ਬੀਦਰ- ਕਰਨਾਟਕ ਦੇ ਸਾਬਕਾ ਮੰਤਰੀ ਭੀਮੰਨਾ ਖਾਂਡਰੇ ਦਾ 102 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪੁੱਤਰ ਅਤੇ ਕਰਨਾਟਕ ਦੇ ਜੰਗਲਾਤ ਮੰਤਰੀ ਈਸ਼ਵਰ ਖਾਂਡਰੇ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੁੱਕਰਵਾਰ ਰਾਤ ਭਾਲਕੀ ਸਥਿਤ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਿਆ। ਸੁਤੰਤਰਤਾ ਸੈਨਾਨੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਭੀਮੰਨਾ ਖਾਂਡਰੇ ਪਿਛਲੇ 10-12 ਦਿਨਾਂ ਤੋਂ ਬੁਢਾਪੇ ਸੰਬੰਧੀ ਬੀਮਾਰੀਆਂ ਅਤੇ ਸਾਹ ਦੀ ਤਕਲੀਫ ਕਾਰਨ ਬੀਦਰ ਦੇ ਇਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਸਨ।
ਸਿਆਸੀ ਅਤੇ ਸਮਾਜਿਕ ਸਫ਼ਰ
ਭੀਮੰਨਾ ਖਾਂਡਰੇ ਵੀਰਸ਼ੈਵ ਲਿੰਗਾਇਤ ਭਾਈਚਾਰੇ ਦੇ ਇਕ ਪ੍ਰਮੁੱਖ ਆਗੂ ਸਨ ਅਤੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਵੀਰੱਪਾ ਮੋਇਲੀ ਦੀ ਸਰਕਾਰ 'ਚ ਰਾਜ ਦੇ ਟਰਾਂਸਪੋਰਟ ਮੰਤਰੀ ਵਜੋਂ ਸੇਵਾ ਨਿਭਾਈ ਸੀ। ਉਹ ਕਲਿਆਣ ਕਰਨਾਟਕ ਖੇਤਰ ਦੇ ਇਕ ਅਹਿਮ ਸਹਿਕਾਰੀ ਆਗੂ ਵਜੋਂ ਵੀ ਜਾਣੇ ਜਾਂਦੇ ਸਨ। ਉਨ੍ਹਾਂ ਦੇ ਪਰਿਵਾਰ 'ਚ ਦੋ ਪੁੱਤਰ ਅਤੇ ਚਾਰ ਬੇਟੀਆਂ ਹਨ। ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਸ਼ਨੀਵਾਰ ਨੂੰ ਸ਼ਰਧਾਂਜਲੀ ਲਈ ਰੱਖਿਆ ਜਾਵੇਗਾ ਅਤੇ ਸ਼ਾਮ ਨੂੰ ਵੀਰਸ਼ੈਵ ਲਿੰਗਾਇਤ ਪਰੰਪਰਾ ਅਨੁਸਾਰ ਭਾਲਕੀ ਦੇ ਸ਼ਾਂਤੀ ਧਾਮ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਆਜ਼ਾਦੀ ਅਤੇ ਕਰਨਾਟਕ ਦੇ ਏਕੀਕਰਣ 'ਚ ਭੂਮਿਕਾ
ਮੁੱਖ ਮੰਤਰੀ ਸਿੱਧਰਮਈਆ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਖਾਂਡਰੇ ਨੇ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਆਜ਼ਾਦੀ ਦੀ ਲੜਾਈ 'ਚ ਸਰਗਰਮ ਹਿੱਸਾ ਲਿਆ ਸੀ। ਉਹ ਕਰਨਾਟਕ ਏਕੀਕਰਣ ਅੰਦੋਲਨ 'ਚ ਵੀ ਮੋਹਰੀ ਸਨ ਅਤੇ ਉਨ੍ਹਾਂ ਨੇ ਬੀਦਰ ਜ਼ਿਲ੍ਹੇ ਨੂੰ ਕਰਨਾਟਕ ਦਾ ਹਿੱਸਾ ਬਣਾਈ ਰੱਖਣ ਲਈ ਸਖ਼ਤ ਸੰਘਰਸ਼ ਕੀਤਾ ਅਤੇ ਸਫਲਤਾ ਹਾਸਲ ਕੀਤੀ।
ਦਿੱਗਜ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਉਨ੍ਹਾਂ ਦੇ ਅਕਾਲ ਚਲਾਣੇ 'ਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ, ਸਾਬਕਾ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ, ਬਸਵਰਾਜ ਬੋਮਈ, ਕੇਂਦਰੀ ਮੰਤਰੀ ਐਚ. ਡੀ. ਕੁਮਾਰਸਵਾਮੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਬੀ. ਵਾਈ. ਵਿਜੇਂਦਰ ਸਮੇਤ ਕਈ ਹੋਰ ਸਿਆਸੀ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖਾਂਡਰੇ ਦੇ ਜੀਵਨ ਦੇ ਨਿਸ਼ਾਨ ਇਸ ਧਰਤੀ 'ਤੇ ਹਮੇਸ਼ਾ ਅਮਰ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਾਸਟਰ ਜੀ ਦੀ ਹੋਈ ਬਦਲੀ ! ਵਿਦਿਆਰਥੀਆਂ ਦਾ ਰੋ-ਰੋ ਹੋਇਆ ਬੁਰਾ ਹਾਲ, ਵਿਭਾਗ ਖ਼ਿਲਾਫ਼ ਖੋਲ੍ਹ'ਤਾ ਮੋਰਚਾ
NEXT STORY