ਨਵੀਂ ਦਿੱਲੀ, (ਇੰਟ.)- ਰਾਸ਼ਟਰ ਅਤੇ ਰਾਸ਼ਟਰ ਭਗਤੀ ਕੀ ਹੁੰਦੀ ਹੈ, ਜੇ ਤੁਸੀਂ ਇਸ ਦੀ ਕੋਈ ਵੰਨਗੀ ਦੇਖਣੀ ਚਾਹੁੰਦੇ ਹੋ ਤਾਂ ਸੀ. ਆਰ. ਪੀ. ਐੱਫ. ਦੇ ਉਨ੍ਹਾਂ ਜਵਾਨਾਂ ਦਾ ਹੌਸਲਾ ਦੇਖੋ, ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਸਾਥੀਆਂ ਨੂੰ ਗੁਆ ਦਿੱਤਾ। ਇੰਨੀ ਵੱਡੀ ਘਟਨਾ ਵਾਪਰਨ ਦੇ ਬਾਵਜੂਦ ਉਹ ਆਪਣੀ ਡਿਊਟੀ ’ਤੇ ਡਟੇ ਹੋਏ ਹਨ।
ਉਕਤ ਹਮਲੇ ਸਬੰਧੀ ਸ਼ਨੀਵਾਰ ਨੂੰ ਇਕ ਜਵਾਨ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਧਮਾਕੇ ਤੋਂ ਪਹਿਲਾਂ ਕਾਫਿਲੇ ’ਤੇ ਪਥਰਾਅ ਕੀਤਾ ਗਿਆ ਸੀ, ਸਾਡੀਆਂ ਮੋਟਰ ਗੱਡੀਆਂ ਧਮਾਕੇ ਦਾ ਸ਼ਿਕਾਰ ਹੋਈ ਬੱਸ ਤੋਂ 35-40 ਬੱਸਾਂ ਪਿੱਛੇ ਸਨ। ਹਮਲੇ ਤੋਂ ਪਹਿਲਾਂ ਅਚਾਨਕ ਕੁਝ ਲੋਕ ਸ਼ਟਰ ਬੰਦ ਕਰ ਰਹੇ ਸਨ ਤੇ ਕੁਝ ਪਥਰਾਅ ਕਰ ਰਹੇ ਸਨ। ਪਥਰਾਅ ਤੋਂ 10 ਮਿੰਟ ਬਾਅਦ ਅਚਾਨਕ ਧਮਾਕਾ ਹੋਇਆ, ਜੋ ਬਹੁਤ ਵੱਡਾ ਸੀ। ਧਮਾਕੇ ਸਮੇਂ ਡਰ ਨਹੀਂ ਸੀ ਪਰ ਗੁੱਸਾ ਬਹੁਤ ਆਇਆ। ਆਪਣੇ ਸਾਥੀਆਂ ਦੇ ਬਲੀਦਾਨ ’ਤੇ ਸਾਥੀ ਜਵਾਨ ਭਾਵੁਕ ਜ਼ਰੂਰ ਹਨ ਪਰ ਉਹ ਆਪਣੇ ਫਰਜ਼ ਨਿਭਾਉਣ ਤੋਂ ਪਿੱਛੇ ਨਹੀਂ ਹਟ ਰਹੇ। ਇਕ ਜਵਾਨ ਨੇ ਕਿਹਾ ਕਿ ਅਜੇ ਵੀ ਸਾਰਾ ਘਟਨਾਚੱਕਰ ਅੱਖਾਂ ਸਾਹਮਣੇ ਘੁੰਮ ਰਿਹਾ ਹੈ, ਉਹ ਦਿਲੋ-ਦਿਮਾਗ ਤੋਂ ਨਹੀਂ ਉੱਤਰ ਰਿਹਾ। ਇਕ ਜਵਾਨ ਨੇ ਦੱਸਿਆ ਕਿ ਅਸੀਂ ਸਵੇਰੇ ਜਲਦੀ ਹੀ ਨਿਕਲ ਪਏ ਸੀ। ਖਾਣ-ਪੀਣ ਦਾ ਸਾਮਾਨ ਨਾਲ ਹੀ ਰੱਖਿਆ ਹੋਇਆ ਸੀ। ਜੰਮੂ ਤੋਂ ਚੱਲ ਕੇ ਬਾਅਦ ਦੁਪਹਿਰ 2 ਵਜੇ ਦੇ ਲਗਭਗ ਅਸੀਂ ਪੁਲਵਾਮਾ ਨੇੜੇ ਪਹੁੰਚੇ ਸੀ। ਅਚਾਨਕ ਧਮਾਕਾ ਹੋ ਗਿਆ। ਧਮਾਕੇ ਪਿੱਛੋਂ ਅਸੀਂ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਸਾਡੇ ਸਾਥੀ ਜਵਾਨ ਸ਼ਹੀਦ ਹੋ ਗਏ ਹਨ। ਕਿਸੇ ਤਰ੍ਹਾਂ ਅਸੀਂ ਜਵਾਨਾਂ ਨੂੰ ਐਂਬੂਲੈਂਸ ’ਚ ਰੱਖਿਆ ਤੇ ਹਸਪਤਾਲ ਪਹੁੰਚਾਇਆ।
ਬਿਨਾਂ ਬੁਲੇਟ ਪਰੂਫ ਵਾਲੀ ਬੱਸ ਨੂੰ ਬਣਾਇਆ ਨਿਸ਼ਾਨਾ
ਸੂਤਰਾਂ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੱਤਵਾਦੀ ਸਰਵਿਸ ਰੋਡ ਵਲੋਂ ਆਏ ਤੇ ਹਮਲੇ ਲਈ ਉਨ੍ਹਾਂ ਉਸ ਇਲਾਕੇ ਨੂੰ ਚੁਣਿਆ ਜਿਥੇ ਢਲਾਨ ਹੋਣ ਕਾਰਨ ਮੋਟਰ ਗੱਡੀਆਂ ਦੀ ਰਫਤਾਰ ਘੱਟ ਹੋ ਜਾਂਦੀ ਹੈ। ਹੋਰ ਤਾਂ ਹੋਰ, ਸੀ. ਆਰ. ਪੀ. ਐੱਫ. ਦੇ ਕਾਫਿਲੇ ਵਿਚ ਸ਼ਾਮਲ ਉਸ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਬੁਲੇਟ ਪਰੂਫ ਨਹੀਂ ਸੀ। ਇਸ ਦਾ ਭਾਵ ਇਹ ਲਿਆ ਜਾ ਸਕਦਾ ਹੈ ਕਿ ਅੱਤਵਾਦੀਆਂ ਕੋਲ ਕਾਫਿਲੇ ਦੀ ਪੂਰੀ ਜਾਣਕਾਰੀ ਪਹਿਲਾਂ ਤੋਂ ਹੀ ਸੀ, ਫਿਰ ਵੀ ਸਾਰੇ ਮਾਮਲੇ ਦੀ ਜਾਂਚ ਹੋ ਰਹੀ ਹੈ। ਐੱਨ. ਆਈ. ਏ. ਦੀ ਟੀਮ 2 ਵਾਰ ਹਮਲੇ ਵਾਲੀ ਥਾਂ ਦਾ ਦੌਰਾ ਕਰ ਚੁੱਕੀ ਹੈ।
25 ਕਿਲੋਮੀਟਰ ਦੇ ਘੇਰੇ ’ਚ ਫੈਲਿਆ ਹੈ ਟੈਰਰ ਹਾਟ ਬੈੱਡ
