ਨਵੀਂ ਦਿੱਲੀ - ਆਨਲਾਈਨ ਗੇਮਿੰਗ ਹੁਣ ਬੱਚਿਆਂ ਦੀ ਮਾਸੂਮ ਦੁਨੀਆ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਮਨੋਰੰਜਨ ਦੇ ਨਾਂ ’ਤੇ ਸ਼ੁਰੂ ਹੋਣ ਵਾਲਾ ਇਹ ਸ਼ੌਂਕ ਕਦੋਂ ਆਦਤ ਬਣ ਜਾਂਦਾ ਹੈ, ਬੱਚਿਆਂ ਅਤੇ ਮਾਪਿਆਂ ਨੂੰ ਪਤਾ ਹੀ ਨਹੀਂ ਲੱਗਦਾ। ਘੰਟਿਆਂਬੱਧੀ ਮੋਬਾਈਲ ਜਾਂ ਕੰਪਿਊਟਰ ਸਕ੍ਰੀਨ ਨਾਲ ਚਿਪਕੇ ਰਹਿਣਾ ਆਮ ਗੱਲ ਹੋ ਗਈ ਹੈ ਪਰ ਹੁਣ ਇਸ ਡਿਜੀਟਲ ਦੁਨੀਆ ’ਚ ਇਕ ਹੋਰ ਖ਼ਤਰਨਾਕ ਸਾਜ਼ਿਸ਼ ਸਿਰ ਚੁੱਕ ਰਹੀ ਹੈ। ਦਰਅਸਲ, ਅੱਤਵਾਦੀ ਸੰਗਠਨ ਗੇਮਿੰਗ ਪਲੇਟਫਾਰਮਾਂ ਰਾਹੀਂ ਬੱਚਿਆਂ ਨੂੰ ਆਪਣੇ ਜਾਲ ’ਚ ਫਸਾ ਰਹੇ ਹਨ। ਹਾਲਾਤ ਇੰਨੇ ਗੰਭੀਰ ਦੱਸੇ ਜਾ ਰਹੇ ਹਨ ਕਿ ਮਾਪੇ ਇਸ ਗੱਲ ਤੋਂ ਅਣਜਾਣ ਹਨ ਕਿ ਉਨ੍ਹਾਂ ਦੇ ਮਾਸੂਮਾਂ ਦੇ ਬੈੱਡਰੂਮ ਅੱਤਵਾਦ ਦੇ ਸਕੂਲ ਬਣਦੇ ਜਾ ਰਹੇ ਹਨ। ਇਹ ਟ੍ਰੈਂਡ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਦੁਨੀਆ ਭਰ ਦੀਆਂ ਸੁਰੱਖਿਆ ਏਜੰਸੀਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ।
ਗੇਮਿੰਗ ਦੀ ਆੜ ’ਚ ਖ਼ਤਰਨਾਕ ਦੋਸਤੀ
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਗੇਮਿੰਗ ਪਲੇਟਫਾਰਮਾਂ ’ਤੇ ਪਹਿਲਾਂ ਕਰੀਬ 11 ਤੋਂ 17 ਸਾਲ ਦੇ ਬੱਚਿਆਂ ਨਾਲ ਦੋਸਤੀ ਕੀਤੀ ਜਾਂਦੀ ਹੈ। ਚੈਟ ਅਤੇ ਗੇਮ ਗਰੁੱਪਾਂ ਰਾਹੀਂ ਭਰੋਸਾ ਬਣਾਇਆ ਜਾਂਦਾ ਹੈ ਅਤੇ ਫਿਰ ਹੌਲੀ-ਹੌਲੀ ਉਨ੍ਹਾਂ ਨੂੰ ਹਿੰਸਕ ਵਿਚਾਰਧਾਰਾਵਾਂ ਅਤੇ ਕੱਟੜਪੰਥੀ ਸੋਚ ਵੱਲ ਮੋੜਿਆ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਡਿਜੀਟਲ ਪੀੜ੍ਹੀ ਦੇ ਬੱਚੇ ਸੋਸ਼ਲ ਮੀਡੀਆ ਅਤੇ ਆਨਲਾਈਨ ਪਲੇਟਫਾਰਮਾਂ ’ਤੇ ਜ਼ਿਆਦਾ ਸਰਗਰਮ ਰਹਿੰਦੇ ਹਨ, ਇਸ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਆਸਾਨ ਹੋ ਗਿਆ ਹੈ।
ਚੈਟ ਫੀਚਰ ਅਤੇ ਨਿੱਜੀ ਸਰਵਰ ਬਣ ਰਹੇ ਹਥਿਆਰ
ਦੁਨੀਆ ਭਰ ਦੀਆਂ ਸੁਰੱਖਿਆ ਏਜੰਸੀਆਂ ਅਤੇ ਖੋਜ ਸੰਸਥਾਵਾਂ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਕਈ ਪ੍ਰਸਿੱਧ ਗੇਮਾਂ ਵਿਚ ਮੌਜੂਦ ਨਿੱਜੀ ਸਰਵਰਾਂ ਅਤੇ ਚੈਟ ਫੀਚਰਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਰਾਹੀਂ ਹੀ ਬੱਚਿਆਂ ਨਾਲ ਸੰਪਰਕ ਬਣਾਇਆ ਜਾਂਦਾ ਹੈ ਅਤੇ ਫਿਰ ਉਨ੍ਹਾਂ ਨੂੰ ਵੱਖ-ਵੱਖ ਆਨਲਾਈਨ ਗਰੁੱਪਾਂ ਅਤੇ ਕਲੋਜ਼ ਕਮਿਊਨਿਟੀ ’ਚ ਜੋੜਿਆ ਜਾਂਦਾ ਹੈ। ਇਨ੍ਹਾਂ ਨੈੱਟਵਰਕਾਂ ’ਚ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਪ੍ਰਭਾਵਿਤ ਕਰਨ ਲਈ ਖ਼ਾਸ ਰਣਨੀਤੀ ਅਪਣਾਈ ਜਾਂਦੀ ਹੈ।
ਹਿੰਸਾ ਦਾ ਸਿਮੂਲੇਸ਼ਨ, ਸੋਚ ਦਾ ਜ਼ਹਿਰ
ਰਿਪੋਰਟਾਂ ਅਨੁਸਾਰ, ਕੁਝ ਗੇਮਿੰਗ ਪਲੇਟਫਾਰਮਾਂ ’ਤੇ ਅਜਿਹੇ ਡਿਜੀਟਲ ਵਰਲਡ ਬਣਾਏ ਗਏ ਹਨ, ਜਿੱਥੇ ਹਿੰਸਾ ਅਤੇ ਅੱਤਵਾਦੀ ਹਮਲਿਆਂ ਦਾ ਸਿਮੂਲੇਸ਼ਨ ਭਾਵ ਵਰਚੁਅਲ ਮਾਡਲ ਦਿਖਾਇਆ ਜਾਂਦਾ ਹੈ। ਬੱਚੇ ਇਸ ਨੂੰ ਸਿਰਫ਼ ਗੇਮ ਸਮਝ ਕੇ ਹਿੱਸਾ ਲੈਂਦੇ ਹਨ, ਪਰ ਹੌਲੀ-ਹੌਲੀ ਇਹ ਅਨੁਭਵ ਉਨ੍ਹਾਂ ਨੂੰ ਹਿੰਸਕ ਸੋਚ ਵੱਲ ਧੱਕ ਸਕਦਾ ਹੈ। ਕਈ ਮਾਮਲਿਆਂ ਵਿਚ ਬੱਚਿਆਂ ਨੂੰ ਆਨਲਾਈਨ ਬਲੈਕਮੇਲ ਕਰਨ ਅਤੇ ਗਲਤ ਗਤੀਵਿਧੀਆਂ ’ਚ ਸ਼ਾਮਲ ਕਰਨ ਦੀ ਕੋਸ਼ਿਸ਼ ਵੀ ਸਾਹਮਣੇ ਆਈ ਹੈ।
ਇਸ ਤਰ੍ਹਾਂ ਹੁੰਦਾ ਹੈ ਬ੍ਰੇਨਵਾਸ਼
ਸ਼ੁਰੂਆਤ ’ਚ ਬੱਚਿਆਂ ਨਾਲ ਆਮ ਦੋਸਤੀ ਕੀਤੀ ਜਾਂਦੀ ਹੈ। ਗੇਮ ਖੇਡਣ ਦੌਰਾਨ ਉਨ੍ਹਾਂ ਨੂੰ ਚੈਟ ਜਾਂ ਗਰੁੱਪ ’ਚ ਜੋੜਿਆ ਜਾਂਦਾ ਹੈ। ਇਸ ਤੋਂ ਬਾਅਦ ਖ਼ਾਸ ਸਮੱਗਰੀ ਦਿਖਾਈ ਜਾਂਦੀ ਹੈ ਅਤੇ ਫਿਰ ਨਿੱਜੀ ਸਰਵਰ ਜਾਂ ਵੱਖਰੇ ਚੈਟ ਚੈਨਲ ਵਿਚ ਲਿਜਾਇਆ ਜਾਂਦਾ ਹੈ, ਜਿੱਥੇ ਕੱਟੜਪੰਥੀ ਵਿਚਾਰਧਾਰਾ ਫੈਲਾਉਣ ਦਾ ਕੰਮ ਹੁੰਦਾ ਹੈ। ਬੱਚਿਆਂ ਨੂੰ ਇਹ ਸਭ ਆਮ ਗੱਲਬਾਤ ਜਾਂ ਗੇਮਿੰਗ ਗਤੀਵਿਧੀ ਲੱਗਦੀ ਹੈ, ਪਰ ਇਸੇ ਪ੍ਰਕਿਰਿਆ ਵਿਚ ਉਨ੍ਹਾਂ ਦਾ ਹੌਲੀ-ਹੌਲੀ ਬ੍ਰੇਨਵਾਸ਼ ਕੀਤਾ ਜਾਂਦਾ ਹੈ।
ਮਾਪੇ ਬੱਚਿਆਂ ਨੂੰ ਕਿਵੇਂ ਬਚਾਉਣ
