ਇੰਟਰਨੈਸ਼ਨਲ ਡੈਸਕ- ਭਾਰਤੀ ਸੁਰੱਖਿਆ ਏਜੰਸੀਆਂ ਲਈ ਇੱਕ ਵੱਡੀ ਕਾਰਵਾਈ ਨੂੰ ਸਫ਼ਲਤਾਪੂਰਵਕ ਅੰਜਾਮ ਦਿੰਦਿਆਂ ਵਿਦੇਸ਼ਾਂ ਤੋਂ ਆਪਣਾ ਨੈੱਟਵਰਕ ਚਲਾ ਰਹੇ ਦੇਸ਼ ਦੇ ਦੋ ਮੋਸਟ ਵਾਂਟੇਡ ਗੈਂਗਸਟਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਨ੍ਹਾਂ ਗੈਂਗਸਟਰਾਂ ਵਿੱਚੋਂ ਇੱਕ ਵੈਂਕਟੇਸ਼ ਗਰਗ ਨੂੰ ਜਾਰਜੀਆ ਤੋਂ, ਜਦਕਿ ਦੂਜੇ ਭਾਨੂ ਰਾਣਾ ਅਮਰੀਕਾ ਤੋਂ ਕਾਬੂ ਕੀਤਾ ਗਿਆ ਹੈ। ਹਰਿਆਣਾ ਪੁਲਸ ਸਮੇਤ ਕਈ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ ਹੈ। ਦੋਵਾਂ ਨੂੰ ਜਲਦੀ ਹੀ ਭਾਰਤ ਡਿਪੋਰਟ ਕੀਤੇ ਜਾਣ ਦੀ ਉਮੀਦ ਹੈ।
ਵੈਂਕਟੇਸ਼ ਗਰਗ ਜੋ ਕਿ ਹਰਿਆਣਾ ਦੇ ਨਾਰਾਇਣਗੜ੍ਹ ਦਾ ਮੂਲ ਨਿਵਾਸੀ ਹੈ, ਖ਼ਿਲਾਫ਼ 10 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਉਹ ਗੁਰੂਗ੍ਰਾਮ ਵਿੱਚ ਇੱਕ ਬਹੁਜਨ ਸਮਾਜ ਪਾਰਟੀ (ਬਸਪਾ) ਨੇਤਾ ਦੇ ਕਤਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਾਰਜੀਆ ਫਰਾਰ ਹੋ ਗਿਆ ਸੀ ਤੇ ਵਿਦੇਸ਼ ਵਿੱਚ ਬੈਠੇ ਇੱਕ ਹੋਰ ਗੈਂਗਸਟਰ ਕਪਿਲ ਸਾਂਗਵਾਨ ਨਾਲ ਸਾਂਝੇਦਾਰੀ ਵਿੱਚ ਫਿਰੌਤੀ ਦਾ ਸਿੰਡੀਕੇਟ ਚਲਾ ਰਿਹਾ ਸੀ।

ਅਧਿਕਾਰੀਆਂ ਅਨੁਸਾਰ ਗਰਗ ਹਰਿਆਣਾ, ਰਾਜਸਥਾਨ, ਦਿੱਲੀ ਅਤੇ ਉੱਤਰੀ ਭਾਰਤ ਦੇ ਹੋਰ ਸੂਬਿਆਂ ਦੇ ਨੌਜਵਾਨਾਂ ਨੂੰ ਆਪਣੇ ਅਪਰਾਧਿਕ ਨੈੱਟਵਰਕ ਵਿੱਚ ਸਰਗਰਮੀ ਨਾਲ ਭਰਤੀ ਕਰ ਰਿਹਾ ਸੀ। ਹਿਰਾਸਤ 'ਚ ਲਏ ਜਾਣ ਮਗਰੋਂ ਵੈਂਕਟੇਸ਼ ਗਰਗ ਨੂੰ ਬਹੁਤ ਜਲਦ ਜਾਰਜੀਆ ਤੋਂ ਭਾਰਤ ਹਵਾਲੇ ਕੀਤਾ ਜਾਵੇਗਾ। ਉਸ ਨੂੰ ਭਾਰਤ ਲਿਆਉਣ ਲਈ ਹਰਿਆਣਾ ਐੱਸ.ਪੀ. ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਟੀਮ ਜਾਰਜੀਆ ਪਹੁੰਚ ਚੁੱਕੀ ਹੈ।
ਇਹ ਵੀ ਪੜ੍ਹੋ- ਲਓ ਜੀ..; ਹੁਣ 'ਸ਼ੂਗਰ' ਦੇ ਮਰੀਜ਼ਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ !
