ਗੁਹਾਟੀ– ਆਸਾਮ ’ਚ ਮੋਹਲੇਧਾਰ ਮੀਂਹ ਅਤੇ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਹੜ੍ਹ ਕਾਰਨ ਹੁਣ ਤੱਕ 3 ਲੋਕਾਂ ਦੀ ਮੌਤ ਦੀ ਖ਼ਬਰ ਹੈ। ਕਈ ਥਾਈਂ ਸੜਕਾਂ ਵਹਿ ਗਈਆਂ ਹਨ। ਟਰੇਨ ਦੀਆਂ ਪਟੜੀਆਂ ਪਾਣੀ ’ਚ ਡੁੱਬ ਗਈਆਂ ਹਨ। ਯਾਤਰੀਆਂ ਨੂੰ ਕੱਢਣ ਲਈ ਹਵਾਈ ਫ਼ੌਜ ਦੀ ਮਦਦ ਲਈ ਜਾ ਰਹੀ ਹੈ। ਮੋਹਲੇਧਾਰ ਮੀਂਹ ਕਾਰਨ ਟਰੇਨ ’ਚ ਫਸੇ 119 ਲੋਕਾਂ ਲਈ ਹਵਾਈ ਫ਼ੌਜ ਫ਼ਰਿਸ਼ਤਾ ਬਣੀ।
ਇਹ ਵੀ ਪੜ੍ਹੋ- ਦਿੱਲੀ ਅਗਨੀਕਾਂਡ: ਹਸਪਤਾਲ ’ਚ ਆਪਣਿਆਂ ਦੀ ਭਾਲ ’ਚ ਰੋਂਦੇ-ਕੁਰਲਾਉਂਦੇ ਦਿੱਸੇ ਪਰਿਵਾਰ, ਧੀ ਨੂੰ ਲੱਭਦੀ ਬੇਬੱਸ ਮਾਂ
ਦਰਅਸਲ ਹੜ੍ਹ ਦੇ ਪਾਣੀ ਕਾਰਨ ਕਛਾਰ ਇਲਾਕੇ ’ਚ ਸਿਲਚਰ-ਗੁਹਾਟੀ ਐਕਸਪ੍ਰੈੱਸ ਫਸੀ ਹੋਈ ਸੀ। ਟਰੈਕ ’ਚ ਪਾਣੀ ਭਰ ਜਾਣ ਕਾਰਨ ਟਰੇਨ ਨਾ ਤਾਂ ਅੱਗੇ ਵਧ ਰਹੀ ਸੀ ਅਤੇ ਨਾ ਹੀ ਪਿੱਛੇ ਜਾ ਰਹੀ ਸੀ। ਟਰੇਨ ’ਚ ਕਰੀਬ 119 ਯਾਤਰੀ ਫਸੇ ਹੋਏ ਸਨ। ਕਈ ਘੰਟੇ ਤੱਕ ਟਰੇਨ ਦੇ ਫਸੇ ਰਹਿਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤੀ ਹਵਾਈ ਫ਼ੌਜ ਤੋਂ ਮਦਦ ਮੰਗੀ, ਜਿਸ ਤੋਂ ਬਾਅਦ 119 ਲੋਕਾਂ ਨੂੰ ਬਚਾਇਆ ਗਿਆ।
ਇਹ ਵੀ ਪੜ੍ਹੋ- ਚਾਰ ਧਾਮ ਯਾਤਰਾ ਲਈ ਉਮੜ ਰਹੀ ਸ਼ਰਧਾਲੂਆਂ ਦੀ ਭੀੜ; ਰਜਿਸਟਰੇਸ਼ਨ ਅਤੇ ਯਾਤਰਾ ਕਾਰਡ ਜ਼ਰੂਰੀ
ਆਸਾਮ ਦੇ ਕਈ ਇਲਾਕੇ ਅਚਾਨਕ ਆਏ ਹੜ੍ਹ ਅਤੇ ਮੋਹਲੇਧਾਰ ਮੀਂਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਜਿਸ ਨਾਲ ਹੋਰ ਹਿੱਸਿਆਂ ਤੋਂ ਰੇਲ ਅਤੇ ਸੜਕ ਸੰਪਰਕ ਟੁੱਟ ਗਿਆ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਆਸਾਮ ਦੇ 7 ਜ਼ਿਲ੍ਹਿਆਂ ’ਚ ਲੱਗਭਗ 57 ਹਜ਼ਾਰ ਤੋਂ ਵਧੇਰੇ ਲੋਕ ਮੋਹਲੇਧਾਰ ਮੀਂਹ ਦੀ ਵਜ੍ਹਾ ਕਰ ਕੇ ਪ੍ਰਭਾਵਿਤ ਹੋਏ ਹਨ। 10 ਹਜ਼ਾਰ ਹੈਕਟੇਅਰ ਤੋਂ ਵਧੇਰੇ ਫ਼ਸਲ ਪਾਣੀ ’ਚ ਡੁੱਬ ਗਈ ਹੈ। ਇਸ ਤੋਂ ਇਲਾਵਾ 222 ਤੋਂ ਵਧੇਰੇ ਪਿੰਡ ਹੜ੍ਹ ਦੀ ਲਪੇਟ ’ਚ ਆ ਚੁੱਕੇ ਹਨ।