ਮਾਹਿਰਾਂ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਬੱਚਿਆਂ ਦੀਆਂ ਆਨਲਾਈਨ ਗਤੀਵਿਧੀਆਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ। ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨਾ, ਗੇਮਿੰਗ ਦਾ ਸਮਾਂ ਸੀਮਤ ਕਰਨਾ ਅਤੇ ਪੈਰੇਂਟਲ ਕੰਟਰੋਲ ਦੀ ਵਰਤੋਂ ਕਰਨਾ ਬੇਹੱਦ ਜ਼ਰੂਰੀ ਹੈ। ਨਾਲ ਹੀ ਬੱਚਿਆਂ ਨੂੰ ਆਨਲਾਈਨ ਖ਼ਤਰਿਆਂ ਅਤੇ ਸਾਈਬਰ ਸੁਰੱਖਿਆ ਬਾਰੇ ਜਾਗਰੂਕ ਕਰਨਾ ਵੀ ਜ਼ਰੂਰੀ ਹੈ। ਮਾਹਿਰ ਮੰਨਦੇ ਹਨ ਕਿ ਬੱਚਿਆਂ ਨਾਲ ਭਰੋਸੇਮੰਦ ਸੰਵਾਦ ਹੀ ਸਭ ਤੋਂ ਮਜ਼ਬੂਤ ਸੁਰੱਖਿਆ ਕਵਚ ਹੈ।
ਕਿਉਂ ਵਧ ਰਿਹਾ ਹੈ ਇਹ ਖ਼ਤਰਾ?
ਡਿਜੀਟਲ ਯੁੱਗ ਵਿਚ ਬੱਚਿਆਂ ਦਾ ਇਕੱਲਾਪਣ ਅਤੇ ਆਨਲਾਈਨ ਪਲੇਟਫਾਰਮਾਂ ’ਤੇ ਵਧਦਾ ਸਮਾਂ ਇਸ ਖ਼ਤਰੇ ਨੂੰ ਹੋਰ ਵਧਾ ਰਿਹਾ ਹੈ। ਕੱਟੜਪੰਥੀ ਸੰਗਠਨ ਨਵੀਂ ਤਕਨੀਕ ਦੀ ਵਰਤੋਂ ਕਰ ਕੇ ਨੌਜਵਾਨਾਂ ਤੱਕ ਤੇਜ਼ੀ ਨਾਲ ਪਹੁੰਚ ਬਣਾ ਰਹੇ ਹਨ। ਸਰਕਾਰ ਅਤੇ ਟੈੱਕ ਕੰਪਨੀਆਂ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਜਾਗਰੂਕਤਾ ਹੀ ਇਸ ਲੜਾਈ ਦਾ ਸਭ ਤੋਂ ਵੱਡਾ ਹਥਿਆਰ ਮੰਨੀ ਜਾ ਰਹੀ ਹੈ।
ਹਥਿਆਰ ਬਣਾਉਣ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ!
ਕੁਝ ਮਾਮਲਿਆਂ ਵਿਚ ਬੱਚਿਆਂ ਨੂੰ ਹਿੰਸਕ ਹਮਲਿਆਂ ਨਾਲ ਜੁੜੇ ਡਿਜੀਟਲ ਸਿਮੂਲੇਸ਼ਨ ਦਿਖਾਏ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਆਨਲਾਈਨ ਗਾਈਡ ਅਤੇ ਵੀਡੀਓ ਰਾਹੀਂ ਧਮਾਕਾਖੇਜ਼ ਸਮੱਗਰੀ ਅਤੇ ਹਥਿਆਰ ਬਣਾਉਣ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਵਾਰ ਇਹ ਜਾਣਕਾਰੀ ਗੇਮ ਦੇ ਮਿਸ਼ਨ ਜਾਂ ਸਟੋਰੀ ਦੇ ਰੂਪ ਵਿਚ ਛੁਪਾ ਕੇ ਦਿੱਤੀ ਜਾਂਦੀ ਹੈ, ਜਿਸ ਨਾਲ ਬੱਚੇ ਆਸਾਨੀ ਨਾਲ ਪ੍ਰਭਾਵਿਤ ਹੋ ਜਾਂਦੇ ਹਨ।
ਦੇਵਗੁਰੂ ਬ੍ਰਹਿਸਪਤੀ ਦੀਆਂ ਚਹੇਤੀਆਂ ਹਨ ਇਹ 3 ਰਾਸ਼ੀਆਂ; ਜੀਵਨ 'ਚ ਕਦੇ ਨਹੀਂ ਹੁੰਦੀ ਧਨ-ਦੌਲਤ ਦੀ ਕਮੀ
NEXT STORY