ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਉਸ ਦੀ ਆਜ਼ਾਦੀ 'ਤੇ ਹਮਲਾ ਜਨਤਾ ਦੀ ਆਵਾਜ਼ ਦਬਾਉਣ ਦੇ ਬਰਾਬਰ ਹੈ। ਕੇਜਰੀਵਾਲ ਦੀ ਇਹ ਪ੍ਰਤੀਕਿਰਿਆ ਇਨਕਮ ਟੈਕਸ ਵਿਭਾਗ ਵਲੋਂ ਟੈਕਸ ਚੋਰੀ ਦੀ ਜਾਂਚ ਦੇ ਹਿੱਸੇ ਵਜੋਂ ਦਿੱਲੀ ਅਤੇ ਮੁੰਬਈ ਸਥਿਤ ਬੀਬੀਸੀ ਦਫ਼ਤਰਾਂ ਅਤੇ 2 ਹੋਰ ਸੰਬੰਧਤ ਸਥਾਨਾਂ 'ਤੇ ਮੰਗਲਵਾਰ ਨੂੰ 'ਸਰਵੇਖਣ ਆਪਰੇਸ਼ਨ' ਸ਼ੁਰੂ ਕਰਨ ਤੋਂ ਇਕ ਦਿਨ ਬਾਅਦ ਆਈ ਹੈ। ਕੇਜਰੀਵਾਲ ਨੇ ਇਕ ਟਵੀਟ 'ਚ ਕਿਹਾ,''ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ। ਮੀਡੀਆ ਦੀ ਆਜ਼ਾਦੀ 'ਤੇ ਹਮਲਾ ਜਨਤਾ ਦੀ ਆਵਾਜ਼ ਦਬਾਉਣ ਦੇ ਬਰਾਬਰ ਹੈ। ਜੋ ਵੀ ਭਾਜਪਾ ਖ਼ਿਲਾਫ਼ ਬੋਲਦਾ ਹੈ, ਉਸ ਦੇ ਪਿੱਛੇ ਲੋਕ ਆਈ.ਟੀ. (ਇਨਕਮ ਟੈਕਸ ਵਿਭਾਗ), ਸੀ.ਬੀ.ਆਈ. (ਕੇਂਦਰੀ ਜਾਂਚ ਬਿਊਰੋ) ਅਤੇ ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਨੂੰ ਛੱਡ ਦਿੰਦੇ ਹਨ।'' ਉਨ੍ਹਾਂ ਸਵਾਲ ਕੀਤਾ ਕਿ ਕੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇਸ਼ ਦੀ ਲੋਕਤੰਤਰੀ ਵਿਵਸਥਾ ਅਤੇ ਸੰਸਥਾਵਾਂ ਨੂੰ ਕੁਚਲ ਕੇ ਪੂਰੇ ਦੇਸ਼ ਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦੀ ਹੈ? ਆਈ.ਟੀ. ਵਿਭਾਗ ਦੇ ਸਰਵੇਖਣ ਨੂੰ ਲੈ ਕੇ ਭਾਜਪਾ ਅਤੇ ਵਿਰੋਧੀ ਦਲਾਂ ਵਿਚਾਲੇ ਤਿੱਖੀ ਸਿਆਸੀ ਬਹਿਸ ਵੀ ਸ਼ੁਰੂ ਹੋ ਗਈ। ਵਿਰੋਧੀ ਧਿਰ ਨੇ ਇਸ ਕਦਮ ਦੀ ਜਿੱਥੇ ਨਿੰਦਾ ਕੀਤੀ, ਉੱਥੇ ਹੀ ਭਾਜਪਾ ਨੇ ਬੀਬੀਸੀ 'ਤੇ ਭਾਰਤ ਖ਼ਿਲਾਫ਼ 'ਜ਼ਹਿਰੀਲੀ' ਰਿਪੋਰਟਿੰਗ ਕਰਨ ਦਾ ਦੋਸ਼ ਲਗਾਇਆ।

'ਬੀਬੀਸੀ (ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ) ਇੰਡੀਆ' ਖ਼ਿਲਾਫ਼ ਇਨਕਮ ਟੈਕਸ ਵਿਭਾਗ ਦਾ 'ਸਰਵੇਖਣ ਆਪਰੇਸ਼ਨ' ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਰਿਹਾ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਸੰਗਠਨ ਦੇ ਇਲੈਕਟ੍ਰਾਨਿਕ ਅਤੇ ਕਾਗਜ਼ ਆਧਾਰਤ ਵਿੱਤੀ ਅੰਕੜਿਆਂ ਦੀਆਂ ਕਾਪੀਆਂ ਬਣਾ ਰਹੇ ਹਨ। ਇਸ ਘਟਨਾਕ੍ਰਮ ਤੋਂ ਜਾਣੂੰ ਅਧਿਕਾਰੀਆਂ ਨੇ ਦੱਸਿਆ ਕਿ ਇਨਕਮ ਟੈਕਸ ਵਿਭਾਗ ਦੇ ਕਰਮਚਾਰੀ ਮੰਗਲਵਾਰ ਦੁਪਹਿਰ ਕਰੀਬ 11.30 ਬੀਬੀਸੀ ਦੇ ਦਫ਼ਤਰ ਪਹੁੰਚੇ ਅਤੇ ਉਹ ਅਜੇ ਵੀ ਉੱਥੇ ਮੌਜੂਦ ਹਨ। ਟੈਕਸ ਅਧਿਕਾਰੀ ਬੀਬੀਸੀ ਦੇ ਵਿੱਤ ਅਤੇ ਕੁਝ ਹੋਰ ਵਿਭਾਗਾਂ ਦੇ ਕਰਮਚਾਰੀਆਂ ਨਾਲ ਗੱਲ ਕਰ ਰਹੇ ਹਨ, ਜਦੋਂ ਕਿ ਕਰਮਚਾਰੀਆਂ ਅਤੇ ਪੱਤਰਕਾਰਾਂ ਨੂੰ ਮੰਗਲਵਾਰ ਰਾਤ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਕੰਪਿਊਟਰ ਅਤੇ ਮੋਬਾਇਲ ਫ਼ੋਨ ਦੇ 'ਕਲੋਨ' ਬਣਾਏ ਗਏ ਹਨ। ਬੀਬੀਸੀ ਵਲੋਂ 2 ਭਾਗਾਂ ਵਾਲੀ ਸੀਰੀਜ਼ 'India: The Modi Question' ਨੂੰ ਪ੍ਰਸਾਰਿਤ ਕੀਤੇ ਜਾਣ ਦੇ ਕੁਝ ਹਫ਼ਤੇ ਬਾਅਦ ਇਹ ਕਾਰਵਾਈ ਹੋਈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਬਿਹਾਰ ਬੋਰਡ ਇਮਤਿਹਾਨ ਦੇਣ ਪਹੁੰਚਿਆ ਢਾਈ ਫੁੱਟ ਦਾ ਸ਼ਖ਼ਸ, ਸੈਲਫ਼ੀ ਲੈਣ ਦੀ ਲੱਗੀ ਹੋੜ
NEXT STORY