ਨਵੀਂ ਦਿੱਲੀ, (ਭਾਸ਼ਾ)- ਚੋਣਾਂ ’ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ’ਤੇ ਖਦਸ਼ੇ ਉਠਾਏ ਜਾਣ ਨੂੰ ਲੈ ਕੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਜਦੋਂ 2 ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਚੋਣ ਨਤੀਜੇ ਇਕ ਹੀ ਦਿਨ ਆਏ ਹੋਣ ਅਤੇ ਇਕ ’ਚ ਕਿਸੇ ਪਾਰਟੀ ਦਾ ਸੂਪੜਾ ਸਾਫ਼ ਹੋ ਗਿਆ ਹੋਵੇ ਅਤੇ ਦੂਜੇ ’ਚ ਉਹ ਜਿੱਤ ਗਈ ਹੋਵੇ ਤਾਂ ਈ. ਵੀ. ਐੱਮ. ’ਤੇ ਸਵਾਲ ਚੁੱਕਣ ਵਾਲਿਆਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿਉਂਕਿ ਜਨਤਾ ਵੇਖ ਰਹੀ ਹੈ।
ਰਾਜ ਸਭਾ ’ਚ ‘ਭਾਰਤ ਦੇ ਸੰਵਿਧਾਨ ਦੀ 75 ਸਾਲਾਂ ਦੀ ਗੌਰਵਸ਼ਾਲੀ ਯਾਤਰਾ’ ਵਿਸ਼ੇ ’ਤੇ ਦੋ ਦਿਨ ਤੱਕ ਚੱਲੀ ਚਰਚਾ ਦਾ ਜਵਾਬ ਦਿੰਦਿਆਂ ਸ਼ਾਹ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਕਿਸੇ ਦੀ ਨਕਲ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸੰਵਿਧਾਨ ’ਚ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦੀ ਚੰਗੀ ਗੱਲ ਲੈਣ ਦੇ ਨਾਲ-ਨਾਲ ਇਸ ’ਚ ਆਪਣੇ ਦੇਸ਼ ਦੀਆਂ ਪ੍ਰੰਪਰਾਵਾਂ ਦਾ ਪੂਰਾ ਧਿਆਨ ਰੱਖਿਆ ਗਿਆ ਹੈ।
ਸ਼ਾਹ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਉਨ੍ਹਾਂ ਵੱਲ ਸੰਕੇਤ ਕਰਦਿਆਂ ਕਿਹਾ ਕਿ ਹੁਣੇ ਕੁਝ ਰਾਜਨੇਤਾ ਆਏ ਹਨ, 54 ਸਾਲ ਦੀ ਉਮਰ ’ਚ ਖੁਦ ਨੂੰ ਜਵਾਨ ਕਹਿੰਦੇ ਹਨ। ਘੁੰਮਦੇ ਰਹਿੰਦੇ ਹਨ ਅਤੇ (ਕਹਿੰਦੇ ਹਨ ਕਿ ਸੱਤਾ ਧਾਰੀ ਪਾਰਟੀ ਵਾਲੇ) ਸੰਵਿਧਾਨ ਬਦਲ ਦੇਣਗੇ, ਸੰਵਿਧਾਨ ਬਦਲ ਦੇਣਗੇ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸੰਵਿਧਾਨ ਬਦਲਨ ਦੀ ਵਿਵਸਥਾ ਸੰਵਿਧਾਨ ਦੀ ਧਾਰਾ 368 ’ਚ ਹੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਨੇ 16 ਸਾਲ ਰਾਜ ਕੀਤਾ, ਜਿਸ ’ਚ 22 ਵਾਰ ਸੰਵਿਧਾਨ ’ਚ ਸੋਧ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 55 ਸਾਲ ਰਾਜ ਕੀਤਾ ਅਤੇ ਇਸ ਦੌਰਾਨ ਉਸ ਨੇ ਸੰਵਿਧਾਨ ’ਚ 77 ਵਾਰ ਸੋਧ ਕੀਤੀ। ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਕਿ ਸੰਵਿਧਾਨ ਸੋਧ ’ਚ ਇਹ ਦੇਖਣ ਵਾਲੀ ਗੱਲ ਹੈ ਕਿ ਕਿਸ ਨੇ ਦੇਸ਼ ਦੇ ਨਾਗਰਿਕਾਂ ਦੀ ਭਲਾਈ ਲਈ ਸੋਧ ਕੀਤੀ ਅਤੇ ਕਿਸ ਨੇ ਆਪਣੀ ਸੱਤਾ ਨੂੰ ਬਚਾਈ ਰੱਖਣ ਲਈ ਇਸ ’ਚ ਤਬਦੀਲੀਆਂ ਕੀਤੀਆਂ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਸਰਕਾਰ ਦੇ ਸ਼ਾਸਨਕਾਲ ’ਚ ਕੀਤੀਆਂ ਗਈਆਂ ਸੰਵਿਧਾਨ ’ਚ ਸੋਧਾਂ ਦਾ ਜ਼ਿਕਰ ਕੀਤਾ।
ਸੰਭਲ ਤੋਂ ਬਾਅਦ ਹੁਣ ਕਾਸ਼ੀ ’ਚ ਮਿਲਿਆ ਬੰਦ ਮੰਦਰ, 40 ਸਾਲਾਂ ਤੋਂ ਲੱਗਾ ਹੈ ਤਾਲਾ
NEXT STORY