ਹਰਿਆਣਾ- ਹਰਿਆਣਾ ਸਰਕਾਰ ਕੋਰੋਨਾ ਮਹਾਮਾਰੀ ਕਾਰਨ ਬੇਸਹਾਰਾ ਹੋਏ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮੁੜ ਵਸੇਬੇ, ਇਨ੍ਹਾਂ ਦੇ ਪਾਲਣ-ਪੋਸ਼ਣ ਅਤੇ ਇਨ੍ਹਾਂ ਨੂੰ ਸੁਰੱਖਿਅਤ ਭਵਿੱਖ ਦੇਣ ਲਈ ਇਕ ਯੋਜਨਾ ਸ਼ੁਰੂ ਕੀਤੀ ਹੈ। ਮੁੱਖ ਮੰਤਰੀ ਮਨਹੋਰ ਲਾਲ ਖੱਟੜ ਵਲੋਂ ਐਲਾਨ ਇਸ 'ਬਾਲ ਸੇਵਾ ਯੋਜਨਾ' ਨੂੰ ਐੱਲ.ਆਰ., ਵਿੱਤ ਵਿਭਾਗ ਅਤੇ ਮੰਤਰੀ ਮੰਡਲ ਤੋਂ ਹਰੀ ਝੰਡੀ ਮਿਲ ਗਈ ਹੈ। ਯੋਜਨਾ ਨੂੰ 10 ਜੂਨ ਨੂੰ ਹੋਈ ਸਥਾਈ ਵਿੱਤ ਕਮੇਟੀ ਦੀ ਬੈਠਕ 'ਚ ਮਨਜ਼ੂਰੀ ਦਿੱਤੀ ਗਈ, ਜਿਸ ਦੇ ਅਧੀਨ ਜ਼ਿਲ੍ਹਿਆਂ 'ਚ ਚਿੰਨ੍ਹਿਤ ਕੀਤੇ ਗਏ ਲਾਭਪਾਤਰਾਂ ਨੂੰ ਲਾਭ ਪ੍ਰਦਾਨ ਕੀਤਾ ਜਾਵੇਗਾ। ਯੋਜਨਾ ਦੇ ਅਧੀਨ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਜਿਨ੍ਹਾਂ ਬੱਚਿਆਂ ਦੀ ਦੇਖਭਾਲ ਅਤੇ ਪਾਲਣ-ਪੋਸ਼ਣ ਪਰਿਵਾਰ ਦੇ ਹੋਰ ਮੈਂਬਰ ਕਰ ਰਹੇ ਹਨ, ਅਜਿਹੇ ਬੱਚਿਆਂ ਲਈ 18 ਸਾਲ ਤੱਕ 2500 ਰੁਪਏ ਪ੍ਰਤੀ ਬੱਚਾ ਪ੍ਰਤੀ ਮਹੀਨੇ ਰਾਜ ਸਰਕਾਰ ਵਲੋਂ ਪਰਿਵਾਰ ਨੂੰ ਦਿੱਤੇ ਜਾਣਗੇ। ਇਸ ਰਾਸ਼ੀ 'ਚ 2 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਰਾਸ਼ੀ ਕੇਂਦਰ ਵਲੋਂ ਬਣਾਈ ਗਈ ਯੋਜਨਾ ਦੇ ਮਾਧਿਅਮ ਨਾਲ ਉਪਲੱਬਧ ਕਰਵਾਈ ਜਾਵੇਗੀ। ਇਸ ਤੋਂ ਇਲਾਵਾ 18 ਸਾਲ ਦੀ ਉਮਰ ਤੱਕ ਬੱਚੇ ਦੀ ਪੜ੍ਹਾਈ ਲਈ 12 ਹਜ਼ਾਰ ਰੁਪਏ ਹਰ ਸਾਲ ਰਾਸ਼ੀ ਪਰਿਵਾਰ ਨੂੰ ਦਿੱਤੇ ਜਾਣਗੇ।
