ਗੁਹਾਟੀ– ਆਸਾਮ-ਮਿਜ਼ੋਰਮ ਦੀ ਹੱਦ ’ਤੇ ਇਕ ਦਿਨ ਪਹਿਲਾਂ ਹੋਏ ਖੂਨੀ ਸੰਘਰਸ਼ ਪਿੱਛੋਂ ਮੰਗਲਵਾਰ ਤਣਾਅ ਬਣਿਆ ਰਿਹਾ। ਹੱਦ ਨਾਲ ਲੱਗਦੇ ਕਛਾਰ ਜ਼ਿਲੇ ਦੇ ਲੋਕਾਂ ਨੇ ਗੁਆਂਢੀ ਸੂਬੇ ਦੀ ਆਰਥਿਕ ਨਾਕਾਬੰਦੀ ਕਰਨ ਦੀ ਧਮਕੀ ਦਿੱਤੀ। ਨਾਲ ਹੀ ਕਾਬੂਗੰਜ ਅਤੇ ਢੋਲਈ ਇਲਾਕੇ ਦੇ ਲੋਕਾਂ ਨੇ ਕਿਸੇ ਵੀ ਮੋਟਰਗੱਡੀ ਨੂੰ ਗੁਆਂਢੀ ਸੂਬੇ ਮਿਜ਼ੋਰਮ ’ਚ ਜਾਣ ਤੋਂ ਰੋਕਣ ਲਈ ਮੰਗਲਵਾਰ ਸਵੇਰੇ 9 ਵਜੇ ਤੋਂ ਸਭ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ।
ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵ ਸਰਮਾ ਨੇ ਮਿਜ਼ੋਰਮ ਦੀ ਹੱਦ ਨਾਲ ਲੱਗਦੇ ਇਲਾਕਿਆਂ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਆਸਾਮ ਸਰਕਾਰ ਨੇ ਤਿੰਨ ਜ਼ਿਲਿਆਂ ਕਰੀਮਗੰਜ, ਕਛਾਰ ਅਤੇ ਹੈਲਾਕਾਂਡੀ ਵਿਖੇ 3 ਕਮਾਂਡੋਜ਼ ਬਟਾਲੀਅਨਾਂ ਨੂੰ ਖੜ੍ਹਾ ਕਰਨ ਦਾ ਫੈਸਲਾ ਕੀਤਾ ਹੈ। ਉਕਤ ਤਿੰਨੋਂ ਸ਼ਹਿਰ ਮਿਜ਼ੋਰਮ ਅਤੇ ਆਸਾਮ ਦੀ ਹੱਦ ’ਤੇ ਸਥਿਤ ਹਨ। ਇਸ ਮੰਤਵ ਲਈ 3 ਹਜ਼ਾਰ ਜਵਾਨਾਂ ਦੀ ਭਰਤੀ ਕੀਤੀ ਜਾਏਗੀ। ਇਸ ਦੇ ਨਾਲ ਹੀ ਸੀ. ਆਰ. ਪੀ. ਐੱਫ. ਨੇ ਆਸਾਮ ਅਤੇ ਮਿਜ਼ੋਰਮ ਦਰਮਿਆਨ ਲੈਲਾਪੁਰ-ਵੇਰੀਗਟੇ ਵਿਵਾਦ ਵਾਲੀ ਥਾਂ ’ਤੇ ਜਵਾਨਾਂ ਦੀਆਂ 2 ਕੰਪਨੀਆਂ ਤਾਇਨਾਤ ਕੀਤੀਆਂ ਹਨ। ਆਸਾਮ ਵਿਚ ਵੀ ਸੀ. ਆਰ. ਪੀ. ਐੱਫ. ਦੀਆਂ 119 ਅਤੇ ਮਿਜ਼ੋਰਮ ਵਿਚ 225 ਬਟਾਲੀਅਨਾਂ ਲਾਈਆਂ ਗਈਆਂ ਹਨ।
ਇਹ ਖ਼ਬਰ ਪੜ੍ਹੋ- WI v AUS : ਵਿੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ, ਆਸਟਰੇਲੀਆ ਨੇ 2-1 ਨਾਲ ਜਿੱਤੀ ਸੀਰੀਜ਼
ਆਸਾਮ ਸਰਕਾਰ ਨੇ ਸੰਘਰਸ਼ ’ਚ 5 ਪੁਲਸ ਮੁਲਾਜ਼ਮਾਂ ਅਤੇ ਇਕ ਆਮ ਨਾਗਰਿਕ ਦੀ ਮੌਤ ’ਤੇ ਮੰਗਲਵਾਰ ਤੋਂ ਤਿੰਨ ਦਿਨ ਦੇ ਸਰਕਾਰ ਸੋਗ ਦਾ ਐਲਾਨ ਕੀਤਾ। ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਆਸਾਮ ਸਰਕਾਰ ‘ਇਨਰਲਾਈਨ ਫਾਰੈਸਿਟ ਰਿਜ਼ਰਵ’ ਨੂੰ ਨਸ਼ਟ ਹੋਣ ਅਤੇ ਗੈਰ-ਕਾਨੂੰਨੀ ਕਬਜ਼ੇ ਤੋਂ ਬਚਾਉਣ ਲਈ ਸੁਪਰੀਮ ਕੋਰਟ ਜਾਏਗੀ। ਉਪ ਗ੍ਰਹਿ ਤੋਂ ਮਿਲੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਰਿਜ਼ਰਵ ਵਿਚ ਸੜਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਝੂਮ ਦੀ ਖੇਤੀ ਲਈ ਜੰਗਲਾਂ ਨੂੰ ਸਾਫ ਕੀਤਾ ਜਾ ਰਿਹਾ ਹੈ। ਅਜਿਹੇ ਕੰਮਾਂ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਵਿਵਾਦ ਜ਼ਮੀਨ ਨੂੰ ਲੈ ਕੇ ਨਹੀਂ, ਸਗੋਂ ਰਿਜ਼ਰਵ ਜੰਗਲਾਂ ’ਤੇ ਗੈਰ-ਕਾਨੂੰਨੀ ਕਬਜ਼ੇ ਨੂੰ ਲੈ ਕੇ ਹੈ। ਜੰਗਲੀ ਖੇਤਰਾਂ ਵਿਚ ਸਾਡੀ ਕੋਈ ਵੀ ਬਸਤੀ ਨਹੀਂ। ਜੇ ਮਿਜ਼ੋਰਮ ਸਬੂਤ ਦੇ ਸਕਦਾ ਹੈ ਤਾਂ ਅਸੀਂ ਤੁਰੰਤ ਬਾਹਰ0 ਨਿਕਲ ਜਾਵਾਂਗੇ।
ਮੁੱਖ ਮੰਤਰੀ ਸਿਲਚਰ ਦੇ ਮੈਡੀਕਲ ਕਾਲਜ ਅਤੇ ਹਸਪਤਾਲ ਗਏ ਅਤੇ ਸੰਘਰਸ਼ ਦੌਰਾਨ ਜ਼ਖ਼ਮੀ ਹੋਏ ਪੁਲਸ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ। ਕਛਾਰ ਦੇ ਪੁਲਸ ਮੁਖੀ ਵੈਭਵ ਚੰਦਰਕਾਂਤ ਨੂੰ ਹਵਾਈ ਫੌਜ ਦੀ ਏਅਰ ਐਂਬੂਲੈਂਸ ਰਾਹੀਂ ਮੁੰਬਈ ਦੇ ਇਕ ਹਸਪਤਾਲ ਵਿਚ ਪਹੁੰਚਾਇਆ ਗਿਆ ਹੈ। ਉਨ੍ਹਾਂ ਸ਼ਹੀਦ ਹੋਏ ਪੁਲਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ 50-50 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ।
ਆਸਾਮ ਦੇ ਵਿਸ਼ੇਸ਼ ਪੁਲਸ ਮੁਖੀ ਜੀ. ਪੀ. ਸਿੰਘ ਨੇ ਸੰਕੇਤ ਦਿੱਤੇ ਕਿ ਆਸਾਮ ਦੇ ਪੁਲਸ ਮੁਲਾਜ਼ਮਾਂ ’ਤੇ ਗੋਲੀ ਚਲਾਉਣ ਵਾਲੇ ਮਿਜ਼ੋਰਮ ਪੁਲਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਏਗੀ। ਆਸਾਮ ਅਤੇ ਮਿਜ਼ੋਰਮ ਦਰਮਿਆਨ ਖੇਤਰੀ ਵਿਵਾਦ ਦੇ ਸੋਮਵਾਰ ਖੂਨੀ ਸੰਘਰਸ਼ ਵਿਚ ਬਦਲਣ ਪਿੱਛੋਂ ਕੇਂਦਰ ਨੇ ਦੋਵਾਂ ਸੂਬਿਆਂ ਨੂੰ ਹੱਦ ’ਤੇ ਸਥਿਤ ਚੌਕੀਆਂ ਤੋਂ ਆਪਣੀਆਂ ਫੋਰਸਾਂ ਨੂੰ ਹਟਾਉਣ ਦਾ ਹੁਕਮ ਦਿੱਤਾ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਲਈ ਪੱਤਰਕਾਰਾਂ ਨੇ SC ਦਾ ਖੜਕਾਇਆ ਦਰਵਾਜ਼ਾ
NEXT STORY