ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਸੋਨਮਰਗ ਇਲਾਕੇ 'ਚ ਐਤਵਾਰ ਸ਼ਾਮ ਨੂੰ ਅੱਤਵਾਦੀਆਂ ਨੇ 7 ਲੋਕਾਂ ਦੀ ਹੱਤਿਆ ਕਰ ਦਿੱਤੀ। ਇਨ੍ਹਾਂ ਵਿੱਚੋਂ ਪੰਜ ਲੋਕ ਗੈਰ-ਸਥਾਨਕ ਹਨ, ਜਿਨ੍ਹਾਂ ਵਿੱਚੋਂ ਦੋ ਅਧਿਕਾਰੀ ਵਰਗ ਨਾਲ ਸਬੰਧਤ ਹਨ ਅਤੇ ਤਿੰਨ ਮਜ਼ਦੂਰ ਹਨ। ਇਨ੍ਹਾਂ ਤੋਂ ਇਲਾਵਾ ਇਸ ਹਮਲੇ ਵਿਚ ਇਕ ਸਥਾਨਕ ਡਾਕਟਰ ਦੀ ਵੀ ਮੌਤ ਹੋ ਗਈ ਹੈ। ਹਮਲੇ 'ਚ 5 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਉਪ ਜ਼ਿਲ੍ਹਾ ਹਸਪਤਾਲ ਅਤੇ SKIMS ਸ਼੍ਰੀਨਗਰ 'ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਹਮਲਾ ਨਿਰਮਾਣ ਅਧੀਨ ਇਕ ਸੁਰੰਗ ਨੇੜੇ ਹੋਇਆ।
ਸੁਰੱਖਿਆ ਬਲਾਂ ਦੀ ਟੀਮ ਮੌਕੇ 'ਤੇ ਮੌਜੂਦ ਹੈ ਅਤੇ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ, ਜਦਕਿ ਡੀਜੀਪੀ ਸਮੇਤ ