ਜੰਮੂ, (ਸੰਜੀਵ)- ਸ਼੍ਰੀ ਅਮਰਨਾਥ ਯਾਤਰਾ ’ਚ ਐਤਵਾਰ ਨੂੰ ਜੰਮੂ ਸਥਿਤ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਮੀਂਹ ਦੇ ਵਿਚ ਕੜੀ ਸੁਰੱਖਿਆ ਵਿਵਸਥਾ ’ਚ ‘ਹਰ ਹਰ ਮਹਾਦੇਵ’ ਦੇ ਜੈਕਾਰੇ ਲਾਉਂਦੇ 6684 ਸ਼ਿਵ ਭਗਤਾਂ ਦਾ 14ਵਾਂ ਜਥਾ ਰਵਾਨਾ ਹੋਇਆ। ਪਹਲਗਾਮ ਬੇਸ ਕੈਂਪ ਲਈ 3686 ਅਤੇ ਬਾਲਟਾਲ ਬੇਸ ਕੈਂਪ ਲਈ 2998 ਤੀਰਥ ਯਾਤਰੀ 241 ਛੋਟੇ-ਵੱਡੇ ਵਾਹਨਾਂ ’ਚ ਰਵਾਨਾ ਹੋਏ। ਬਾਲਟਾਲ ਰਵਾਨਾ ਕੀਤੇ ਗਏ ਤੀਰਥ ਯਾਤਰੀਆਂ ’ਚ 1764 ਪੁਰਸ਼, 1195 ਔਰਤਾਂ, 32 ਬੱਚੇ ਅਤੇ 7 ਸਾਧੂ ਸ਼ਾਮਲ ਸਨ। ਉੱਥੇ ਹੀ, ਪਹਿਲਗਾਮ ਬੇਸ ਕੈਂਪ ਲਈ ਰਵਾਨਾ ਹੋਏ ਤੀਰਥ ਯਾਤਰੀਆਂ ’ਚ 2734 ਪੁਰਸ਼, 796 ਔਰਤਾਂ, 2 ਬੱਚੇ, 133 ਸਾਧੂ ਅਤੇ 21 ਸਾਧਵੀਆਂ ਸ਼ਾਮਲ ਸਨ।
‘ਬਮ-ਬਮ ਭੋਲ਼ੇ’ ਅਤੇ ‘ਹਰ ਹਰ ਮਹਾਦੇਵ’ ਦੇ ਜੈਕਾਰੇ ਲਾਉਂਦੇ ਹੋਏ ਬਾਬਾ ਬਰਫਾਨੀ ਦੇ ਭਗਤ ਦੇਰ ਸ਼ਾਮ ਨੂੰ ਪਹਿਲਗਾਮ ਅਤੇ ਬਾਲਟਾਲ ਬੇਸ ਕੈਂਪਾਂ ’ਚ ਪਹੁੰਚ ਗਏ।
ਖ਼ਰਾਬ ਮੌਸਮ ਕਾਰਨ ਪਹਿਲਗਾਮ ਅਤੇ ਬਾਲਟਾਲ ਤੋਂ ਰੋਕੀ ਅਮਰਨਾਥ ਯਾਤਰਾ
ਖ਼ਰਾਬ ਮੌਸਮ ਦੀ ਵਜ੍ਹਾ ਨਾਲ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਅਤੇ ਪ੍ਰਸ਼ਾਸਨ ਨੇ ਐਤਵਾਰ ਨੂੰ ਪਹਿਲਗਾਮ ਅਤੇ ਬਾਲਟਾਲ ਬੇਸ ਕੈਂਪਾਂ ਤੋਂ ਤੀਰਥ ਯਾਤਰੀਆਂ ਨੂੰ ਪਵਿੱਤਰ ਗੁਫਾ ਦੀ ਵੱਲ ਅੱਗੇ ਵਧਣ ਦੀ ਆਗਿਆ ਨਹੀਂ ਦਿੱਤੀ। ਯਾਤਰਾ ਮਾਰਗ ’ਤੇ ਸਾਧਾਰਣ ਤੋਂ ਭਾਰੀ ਮੀਂਹ ਪੈਣ ਕਾਰਨ ਅਤੇ ਯਾਤਰਾ ਮਾਰਗ ’ਤੇ ਤਿਲਕਣ ਵਧਣ ’ਤੇ ਯਾਤਰੀਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਅਜਿਹਾ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ 1 ਜੁਲਾਈ ਨੂੰ ਸ਼ੁਰੂ ਹੋਈ ਸ਼੍ਰੀ ਅਮਰਨਾਥ ਯਾਤਰਾ ’ਚ ਹੁਣ ਤੱਕ 2.10 ਲੱਖ ਤੋਂ ਵੱਧ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ।
