ਅੰਬਾਲਾ- ਹਰਿਆਣਾ ਵਿਚ ਬੀਤੀ ਰਾਤ ਜਨਨਾਇਕ ਜਨਤਾ ਪਾਰਟੀ (JJP) ਅਤੇ ਆਜ਼ਾਦ ਸਮਾਜ ਪਾਰਟੀ (ASP) ਦੇ ਅੰਬਾਲਾ ਸਿਟੀ ਤੋਂ ਉਮੀਦਵਾਰ ਪਾਰੂਲ ਨਾਗਪਾਲ 'ਤੇ ਹਮਲਾ ਕਰ ਦਿੱਤਾ ਗਿਆ। ਹਮਲਾਵਰ ਦੋ ਬਾਈਕਾਂ 'ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ਕੋਲ ਬੇਸਬਾਲ ਦੇ ਬੈਟ ਅਤੇ ਤਲਵਾਰਾਂ ਸਨ। ਇਸ ਤੋਂ ਪਹਿਲਾਂ ਜੀਂਦ ਦੇ ਉਚਾਨਾ ਖੇਤਰ ਵਿਚ ਸਾਬਕਾ ਡਿਪਟੀ ਸੀ. ਐੱਮ. ਦੁਸ਼ਯੰਤ ਚੌਟਾਲਾ ਅਤੇ ASP ਚੀਫ਼ ਚੰਦਰਸ਼ੇਖਰ ਦੇ ਕਾਫ਼ਲੇ 'ਤੇ ਹਮਲਾ ਹੋ ਚੁੱਕਾ ਹੈ।
ਪਾਰੂਲ ਨਾਗਪਾਲ ਨੇ ਦੱਸਿਆ ਕਿ ਕੱਲ੍ਹ ਸ਼ਾਮ ਚੋਣ ਪ੍ਰਚਾਰ ਬੰਦ ਹੋ ਗਿਆ ਸੀ। ਉਸ ਸਮੇਂ ਉਹ ਇਸਮਾਈਲਪੁਰ ਵਿਚ ਸਨ। ਜਦੋਂ ਉਹ ਰਾਤ ਨੂੰ ਆਪਣੀ ਕਾਰ 'ਚ ਉਥੋਂ ਵਾਪਸ ਆ ਰਹੇ ਸਨ ਤਾਂ ਪਿੰਡ ਦੇ ਬਾਹਰ ਸੁੰਨਸਾਨ ਸੜਕ ’ਤੇ ਦੋ ਬਾਈਕ ਖੜ੍ਹੀਆਂ ਸਨ। ਉਨ੍ਹਾਂ 'ਤੇ 4 ਨੌਜਵਾਨ ਸਵਾਰ ਸਨ। ਇਨ੍ਹਾਂ ਨੌਜਵਾਨਾਂ ਨੇ ਆਪਣੇ ਮੂੰਹ ਢਕੇ ਹੋਏ ਸਨ। ਪਾਰੁਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਾਰ ਨੂੰ ਦੇਖਦੇ ਹੀ ਨੌਜਵਾਨਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਹੱਥਾਂ ਵਿਚ ਬੇਸਬਾਲ ਬੈਟ ਅਤੇ ਤਲਵਾਰਾਂ ਸਨ।
ਥੋੜ੍ਹੀ ਦੂਰ ਜਾ ਕੇ ਉਨ੍ਹਾਂ ਨੇ ਬੇਸਬਾਲ ਬੈਟ ਨਾਲ ਗੱਡੀ 'ਤੇ ਹਮਲਾ ਕਰ ਦਿੱਤਾ। ਇਸ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ। ਫਿਰ ਉਨ੍ਹਾਂ ਨੇ ਤਲਵਾਰ ਨਾਲ ਕਾਰ ਦੇ ਅੰਦਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਮਲਾ ਹੁੰਦੇ ਹੀ ਉਨ੍ਹਾਂ ਨੇ ਆਪਣੀ ਕਾਰ ਭਜਾ ਦਿੱਤੀ। ਹਮਲਾਵਰਾਂ ਤੋਂ ਪਿੱਛਾ ਛੁਡਾਉਂਦੇ ਹੋਏ ਕੇ ਪਾਰੂਲ ਸਿੱਧੇ ਨਾਗਲ ਥਾਣੇ ਪਹੁੰਚੇ। ਉਥੇ ਉਨ੍ਹਾਂ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ। ਨਾਗਲ ਥਾਣੇ ਦੇ SHO ਕਰਮਵੀਰ ਨੇ ਕਿਹਾ ਹੈ ਕਿ ਪਾਰੂਲ ਨਾਗਪਾਲ ਦੀ ਸ਼ਿਕਾਇਤ ’ਤੇ ਜਾਂਚ ਕੀਤੀ ਜਾ ਰਹੀ ਹੈ। ਨੇੜੇ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ।
ਮਹਾਰਾਸ਼ਟਰ ਦੇ ਰੈਸਟੋਰੈਂਟ 'ਚ ਲੱਗੀ ਅੱਗ, ਸਾਮਾਨ ਸੜ ਕੇ ਹੋਇਆ ਸੁਆਹ
NEXT STORY