ਜਲੰਧਰ (ਧਵਨ) — ਪੰਜਾਬ ਦੇ ਸਥਾਨਕ ਅਦਾਰਿਆਂ ਬਾਰੇ ਵਿਭਾਗ ਦੇ ਡਾਇਰੈਕਟਰ ਕਰੁਣੇਸ਼ ਸ਼ਰਮਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਤਹਿਤ ਭਾਰਤ ਸਰਕਾਰ ਨੇ ਪੰਜਾਬ ਨੂੰ 65000 ਲਾਭ ਲੈਣ ਵਾਲਿਆਂ ਲਈ 150 ਕਰੋੜ ਰੁਪਏ ਦੀ ਰਕ਼ਮ ਜਾਰੀ ਕੀਤੀ ਹੈ, ਜਿਸ ’ਚੋਂ ਪੰਜਾਬ ਸਰਕਾਰ ਨੇ 127 ਕਰੋੜ ਰੁਪਏ ਅੱਗੇ ਸਥਾਨਕ ਅਦਾਰਿਆਂ ਨੂੰ ਜਾਰੀ ਵੀ ਕਰ ਦਿੱਤੇ ਹਨ।
ਉਨ੍ਹਾਂ ਅੱਜ ਸਪੱਸ਼ਟ ਕੀਤਾ ਕਿ ਭਾਰਤ ਸਰਕਾਰ ਤੋਂ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਤਹਿਤ 30 ਕਰੋੜ ਰੁਪਏ ਦੀ ਹੋਰ ਰਕਮ ਵੀ ਮਿਲ ਚੁੱਕੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਤਹਿਤ ਵੱਧ ਤੋਂ ਵੱਧ ਗਰੀਬਾਂ ਨੂੰ ਜੋੜਨ ਦੀਆਂ ਹਦਾਇਤਾਂ ਦਿੱਤੀਆਂ ਹਨ। ਦੱਸਣਯੋਗ ਹੈ ਕਿ ਪਹਿਲਾਂ ਇਸ ਯੋਜਨਾ ਦੇ ਤਹਿਤ ਜ਼ਿੰਮੇਵਾਰੀ ਰਾਜ ਸਰਕਾਰ ਨੇ ਪੁੱਡਾ ਦੇ ਹਵਾਲੇ ਕੀਤੀ ਹੋਈ ਸੀ ਪਰ ਇਕ ਸਾਲ ਪਹਿਲਾਂ ਇਹ ਜ਼ਿੰਮੇਵਾਰੀ ਪੁੱਡਾ ਤੋਂ ਲੈ ਕੇ ਸਥਾਨਕ ਅਦਾਰਿਆਂ ਬਾਰੇ ਵਿਭਾਗ ਦੇ ਹਵਾਲੇ ਕਰ ਦਿੱਤਾ ਸੀ ਤਾਂ ਕਿ ਗ਼ਰੀਬ ਲੋਕਾਂ ਨੂੰ ਰਿਹਾਇਸ਼ ਮੁਹੱਈਆ ਕਰਾਉਣ ਦੇ ਕੰਮ ’ਚ ਤੇਜ਼ੀ ਲਿਆਂਦੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ 30 ਕਰੋੜ ਰੁਪਏ ਦੀ ਜਿਹੜੀ ਹੋਰ ਰਕਮ ਜਾਰੀ ਕੀਤੀ ਗਈ ਹੈ, ਉਸ ਨਾਲ ਇਸ ਯੋਜਨਾ ਦਾ ਲਾਭ ਲੈਣ ਵਾਲੇ ਹੋਰ 10000 ਵਿਅਕਤੀਆਂ ਲਈ ਮਕਾਨਾਂ ਦੀ ਉਸਾਰੀ ਦਾ ਕੰਮ ਕੀਤਾ ਜਾਵੇਗਾ।
ਕਰੁਣੇਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲਾਭ ਪ੍ਰਾਪਤ ਕਰਨ ਵਾਲੇ 10000 ਹੋਰ ਵਿਅਕਤੀਅਾਂ ਲਈ ਡੀ.ਪੀ.ਆਰ. ਤਿਆਰ ਕਰ ਕੇ ਭਾਰਤ ਸਰਕਾਰ ਨੂੰ ਭੇਜ ਦਿੱਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਲਾਭ ਪ੍ਰਾਪਤ ਕਰਨ ਵਾਲੇ ਜਿਨ੍ਹਾਂ 45000 ਵਿਅਕਤੀਆਂ ਦੀ ਪਹਿਲਾਂ ਪਛਾਣ ਕੀਤੀ ਗਈ ਸੀ, ਉਨ੍ਹਾਂ ’ਚੋਂ 27000 ਵਿਅਕਤੀਆਂ ਨੂੰ ਯੋਗ ਪਾਇਆ ਗਿਆ ਹੈ ਅਤੇ ਇਨ੍ਹਾਂ ’ਚੋਂ 23000 ਦੇ ਨਕਸ਼ੇ ਵੀ ਪਾਸ ਕਰ ਦਿੱਤੇ ਗਏ ਹਨ । 12000 ਵਿਅਕਤੀਆਂ ਦੇ ਮਕਾਨਾਂ ਦੀ ਉਸਾਰੀ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਭ ਲੈਣ ਵਾਲੇ ਜਿਨ੍ਹਾਂ ਨਵੇਂ 10000 ਵਿਅਕਤੀਆਂ ਦੀ ਪਛਾਣ ਕੀਤੀ ਗਈ ਸੀ, ਉਨ੍ਹਾਂ ਦੇ ਮਕਾਨਾਂ ਦੀ ਉਸਾਰੀ ਲਈ ਪਹਿਲੀ ਕਿਸ਼ਤ ਸਰਕਾਰ ਨੇ ਜਾਰੀ ਕਰ ਦਿੱਤੀ ਹੈ। 6100 ਹੋਰਨਾਂ ਦੀ ਦੂਜੀ ਕਿਸ਼ਤ ਅਤੇ 1200 ਹੋਰਨਾਂ ਦੀ ਤੀਜੀ ਕਿਸ਼ਤ ਵੀ ਜਾਰੀ ਕੀਤੀ ਜਾ ਚੁੱਕੀ ਹੈ ਤਾਂ ਕਿ ਉਸਾਰੀ ਕੰਮ ’ਚ ਕੋਈ ਰੁਕਾਵਟ ਨਾ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਇਸ ਯੋਜਨਾ ਦਾ ਪੂਰਾ ਫ਼ਾਇਦਾ ਪੰਜਾਬ ਸਰਕਾਰ ਵੱਲੋਂ ਲਿਆ ਜਾ ਰਿਹਾ ਹੈ ਅਤੇ ਪੂਰੀ ਫੁਰਤੀ ਨਾਲ ਇਹ ਕੰਮ ਚੱਲ ਰਿਹਾ ਹੈ । ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਯੋਜਨਾ ਦੇ ਤਹਿਤ ਆਉਣ ਵਾਲੇ ਸਮੇਂ ’ਚ ਹੋਰ ਲਾਭ ਲੈਣ ਵਾਲਿਆਂ ਦਾ ਪਤਾ ਲਾਇਆ ਜਾਵੇਗਾ ਤਾਂ ਕਿ ਉਹ ਇਸ ਯੋਜਨਾ ਤਹਿਤ ਲਿਆਂਦੇ ਜਾ ਸਕਣ ਅਤੇ ਬੇਘਰੇ ਲੋਕਾਂ ਨੂੰ ਰਿਹਾਇਸ਼ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕੇ।
ਆਮ ਆਦਮੀ ਪਾਰਟੀ ਮਨਾਏਗੀ ਧੋਖਾ ਦਿਵਸ
NEXT STORY