ਮਹਾਰਾਸ਼ਟਰ— ਸਮਾਜਸੇਵੀ ਅੰਨਾ ਹਜ਼ਾਰੇ ਨੇ ਇਕ ਵਾਰ ਫਿਰ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਤੇਜ਼ ਕਰ ਦਿੱਤੀ ਹੈ। ਹਜ਼ਾਰੇ ਆਪਣੇ ਪਿੰਡ ਰਾਲੇਗਣ ਸਿੱਧੀ ਵਿਚ ਲੋਕਪਾਲ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠ ਗਏ ਹਨ। ਅੰਨਾ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਚਾਹੇ ਸੂਬੇ ਵਿਚ ਹੋਵੇ ਜਾਂ ਕੇਂਦਰ ਵਿਚ, ਉਹ ਵੱਡੀਆਂ ਗੱਲਾਂ ਅਤੇ ਝੂਠੇ ਵਾਅਦੇ ਕਰ ਰਹੇ ਹਨ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਮੇਰੀ ਭੁੱਖ ਹੜਤਾਲ ਉਦੋਂ ਤਕ ਚਲੇਗੀ, ਜਦੋਂ ਤਕ ਭਾਜਪਾ ਲੋਕਪਾਲ ਦੀ ਨਿਯੁਕਤੀ ਅਤੇ ਸਵਾਮੀਨਾਥਨ ਕਮਿਸ਼ਨ ਦੇ ਸੁਝਾਵਾਂ ਨੂੰ ਲਾਗੂ ਨਹੀਂ ਕਰਦੀ।

ਉਨ੍ਹਾਂ ਅੱਗੇ ਕਿਹਾ ਕਿ ਮਹਾਰਾਸ਼ਟਰ ਸਰਕਾਰ 'ਚ ਮੰਤਰੀ ਗਿਰੀਸ਼ ਮਹਾਜਨ ਪਿਛਲੇ ਸਾਲ 23 ਮਾਰਚ ਨੂੰ ਦਿੱਲੀ 'ਚ ਮੇਰੀ ਭੁੱਖ-ਹੜਤਾਲ ਤੁੜਵਾਉਣ ਆਏ ਸਨ। 9 ਮਹੀਨੇ ਹੋ ਗਏ ਪਰ ਕੁਝ ਨਹੀਂ ਹੋਇਆ। ਪ੍ਰਧਾਨ ਮੰਤਰੀ ਦਫਤਰ ਨੇ ਲਿਖਤੀ ਭਰੋਸਾ ਦਿੱਤਾ ਸੀ ਪਰ ਪਾਲਣ ਨਹੀਂ ਹੋਇਆ, ਇਸ ਲਈ ਮੈਂ ਮੰਤਰੀ ਗਿਰੀਸ਼ ਨੂੰ ਰਾਲੇਗਣ ਸਿੱਧੀ ਆਉਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਆਖਿਆ ਕਿ ਮੇਰੀ ਭੁੱਖ ਹੜਤਾਲ ਕਿਸੇ ਵਿਅਕਤੀ, ਪੱਖ ਜਾਂ ਪਾਰਟੀ ਦੇ ਵਿਰੋਧ ਵਿਚ ਨਹੀਂ ਹੈ। ਸਮਾਜ ਅਤੇ ਦੇਸ਼ ਦੀ ਭਲਾਈ ਲਈ ਲਈ ਮੈਂ ਇਹ ਅੰਦੋਲਨ ਕਰ ਰਿਹਾ ਹਾਂ। ਅੰਨਾ ਦੀ ਮੰਗ ਹੈ ਕਿ ਕੇਂਦਰ ਸਰਕਾਰ ਲੋਕਪਾਲ ਕਾਨੂੰਨ ਨੂੰ ਲਾਗੂ ਕਰੇ, ਨਾਲ ਹੀ ਮਹਾਰਾਸ਼ਟਰ ਸਰਕਾਰ ਲੋਕਾਯੁਕਤ ਨੂੰ ਲਾਗੂ ਕਰੇ। ਹਜ਼ਾਰੇ ਨੇ ਲੋਕਪਾਲ ਨੂੰ ਲੈ ਕੇ ਕਈ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ ਪਰ ਇਕ ਵੀ ਚਿੱਠੀ ਦਾ ਪੀ. ਐੱਮ. ਨੇ ਜਵਾਬ ਨਹੀਂ ਦਿੱਤਾ।
ਕੁਲਗਾਮ 'ਚ ਪੁਲਸ ਸਟੇਸ਼ਨ 'ਤੇ ਗ੍ਰਨੇਡ ਹਮਲਾ, 6 ਨਾਗਰਿਕ ਜ਼ਖਮੀ
NEXT STORY