ਨਵੀਂ ਦਿੱਲੀ— ਲੋਕ ਸਭਾ 'ਚ ਵੀਰਵਾਰ ਯਾਨੀ ਕਿ ਅੱਜ ਤਿੰਨ ਤਲਾਕ ਬਿੱਲ 'ਤੇ ਤਿੱਖੀ ਬਹਿਸ ਹੋਈ। ਹੈਦਰਾਬਾਦ ਤੋਂ ਸੰਸਦ ਮੈਂਬਰ ਅਤੇ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ ਦੇ ਮੁਖੀ ਅਕਬਰੂਦੀਨ ਓਵੈਸੀ ਨੇ ਇਸ ਬਿੱਲ ਦਾ ਵਿਰੋਧ ਕੀਤਾ। ਓਵੈਸੀ ਨੇ ਕਿਹਾ ਕਿ ਇਸਲਾਮ ਵਿਚ ਵਿਆਹ ਇਕ ਕਾਨਟ੍ਰੈਕਟ ਵਾਂਗ ਹੈ, ਇਸ ਨੂੰ ਤੁਸੀਂ ਜਨਮ-ਜਨਮ ਦੇ ਬੰਧਨਾਂ 'ਚ ਨਹੀਂ ਬੰਨ੍ਹ ਸਕਦੇ। ਉਨ੍ਹਾਂ ਕਿਹਾ ਕਿ ਤੀਜੀ ਵਾਰ ਮੈਂ ਇਸ ਬਿੱਲ ਵਿਰੁੱਧ ਖੜ੍ਹਾ ਹੋਇਆ ਹਾਂ ਅਤੇ ਜਦੋਂ ਤਕ ਜ਼ਿੰਦਗੀ ਰਹੇਗੀ ਉਦੋਂ ਤਕ ਇਸ ਬਿੱਲ ਦਾ ਵਿਰੋਧ ਕਰਦਾ ਰਹਾਂਗਾ। ਓਵੈਸੀ ਨੇ ਇਹ ਵੀ ਕਿਹਾ ਕਿ ਤਿੰਨ ਤਲਾਕ ਨੂੰ ਇਸ ਸਰਕਾਰ ਨੇ ਅਪਰਾਧ 'ਚ ਪਾ ਦਿੱਤਾ। ਇਹ ਬਿੱਲ ਔਰਤਾਂ ਦੇ ਵਿਰੁੱਧ ਹੈ। ਉਨ੍ਹਾਂ ਨੇ ਸਰਕਾਰ 'ਤੇ ਵਿਆਹ ਨੂੰ ਖਤਮ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਸਰਕਾਰ ਬਿੱਲ ਜ਼ਰੀਏ ਵਿਆਹ ਨੂੰ ਖਤਮ ਕਰ ਰਹੀ ਹੈ। ਇਸ ਬਿੱਲ ਦੀ ਵਜ੍ਹਾ ਕਰ ਕੇ ਔਰਤ ਸੜਕ 'ਤੇ ਆ ਜਾਵੇਗੀ।
ਬਿੱਲ ਦੇ ਵਿਰੋਧ ਵਿਚ ਓਵੈਸੀ ਨੇ ਕਿਹਾ ਕਿ ਇਸ ਨਾਲ ਔਰਤ 'ਤੇ ਬੋਝ ਵਧੇਗਾ, ਕਿਉਂਕਿ ਸ਼ੌਹਰ ਜੇਲ ਚੱਲਾ ਜਾਵੇਗਾ ਤਾਂ ਫਿਰ ਔਰਤ ਦਾ ਪਾਲਨ-ਪੋਸ਼ਣ ਕੌਣ ਕਰੇਗਾ। ਜੇਕਰ ਕੋਈ ਮੁਸਲਮਾਨ ਆਦਮੀ ਗਲਤੀ ਨਾਲ ਤਿੰਨ ਵਾਰ ਤਲਾਕ ਬੋਲ ਦਿੰਦਾ ਹੈ ਤਾਂ ਵਿਆਹ ਨਹੀਂ ਟੁੱਟਦਾ ਹੈ। ਸਰਕਾਰ ਇਸ ਬਿੱਲ ਦੇ ਜ਼ਰੀਏ ਔਰਤਾਂ 'ਤੇ ਜ਼ੁਰਮ ਕਰਨਾ ਚਾਹੁੰਦੀ ਹੈ। ਤੁਸੀਂ ਇਕ ਸ਼ਰਤ ਰੱਖ ਦਿਉ ਕਿ ਜੇਕਰ ਕੋਈ ਤਿੰਨ ਤਲਾਕ ਦੇਵੇਗਾ ਤਾਂ ਉਸ ਮਹਿਲਾ ਨੂੰ ਮੇਹਰ ਦੀ ਰਕਮ ਦਾ 500 ਗੁਣਾ ਜੁਰਮਾਨਾ ਦੇਣਾ ਹੋਵੇਗਾ। ਇਸਲਾਮ ਵਿਚ ਵਿਆਹ ਇਕ ਕਾਨਟ੍ਰੈਕਟ ਹੈ ਅਤੇ ਤੁਸੀਂ ਕਹਿ ਰਹੇ ਹੋ ਕਿ ਜਨਮ-ਜਨਮ ਦਾ ਸਾਥ ਹੈ। ਅਜਿਹਾ ਨਾ ਕਰੋ ਅਤੇ ਸਾਡੀ ਗੱਲ ਨੂੰ ਸਮਝੋ। ਉਨ੍ਹਾਂ ਕਿਹਾ ਕਿ ਮੰਨ ਲਉ ਜੇਕਰ ਅਦਾਲਤ ਨੇ ਤਿੰਨ ਤਲਾਕ ਦੇਣ ਵਾਲੇ ਪੁਰਸ਼ ਨੂੰ ਤਿੰਨ ਸਾਲ ਦੀ ਸਜ਼ਾ ਦੇ ਦਿੱਤੀ ਤਾਂ ਫਿਰ ਔਰਤ 3 ਸਾਲ ਤਕ ਉਸ ਦੀ ਉਡੀਕ 'ਚ ਕਿਉਂ ਬੈਠੀ ਰਹੇ। ਇਸ ਦੇ ਨਾਲ ਹੀ ਓਵੈਸੀ ਨੇ ਕਿਹਾ ਕਿ ਕੀ ਔਰਤ ਤਿੰਨ ਸਾਲ ਬਾਅਦ ਕਹੇਗੀ 'ਬਹਾਰੋ ਫੁੱਲ ਬਰਸਾਓ ਮੇਰਾ ਮਹਿਬੂਬ ਆਯਾ ਹੈ'।
ਮਥੁਰਾ 'ਚ ਫੈਲੀ ਜਾਨਲੇਵਾ ਬੀਮਾਰੀ ਗਲੈਂਡਰਜ਼, 3 ਘੋੜਿਆਂ ਨੂੰ ਮਾਰਿਆ ਗਿਆ
NEXT STORY