ਉੱਥੇ ਹੀ ਦੂਜਾ ਮੁਲਜ਼ਮ ਭਾਨੂ ਰਾਣਾ, ਜੋ ਮੂਲ ਰੂਪ ਵਿੱਚ ਕਰਨਾਲ (ਹਰਿਆਣਾ) ਦਾ ਰਹਿਣ ਵਾਲਾ ਹੈ, ਭਾਰਤ ਦੇ ਸਭ ਤੋਂ ਖੌਫਨਾਕ ਅਪਰਾਧਿਕ ਨੈਟਵਰਕਾਂ ਵਿੱਚੋਂ ਇੱਕ ਲਾਰੈਂਸ ਬਿਸ਼ਨੋਈ ਗੈਂਗ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ। ਉਸ ਖਿਲਾਫ ਹਰਿਆਣਾ, ਪੰਜਾਬ ਅਤੇ ਦਿੱਲੀ ਵਿੱਚ ਕਈ ਮਾਮਲੇ ਦਰਜ ਹਨ। ਉਸ ਦਾ ਨਾਮ ਪੰਜਾਬ ਵਿੱਚ ਹੋਏ ਇੱਕ ਗ੍ਰੇਨੇਡ ਹਮਲੇ ਦੀ ਜਾਂਚ ਦੌਰਾਨ ਵੀ ਸਾਹਮਣੇ ਆਇਆ ਸੀ।

ਇਸ ਸਬੰਧੀ ਜੂਨ ਵਿੱਚ ਕਰਨਾਲ ਦੀ ਸਪੈਸ਼ਲ ਟਾਸਕ ਫੋਰਸ (STF) ਨੇ ਹੈਂਡ ਗ੍ਰਨੇਡ, ਪਿਸਤੌਲ ਅਤੇ ਗੋਲਾ ਬਾਰੂਦ ਲੈ ਕੇ ਜਾ ਰਹੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਸੀ ਕਿ ਉਹ ਰਾਣਾ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਭਾਨੂ ਰਾਣਾ ਨੂੰ ਵੀ ਜਲਦੀ ਹੀ ਅਮਰੀਕਾ ਤੋਂ ਭਾਰਤ ਡਿਪੋਰਟ ਕੀਤਾ ਜਾਵੇਗਾ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਗ ਅਤੇ ਰਾਣਾ ਦੀ ਗ੍ਰਿਫ਼ਤਾਰੀ ਨੇ ਭਾਰਤੀ ਗੈਂਗਸਟਰਾਂ ਦੇ ਇੱਕ ਵੱਡੇ ਅੰਤਰਰਾਸ਼ਟਰੀ ਗਠਜੋੜ ਦਾ ਪਰਦਾਫਾਸ਼ ਕੀਤਾ ਹੈ ਜੋ ਵਿਦੇਸ਼ੀ ਠਿਕਾਣਿਆਂ ਦੀ ਵਰਤੋਂ ਕਰ ਕੇ ਭਾਰਤ ਵਿੱਚ ਅਪਰਾਧਿਕ ਕਾਰਵਾਈਆਂ ਕਰਵਾ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਦੋ ਦਰਜਨ ਤੋਂ ਵੱਧ ਪ੍ਰਮੁੱਖ ਭਾਰਤੀ ਗੈਂਗਸਟਰ ਵਰਤਮਾਨ ਵਿੱਚ ਵਿਦੇਸ਼ਾਂ ਵਿੱਚ ਬੈਠੇ ਹਨ, ਜੋ ਭਾਰਤ ਵਿੱਚ ਕਿਰਾਏ ਦੇ ਕਰਿੰਦਿਆਂ ਰਾਹੀਂ ਫਿਰੌਤੀ ਅਤੇ ਤਸਕਰੀ ਦੇ ਰੈਕੇਟ ਚਲਾ ਰਹੇ ਹਨ। ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਕਲਮੇਗੀ ਮਗਰੋਂ ਇਕ ਹੋਰ ਭਿਆਨਕ ਤੂਫ਼ਾਨ ਵਰ੍ਹਾਉਣ ਜਾ ਰਿਹਾ ਕਹਿਰ ! ਫਿਲੀਪੀਨਜ਼ 'ਚ ਐਮਰਜੈਂਸੀ ਦਾ ਐਲਾਨ
ਗੁੰਮ ਹੋ ਗਿਆ ਤੁਹਾਡਾ ਆਧਾਰ ਕਾਰਡ ਤੇ ਨੰਬਰ ਵੀ ਨਹੀਂ ਯਾਦ ! ਘਰ ਬੈਠੇ ਕਰੋ ਇਹ ਕੰਮ, ਫ੍ਰੀ 'ਚ ਮਿਲੇਗੀ ਪੂਰੀ Detail
NEXT STORY