ਜਲੰਧਰ, (ਜੁਗਿੰਦਰ ਸੰਧੂ)– ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਨੇ ਜੰਮੂ-ਕਸ਼ਮੀਰ ਦੀ ਧਰਤੀ 'ਤੇ ਪਿਛਲੇ ਦਹਾਕਿਆਂ ਦੌਰਾਨ ਬਹੁਤ ਕਹਿਰ ਵਰਤਾਇਆ ਹੈ। ਇਸ ਕਾਰਨ ਹਜ਼ਾਰਾਂ ਪਰਿਵਾਰ ਪ੍ਰਭਾਵਿਤ ਹੋਏ, ਜਿਨ੍ਹਾਂ ਨਾਲ ਸਬੰਧਤ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ। ਸੂਬੇ ਦੀਆਂ ਅਰਬਾਂ ਦੀਆਂ ਜਾਇਦਾਦਾਂ ਵੀ ਤਬਾਹ ਕਰ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਸਰਹੱਦ ਪਾਰ ਤੋਂ ਦੁਸ਼ਮਣ ਦੇਸ਼ ਦੇ ਸੈਨਿਕਾਂ ਵਲੋਂ ਕੀਤੀ ਜਾਂਦੀ ਗੋਲੀਬਾਰੀ ਨੇ ਵੀ ਭਾਰੀ ਜਾਨੀ-ਮਾਲੀ ਨੁਕਸਾਨ ਕੀਤਾ ਅਤੇ ਪਾਕਿਸਤਾਨ ਦੀ ਇਹ ਘਿਨਾਉਣੀ ਸਾਜ਼ਿਸ਼ ਅਜੇ ਵੀ ਜਾਰੀ ਹੈ।
ਪਾਕਿਸਤਾਨ ਵਲੋਂ ਕੀਤੇ ਜਾਂਦੇ ਦੂਹਰੇ ਹਮਲਿਆਂ ਤੋਂ ਪ੍ਰਭਾਵਿਤ ਹੋਏ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਅਕਤੂਬਰ 1999 'ਚ ਇਕ ਵਿਸ਼ੇਸ਼ ਰਾਹਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਆਦਿ ਨਾਲ ਸਬੰਧਤ ਦਾਨੀ ਸ਼ਖ਼ਸੀਅਤਾਂ, ਸੰਸਥਾਵਾਂ, ਸਿਆਸੀ ਆਗੂਆਂ ਅਤੇ ਸਾਧੂ ਸਮਾਜ ਵਲੋਂ ਰਾਹਤ ਸਮੱਗਰੀ ਵਿਚ ਦਿੱਤੇ ਗਏ ਭਰਪੂਰ ਯੋਗਦਾਨ ਸਦਕਾ ਹੁਣ ਤਕ ਰਾਸ਼ਨ, ਕੱਪੜਿਆਂ, ਰਜਾਈਆਂ ਅਤੇ ਹੋਰ ਘਰੇਲੂ ਸਾਮਾਨ ਦੇ ਸੈਂਕੜੇ ਟਰੱਕ ਅੱਤਵਾਦ ਪੀੜਤਾਂ ਅਤੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਏ ਜਾ ਚੁੱਕੇ ਹਨ। ਰਾਹਤ ਵੰਡ ਟੀਮ ਇਸ ਖੇਤਰ ਵਿਚ ਸੇਵਾ-ਯਤਨਾਂ ਦੇ ਮਕਸਦ ਨਾਲ ਲਗਾਤਾਰ ਸਰਗਰਮ ਹੈ।
ਇਸੇ ਸਿਲਸਿਲੇ ਵਿਚ ਪਿਛਲੇ ਦਿਨੀਂ 500ਵੇਂ ਟਰੱਕ ਦੀ ਰਾਹਤ ਸਮੱਗਰੀ ਆਰ. ਐੱਸ. ਪੁਰਾ ਸੈਕਟਰ ਨਾਲ ਸਬੰਧਤ ਸਰਹੱਦੀ ਪਿੰਡਾਂ ਦੇ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਜਲੰਧਰ ਦੇ ਕਾਂਗਰਸੀ ਨੇਤਾ ਅਤੇ ਬੇਕਰੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਦੇਸ਼ ਵਿੱਜ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਦਿੱਤਾ ਗਿਆ ਸੀ। ਇਨ੍ਹਾਂ ਮੈਂਬਰਾਂ ਵਿਚ ਸ਼੍ਰੀ ਸ਼ਾਮ ਸੁੰਦਰ ਵਿੱਜ, ਪਿਊਸ਼ ਵਿੱਜ, ਮੇਘਾ ਵਿੱਜ ਮਹਿੰਦਰੂ, ਪਰਲ ਮਹਿੰਦਰੂ ਅਤੇ ਚੇਤਨ ਵਿੱਜ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਸਮੱਗਰੀ ਭਿਜਵਾਉਣ ਵਿਚ ਰੌਬਿਨ ਤਲਵਾੜ, ਅਸ਼ਵਨੀ ਢੰਡ, ਵਿੱਕੀ ਢੱਲ ਅਤੇ ਹਰਵਿੰਦਰ ਸਿੰਘ ਬੇਦੀ ਨੇ ਵੀ ਅਹਿਮ ਭੂਮਿਕਾ ਨਿਭਾਈ।
ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਜਲੰਧਰ ਤੋਂ, ਪ੍ਰਭਾਵਿਤ ਖੇਤਰਾਂ ਲਈ, ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿਲੋ ਆਟਾ, 10 ਕਿਲੋ ਚਾਵਲ ਅਤੇ ਇਕ ਪੈਕੇਟ ਘਰੇਲੂ ਸਾਮਾਨ (ਦਾਲਾਂ, ਸਾਬਣ ਕੱਪੜੇ ਧੋਣ ਵਾਲਾ ਅਤੇ ਨਹਾਉਣ ਵਾਲਾ, ਚਾਹ-ਪੱਤੀ ਆਦਿ) ਦਾ ਸ਼ਾਮਲ ਸੀ।
ਟਰੱਕ ਰਵਾਨਾ ਕਰਨ ਸਮੇਂ ਜਲੰਧਰ ਦੇ ਪੁਲਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ, ਏ. ਡੀ. ਸੀ. ਸ. ਕੁਲਵੰਤ ਸਿੰਘ, ਗਿਆਨ ਸਥਲ ਮੰਦਰ ਲੁਧਿਆਣਾ ਦੇ ਜਗਦੀਸ਼ ਬਜਾਜ, ਜ਼ੀਰਾ ਦੇ ਕਾਂਗਰਸੀ ਆਗੂ ਸ. ਸੁਰਿੰਦਰ ਸਿੰਘ ਜੌੜਾ, ਪਟਿਆਲਾ ਤੋਂ ਪੰਜਾਬ ਕੇਸਰੀ ਦਫਤਰ ਦੇ ਇੰਚਾਰਜ ਸ਼੍ਰੀਮਤੀ ਸਤਿੰਦਰ ਕੌਰ ਵਾਲੀਆ ਅਤੇ ਹੋਰ ਪਤਵੰਤੇ ਮੌਜੂਦ ਸਨ।
ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਦੀ ਵੰਡ ਲਈ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜਾਣ ਵਾਲੀ ਟੀਮ ਵਿਚ ਲੁਧਿਆਣਾ ਦੇ ਸ. ਹਰਦਿਆਲ ਸਿੰਘ ਅਮਨ, ਇੰਜੀਨੀਅਰ ਰਾਜੇਸ਼ ਭਗਤ ਅਤੇ ਆਰ. ਐੱਸ. ਪੁਰਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਮੁਕੇਸ਼ ਵੀ ਸ਼ਾਮਲ ਸਨ।
ਰਾਹੁਲ ਨੇ ਅਜਮੇਰ ਸ਼ਰੀਫ ਲਈ ਪੇਸ਼ ਕੀਤੀ ਚਾਦਰ
NEXT STORY