ਸੰਗਮ ਖੇਤਰ ’ਚ ਮਹਿਲਾ ਸ਼ਰਧਾਲੂ ਦੀ ਮੌਤ, 2 ਸੁਰੱਖਿਆ ਕਰਮਚਾਰੀ ਜ਼ਖ਼ਮੀ
ਸ਼੍ਰੀ ਅਮਰਨਾਥ ਯਾਤਰਾ ਦੌਰਾਨ ਸੰਗਮ ਟਾਪ ਖੇਤਰ ’ਚ ਪਹਾੜ ਤੋਂ ਪੱਥਰ ਡਿੱਗਣ ਨਾਲ 53 ਸਾਲਾ ਮਹਿਲਾ ਸ਼ਰਧਾਲੂ ਉਰਮਿਲਾ ਬੇਨ ਦੀ ਮੌਤ ਹੋ ਗਈ। ਉੱਥੇ ਹੀ ਮਾਊਂਟੇਨ ਰੈਸਕਿਊ ਟੀਮ ਦੇ ਦੋ ਮੈਂਬਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਸ਼ਨੀਵਾਰ ਨੂੰ ਵਾਪਰਿਆ। ਜ਼ਖ਼ਮੀਆਂ ਦੀ ਪਛਾਣ ਮੁਹੰਮਦ ਸਲੀਮ ਅਤੇ ਮੁਹੰਮਦ ਯਾਸੀਨ ਦੇ ਰੂਪ ’ਚ ਹੋਈ ਹੈ।
ਬਾਲਟਾਲ ’ਚ ਖੱਡ ’ਚ ਡਿਗਾ ਸੀ. ਆਰ. ਪੀ. ਐੱਫ. ਦਾ ਵਾਹਨ, 8 ਜਵਾਨ ਜ਼ਖ਼ਮੀ
ਸ਼੍ਰੀ ਅਮਰਨਾਥ ਯਾਤਰਾ ’ਤੇ ਜਾ ਰਹੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਦਾ ਵਾਹਨ ਐਤਵਾਰ ਸਵੇਰੇ ਡੂੰਘੀ ਖੱਡ (ਨਾਲੇ) ’ਚ ਡਿਗ ਗਿਆ, ਜਿਸ ਨਾਲ ਵਾਹਨ ’ਚ ਸਵਾਰ 8 ਜਵਾਨ ਜ਼ਖ਼ਮੀ ਹੋ ਗਏ।
ਇਹ ਹਾਦਸਾ ਕਸ਼ਮੀਰ ਦੇ ਗਾਂਦਰਬਲ ਜ਼ਿਲੇ ’ਚ ਬਾਲਟਾਲ ਦੇ ਨੀਲਗ੍ਰਾਥ ਇਲਾਕੇ ’ਚ ਹੋਇਆ। 8 ’ਚੋਂ 3 ਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਹੀ 5 ਹੋਰਨਾਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ। ਇਹ ਜਵਾਨ ਕੈਜ਼ੂਅਲ ਲੀਵ ਲੈ ਕੇ ਸ਼੍ਰੀ ਅਮਰਨਾਥ ਯਾਤਰਾ ’ਤੇ ਜਾ ਰਹੇ ਸਨ।
ਪੰਜਾਬ 'ਚ ਆਏ ਹੜ੍ਹਾਂ 'ਤੇ CM ਖੱਟੜ ਦਾ ਵੱਡਾ ਬਿਆਨ, SYL ਨਹਿਰ ਬਣੀ ਹੁੰਦੀ ਤਾਂ ਨਾ ਹੁੰਦੇ ਅਜਿਹੇ ਹਾਲਾਤ
NEXT STORY