ਨਵੀਂ ਦਿੱਲੀ/ਵਾਸ਼ਿੰਗਟਨ- ਲੱਦਾਖ ਵਿਚ ਹਾਰਿਆ ਚੀਨ ਹੁਣ ਅਰੁਣਾਚਲ 'ਤੇ ਆਪਣੀਆਂ ਨਜ਼ਰਾਂ ਗੱਡੀ ਬੈਠਾ ਹੈ। ਉਹ ਦਾਅਵਾ ਕਰਦਾ ਆ ਰਿਹਾ ਹੈ ਕਿ ਅਰੁਣਾਚਲ ਭਾਰਤ ਦਾ ਹਿੱਸਾ ਨਹੀਂ ਹੈ ਬਲਕਿ ਦੱਖਣੀ ਤਿੱਬਤ ਦਾ ਇਲਾਕਾ ਹੈ। ਹਾਲਾਂਕਿ ਇਸ ਮੁੱਦੇ 'ਤੇ ਅਮਰੀਕਾ ਵੀ ਭਾਰਤ ਦੇ ਸਮਰਥਨ ਵਿਚ ਆ ਗਿਆ ਹੈ। ਅਮਰੀਕਾ ਦਾ ਕਹਿਣਾ ਹੈ ਕਿ ਬੀਤੇ 60 ਸਾਲ ਤੋਂ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਹਿੱਸਾ ਮੰਨਦਾ ਹੈ ਤੇ ਇਸ ਨੀਤੀ ਵਿਚ ਕੋਈ ਬਦਲਾਅ ਹੋਣ ਨਹੀਂ ਜਾ ਰਿਹਾ ਹੈ।
ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਤਕਰੀਬਨ 60 ਸਾਲ ਤੋਂ ਅਮਰੀਕਾ ਨੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਹਿੱਸਾ ਮੰਨਿਆ ਹੈ। ਅਸੀਂ ਅਸਲ ਕੰਟਰੋਲ ਲਾਈਨ 'ਤੇ ਕਿਸੇ ਵੀ ਤਰ੍ਹਾਂ ਦੀ ਘੁਸਪੈਠ, ਚਾਹੇ ਫੌਜੀ ਹੋਵੇ ਜਾਂ ਨਾਗਰਿਕ, ਉਸ ਦੇ ਰਾਹੀਂ ਖੇਤਰੀ ਦਾਅਵਿਆਂ ਨੂੰ ਲੈ ਕੇ ਇਕ-ਪੱਖੀ ਕੋਸ਼ਿਸ਼ ਦਾ ਵਿਰੋਧ ਕਰਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ ਤੇ ਚੀਨ ਨੂੰ ਦੋ-ਪੱਖੀ ਰਸਤੇ ਰਾਹੀਂ ਮਸਲਿਆਂ ਨੂੰ ਸੁਲਝਾਉਣ ਲਈ ਉਤਸ਼ਾਹਿਤ ਕਰਦੇ ਹਾਂ।
ਅਮਰੀਕਾ ਨੇ ਕਿਹਾ ਕਿ ਜਿਨ੍ਹਾਂ ਖੇਤਰਾਂ ਵਿਚ ਭਾਰਤ ਤੇ ਚੀਨ ਦੇ ਵਿਚਾਲੇ ਸਰਹੱਦ ਨੂੰ ਲੈ ਕੇ ਵਿਵਾਦ ਹੈ, ਉਨ੍ਹਾਂ ਲਈ ਅਸੀਂ ਦੋਵਾਂ ਦੇਸ਼ਾਂ ਨੂੰ ਕਹਿੰਦੇ ਹਾਂ ਕਿ ਦੋ-ਪੱਖੀ ਗੱਲਬਾਤ ਰਾਹੀਂ ਇਸ 'ਤੇ ਚਰਚਾ ਕਰੋ ਤੇ ਇਸ ਮੁੱਦੇ ਨੂੰ ਸੁਲਝਾਓ। ਸਰਹੱਦ 'ਤੇ ਫੌਜੀ ਬਲਾਂ ਦੀ ਮੌਜੂਦਗੀ ਵਧਾਉਣੀ ਨਹੀਂ ਚਾਹੀਦੀ। ਦੱਸ ਦਈਏ ਕਿ ਚੀਨ ਅਕਸਰ ਕਹਿੰਦਾ ਰਿਹਾ ਹੈ ਕਿ ਅਰੁਣਾਚਲ 'ਤੇ ਉਸ ਦਾ ਅਧਿਕਾਰ ਹੋਣਾ ਚਾਹੀਦਾ ਹੈ, ਇਸ ਲਈ ਉਹ ਇਸ ਨੂੰ ਵਿਵਾਦਿਤ ਖੇਤਰ ਮੰਨਦਾ ਹੈ। ਹਾਲਾਂਕਿ ਭਾਰਤ ਨੇ ਹਰ ਵਾਰ ਚੀਨ ਨੂੰ ਕਰਾਰਾ ਜਵਾਬ ਦਿੰਦੇ ਹੋਏ ਅਰੁਣਾਚਲ ਨੂੰ ਆਪਣਾ ਅਨਿਖੜਵਾਂ ਹਿੱਸਾ ਦੱਸਿਆ ਹੈ।
ਗਾਂਧੀ ਜਯੰਤੀ ’ਤੇ ਨੇਪਾਲ ਨੂੰ ਭਾਰਤ ਦਾ ਤੋਹਫਾ, 41 ਐਂਬੂਲੈਂਸ ਤੇ 6 ਸਕੂਲ ਬੱਸਾਂ ਕੀਤੀਆਂ ਦਾਨ
NEXT STORY