤੇ ਅਸਿੱਧੇ ਤੌਰ 'ਤੇ ਲੱਖਾਂ ਨੌਕਰੀਆਂ ਪੈਦਾ ਹੋਈਆਂ ਹਨ।
ਮੋਦੀ ਨੇ ਕਿਹਾ ਕਿ ਅਸੀਂ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ’ਚ ਭਾਰੀ ਨਿਵੇਸ਼ ਕਰ ਰਹੇ ਹਾਂ। ਇਸ ਸਾਲ ਦੇ ਬਜਟ ’ਚ ਅਸੀਂ ਪੂੰਜੀ ਖਰਚ ਨੂੰ ਵਧਾ ਕੇ 11.11 ਲੱਖ ਕਰੋੜ ਰੁਪਏ ਕਰ ਦਿੱਤਾ ਹੈ। ਜਿਸ ਰਫਤਾਰ ਤੇ ਪੈਮਾਨੇ ’ਤੇ ਅਸੀਂ ਸੜਕਾਂ, ਹਵਾਈ ਅੱਡੇ, ਰੇਲਵੇ ਲਾਈਨਾਂ ਤੇ ਬੰਦਰਗਾਹਾਂ ਨੂੰ ਬਣਾ ਰਹੇ ਹਾਂ, ਉਹ ਬੇਮਿਸਾਲ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਦਾਅਵਿਆਂ ਦਾ ਸਮਰਥਨ ਕਰਨ ਲਈ ਅੰਕੜਿਆਂ ਦਾ ਹਵਾਲਾ ਦਿੱਤਾ। ਪੀ. ਐੱਫ. ਐੱਲ. ਐੱਸ. (ਪੀਰੀਅਾਡਿਕ ਲੇਬਰ ਫੋਰਸ ਸਰਵੇ) ਦੇ ਅੰਕੜਿਆਂ ਅਨੁਸਾਰ ਬੇਰੋਜ਼ਗਾਰੀ ਦੀ ਦਰ ਅੱਧੀ ਹੋ ਗਈ ਹੈ। ਇਹ 6.1 ਤੋਂ ਘੱਟ ਕੇ 3.2 ਫੀਸਦੀ ਹੋ ਗਈ ਹੈ।
ਕੇਜਰੀਵਾਲ ਦੀ ਜਾਨ ਨੂੰ ਖ਼ਤਰਾ, ਮੋਦੀ ਦੇ ਇਸ਼ਾਰੇ 'ਤੇ ਦਿੱਤੀ ਜਾ ਰਹੀ ਧਮਕੀ : ਸੰਜੇ ਸਿੰਘ
NEXT STORY