ਨਵੀਂ ਦਿੱਲੀ- ਲਖੀਮਪੁਰ ਖੀਰੀ ਹਿੰਸਾ ਮਾਮਲੇ ਨੂੰ ਲੈ ਕੇ ਜੇਲ੍ਹ ’ਚ ਬੰਦ ਆਸ਼ੀਸ਼ ਮਿਸ਼ਰਾ ਦੇ ਪਿਤਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੱਤਰਕਾਰਾਂ ਨੂੰ ਗਾਲ੍ਹਾਂ ਕੱਢਣ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਦਰਅਸਲ ਇਕ ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ, ਇਕ ਪੱਤਰਕਾਰ ਵਲੋਂ ਉਨ੍ਹਾਂ ਦੇ ਪੁੱਤਰ ਆਸ਼ੀਸ਼ ਮਿਸ਼ਰਾ ਵਿਰੁੱਧ ਨਵੇਂ ਦੋਸ਼ਾਂ ਦੀ ਸਿਫ਼ਾਰਿਸ਼ ਕਰਨ ਵਾਲੀ ਜਾਂਚ ਰਿਪੋਰਟ ਬਾਰੇ ਪੁੱਛੇ ਜਾਣ ’ਤੇ ਕੇਂਦਰੀ ਮੰਤਰੀ ਚੀਕਦੇ ਹੋਏ ਦਿਖਾਈ ਦਿੰਦੇ ਹਨ ਅਤੇ ਕਹਿੰਦੇ ਹਨ,‘‘ਅਜਿਹੇ ਸਵਾਲ ਨਾ ਪੁੱਛੋ। ਦਿਮਾਗ਼ ਖ਼ਰਾਬ ਹੋ ਕੀ?’’ ਇੰਨਾ ਹੀ ਨਹੀਂ ਅਜੇ ਮਿਸ਼ਰਾ ਨੇ ਇਕ ਹੋਰ ਰਿਪੋਰਟਰ ’ਤੇ ਤੰਜ ਕੱਸਦੇ ਹੋਏ ਉਸ ਦਾ ਮਾਈਕ ਖੋਹ ਲਿਆ ਅਤੇ ਗੁੱਸੇ ’ਚ ਪੱਤਰਕਾਰ ਨੂੰ ਕਿਹਾ ਕਿ ‘ਮਾਈਕ ਬੰਦ ਕਰੋ ਬੇ।’’ ਵੀਡੀਓ ’ਚ ਮਿਸ਼ਰਾ ਅਪਸ਼ਬਦਾਂ ਦੀ ਵਰਤੋਂ ਕਰਦੇ ਹੋਏ ਪੱਤਰਕਾਰਾਂ ਨੂੰ ਚੋਰ ਕਹਿ ਰਹੇ ਹਨ।
ਦੱਸਣਯੋਗ ਹੈ ਕਿ ਇਹ ਵੀਡੀਓ ਉਸ ਸਮੇਂ ਦਾ ਹੈ, ਜਦੋਂ ਮਿਸ਼ਰਾ ਲਖੀਮਪੁਰ ਖੀਰੀ ’ਚ ਇਕ ਆਕਸੀਜਨ ਪਲਾਂਟ ਦਾ ਉਦਘਾਟਨ ਕਰਨ ਪਹੁੰਚੇ ਸਨ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਐੱਸ.ਆਈ.ਟੀ. ਨੇ ਲਖੀਮਪੁਰ ’ਚ ਹੋਈ ਹਿੰਸਾ ਨੂੰ ਸੋਚੀ ਸਮਝੀ ਸਾਜਿਸ਼ ਦੱਸਿਆ ਸੀ। ਐੱਸ.ਆਈ.ਟੀ. ਦੇ ਜਾਂਚ ਅਧਿਕਾਰੀ ਨੇ ਦੋਸ਼ੀਆਂ ਵਿਰੁੱਧ ਧਾਰਾਵਾਂ ਵਧਾਉਣ ਲਈ ਕੋਰਟ ’ਚ ਅਰਜ਼ੀ ਦਿੱਤੀ ਹੈ। ਕੋਰਟ ਨੇ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਸਮੇਤ 14 ਦੋਸ਼ੀਆਂ ਨੂੰ ਕੋਰਟ ’ਚ ਤਲਬ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਕੋਰਟ ਐੱਸ.ਆਈ.ਟੀ. ਨੂੰ ਇਸ ਮਾਮਲੇ ’ਚ ਧਾਰਾਵਾਂ ਵਧਾਉਣ ਦੀ ਮਨਜ਼ੂਰੀ ਦੇ ਸਕਦਾ ਹੈ। ਇਸ ਤੋਂ ਬਾਅਦ ਮੰਤਰੀ ਦੇ ਪੁੱਤਰ ਸਮੇਤ ਬਾਕੀ ਦੋਸ਼ੀਆਂ ’ਤੇ ਕਤਲ ਅਤੇ ਅਪਰਾਧਕ ਸਾਜਿਸ਼ ਦਾ ਮੁਕੱਦਮਾ ਚੱਲੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਆਂਧਰਾ ਪ੍ਰਦੇਸ਼ ’ਚ ਯਾਤਰੀਆਂ ਨਾਲ ਭਰੀ ਬੱਸ ਨਹਿਰ ’ਚ ਡਿੱਗੀ, 8 ਲੋਕਾਂ ਦੀ ਮੌਤ
NEXT STORY