ਇਹ ਵੀ ਪੜ੍ਹੋ- ਹਰਿਆਣਾ: ਯਮੁਨਾ ’ਚ ਨਹਾਉਣ ਗਏ 10 ਨੌਜਵਾਨਾਂ ’ਤੇ ਜਾਨਲੇਵਾ ਹਮਲਾ, 5 ਨਦੀ ’ਚ ਡੁੱਬੇ
ਟਰੇਨ ਦੀ ਪਟੜੀਆਂ ਅਤੇ ਪੁਲ ਨੁਕਸਾਨੇ ਗਏ ਹਨ। ਜਿਸ ਕਾਰਨ 17 ਟਰੇਨਾਂ ਨੂੰ ਰੱਦ ਕਰਨਾ ਪਿਆ। ਹਜ਼ਾਰਾਂ ਯਾਤਰੀਆਂ ਫਸ ਗਏ, ਜਿਨ੍ਹਾਂ ਨੂੰ ਬੱਸਾਂ ਅਤੇ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਦੀ ਮਦਦ ਨਾਲ ਸੁਰੱਖਿਆ ਕੱਢਿਆ ਜਾ ਰਿਹਾ ਹੈ। ਰੇਲਵੇ ਨੇ ਇਕ ਬਿਆਨ ’ਚ ਦੱਸਿਆ ਕਿ ਦਿਤੋਕਚੇਰਾ ਸਟੇਸ਼ਨ ’ਤੇ ਫਸੇ ਲੱਗਭਗ 1245 ਰੇਲ ਯਾਤਰੀਆਂ ਨੂੰ ਸੁਰੱਖਿਅਤ ਕੱਢ ਕੇ ਬਦਰਪੁਰ ਅਤੇ ਸਿਲਚਰ ਲਿਆਂਦਾ ਗਿਆ।
ਓਧਰ ਆਸਾਮ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਸੀ. ਈ. ਓ. ਤ੍ਰਿਪਾਠੀ ਨੇ ਦੱਸਿਆ ਕਿ ਮੀਂਹ ਅਤੇ ਹੜ੍ਹ ਕਾਰਨ ਨੁਕਸਾਨ ਦੀ ਰਿਪੋਰਟ ਜ਼ਿਲ੍ਹਿਆਂ ਤੋਂ ਮੰਗਵਾਈ ਜਾ ਰਹੀ ਹੈ। ਮੀਂਹ ਤੋਂ ਤਬਾਹੀ ਨੂੰ ਵੇਖਦੇ ਹੋਏ ਰਾਹਤ ਕੈਂਪ ਲਾਏ ਗਏ ਹਨ। ਮੀਂਹ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਬਚਾਅ ਅਤੇ ਰਾਹਤ ਕਾਰਜਾਂ ’ਚ ਫੌਜ ਅਤੇ ਅਰਧ ਸੈਨਿਕ ਬਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬਾ ਆਫ਼ਤ ਕੰਟਰੋਲ ਵਿਭਾਗ, ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾਵਾਂ ਦੇ ਸੈਂਕੜੇ ਕਾਮੇ ਵੀ ਦਿਨ-ਰਾਤ ਜੁੱਟੇ ਹੋਏ ਹਨ।
ਅਸੀਂ ਲੋਕਾਂ ਨੂੰ ਜੋੜਦੇ ਹਾਂ, ਭਾਜਪਾ ਵੰਡਦੀ ਹੈ : ਰਾਹੁਲ ਗਾਂਧੀ
NEXT STORY