ਪੁਲਵਾਮਾ ਹਮਲੇ ਦੀ ਜਾਂਚ ਜਿਵੇਂ-ਜਿਵੇਂ ਅੱਗੇ ਵੱਧ ਰਹੀ ਹੈ, ਤਿਵੇਂ-ਤਿਵੇਂ ਅੱਤਵਾਦੀਆਂ ਦੀ ਖੂਨੀ ਸਾਜ਼ਿਸ਼ ਬੇਨਕਾਬ ਹੁੰਦੀ ਜਾ ਰਹੀ ਹੈ। ਐੱਨ. ਆਈ. ਏ. ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੰਮੂ-ਸ਼੍ਰੀਨਗਰ ਹਾਈਵੇ ’ਤੇ 20 ਤੋਂ 25 ਕਿਲੋਮੀਟਰ ਦਾ ਘੇਰਾ ਅੱਤਵਾਦੀਆਂ ਦਾ ਹਾਟ ਬੈੱਡ ਹੈ। ਹਾਟ ਬੈੱਡ ਤੋਂ ਭਾਵ ਇਹ ਹੈ ਕਿ ਅੱਤਵਾਦੀਆਂ ਦਾ ਇਹ ਉਹ ਇਲਾਕਾ ਹੈ, ਜਿਥੇ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਮਜ਼ਬੂਤੀ ਨਾਲ ਪਕੜ ਬਣਾਈ ਹੋਈ ਹੈ। ਹੁਣ ਫੌਜ ਅਤੇ ਸੁਰੱਖਿਆ ਏਜੰਸੀਆਂ ਦੀ ਨਜ਼ਰ ਇਸ ਖੇਤਰ ’ਤੇ ਹੈ। ਇਸ ਹਾਟ ਬੈੱਡ ਵਿਚ ਜੈਸ਼ ਦੇ ਕਈ ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਹੈ। ਇਹ ਇਲਾਕਾ ਪੰਪੋਰ ਤੋਂ ਪੁਲਵਾਮਾ ਦਰਮਿਆਨ ਹੈ। ਇਸ ਖੇਤਰ ਦੇ ਪਿੰਡਾਂ ਦੀ ਵੱਡੀ ਪੱਧਰ ’ਤੇ ਤਲਾਸ਼ੀ ਲਈ ਜਾ ਰਹੀ ਹੈ।
ਇਸ ਖੇਤਰ ’ਚ ਹੋਏ ਹਨ 10 ਹਮਲੇ
ਉਕਤ ਇਲਾਕੇ ਨੂੰ ‘ਜ਼ੀਰੋ-ਇਨ’ ਕਰਨ ਲਈ ਫੌਜ ਅਤੇ ਸੁਰੱਖਿਆ ਏਜੰਸੀਆਂ ਨੇ ਸੁਰੱਖਿਆ ਫੋਰਸਾਂ ਤੇ ਰੋਡ ਆਪ੍ਰੇਟਿੰਗ ਪਾਰਟੀ ’ਤੇ ਹੋਏ ਪੁਰਾਣੇ ਹਮਲਿਆਂ ਨੂੰ ਧਿਆਨ ਵਿਚ ਰੱਖਿਆ ਹੈ। ਇਨ੍ਹਾਂ ਹਮਲਿਆਂ ਨੂੰ ਮੈਪ ’ਤੇ ਪਾਇਆ ਗਿਆ ਤਾਂ ਪਤਾ ਲੱਗਾ ਕਿ 2014 ਤੋਂ 2018 ਦਰਮਿਆਨ 20 ਤੋਂ 25 ਕਿਲੋਮੀਟਰ ਦੇ ਇਸ ਘੇਰੇ ਵਿਚ ਕੁਲ 10 ਹਮਲੇ ਹੋਏ ਸਨ।
ਬਿਹਾਰ ਤੇ ਝਾਰਖੰਡ ਦੌਰੇ 'ਤੇ ਮੋਦੀ (ਪੜ੍ਹੋ 17 ਫਰਵਰੀ ਦੀਆਂ ਖਾਸ ਖਬਰਾਂ)
NEXT STORY