ਇਹ ਰਾਸ਼ੀ ਬੱਚੇ ਦੀ ਦੇਖਭਾਲ ਕਰ ਰਹੇ ਮਾਤਾ-ਪਿਤਾ ਜਾਂ ਪਰਿਵਾਰ ਦੇ ਸੰਯੁਕਤ ਬੈਂਕ ਖਾਤੇ 'ਚ ਜਮ੍ਹਾ ਕਰਵਾਈ ਜਾਵੇਗੀ। ਸੂਬੇ 'ਚ 59 ਬਾਲ ਦੇਖਭਾਲ ਸੰਸਥਾਵਾਂ ਹਨ। ਇਸ ਤੋਂ ਇਲਾਵਾ, 18 ਸਾਲ ਦੀ ਉਮਰ ਤੱਕ 1500 ਰੁਪਏ ਹਰ ਮਹੀਨੇ ਦੀ ਵਿੱਤੀ ਮਦਦ ਆਵਰਤੀ ਜਮ੍ਹਾ ਖਾਤੇ 'ਚ ਜਮ੍ਹਾ ਕੀਤੀ ਜਾਵੇਗੀ ਅਤੇ 21 ਸਾਲ ਦੀ ਉਮਰ ਹੋਣ 'ਤੇ ਬੱਚੇ ਨੂੰ ਪਰਿਪੱਕਤਾ ਰਾਸ਼ੀ ਦੇ ਦਿੱਤੀ ਜਾਵੇਗੀ। ਕੋਰੋਨਾ ਮਹਾਮਾਰੀ ਕਾਰਨ ਜਿਨ੍ਹਾਂ ਕੁੜੀਆਂ ਨੇ ਕਿਸ਼ੋਰ ਅਵਸਥਾ 'ਚ ਆਪਣੇ ਮਾਤਾ-ਪਿਤਾ ਨੂੰ ਗੁਆਇਆ ਹੈ, ਉਨ੍ਹਾਂ ਨੂੰ ਕਸਤੂਰਬਾ ਗਾਂਧੀ ਬਾਲਿਕਾ ਸਕੂਲ (ਕੇ.ਜੀ.ਬੀ.ਵੀ.) 'ਚ ਰਿਹਾਇਸ਼ ਸਿੱਖਿਆ ਮੁਫ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਬੱਚਿਆਂ ਦੀ ਦੇਖਭਾਲ ਕਰ ਰਹੇ ਪਰਿਵਾਰ ਦੇ ਮਾਮਲਿਆਂ 'ਚ ਦਿੱਤੇ ਜਾਣ ਵਾਲੇ ਲਾਭ, ਜਿਵੇਂ ਕਿ 18 ਸਾਲ ਤੱਕ 2500 ਰੁਪਏ ਅਤੇ ਹੋਰ ਖਰਚਿਆਂ ਲਈ 12 ਹਜ਼ਾਰ ਰੁਪਏ ਹਰ ਸਾਲ, ਇਨ੍ਹਾਂ ਕੁੜੀਆਂ ਨੂੰ ਦਿੱਤੇ ਜਾਣਗੇ। ਸੂਬੇ 'ਚ 25 ਕੇ.ਜੀ.ਬੀ.ਵੀ. ਹਨ, ਜੋ ਜਮਾਤ 6ਵੀਂ ਤੋਂ 8ਵੀਂ ਤੱਕ ਸਿੱਖਿਆ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਅਜਿਹੀਆਂ ਅਨਾਥ ਕੁੜੀਆਂ ਨੂੰ ਮੁੱਖ ਮੰਤਰੀ ਵਿਆਹ ਸ਼ਗੁਨ ਯੋਜਨਾ ਦੇ ਅਧੀਨ 51000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ, ਜੋ ਉਨ੍ਹਾਂ ਦੇ ਨਾਮ 'ਤੇ ਬੈਂਕ 'ਚ ਰੱਖੇ ਜਾਣਗੇ ਅਤੇ ਵਿਆਹ ਦੇ ਸਮੇਂ ਉਨ੍ਹਾਂ ਨੂੰ ਵਿਆਜ਼ ਸਮੇਤ ਪੂਰੀ ਰਾਸ਼ੀ ਦਿੱਤੀ ਜਾਵੇਗੀ। ਅਜਿਹੇ ਬੱਚਿਆਂ ਨੂੰ ਜਮਾਤ 8ਵੀਂ ਤੋਂ 12ਵੀਂ ਦਰਮਿਆਨ ਅਤੇ ਪੇਸ਼ੇਵਰ ਪਾਠਕ੍ਰਮ 'ਚ ਪੜ੍ਹਾਈ ਕਰਨ 'ਤੇ ਉਨ੍ਹਾਂ ਨੂੰ ਇਕ ਟੈਬਲੇਟ ਪ੍ਰਦਾਨ ਕੀਤਾ ਜਾਵੇਗਾ।
ਦਿੱਲੀ: ਲਾਜਪਤ ਨਗਰ ’ਚ ਕੱਪੜਿਆਂ ਦੇ ਸ਼ੋਅਰੂਮ ’ਚ ਲੱਗੀ ਅੱਗ, ਮੌਕੇ ’ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ
NEXT STORY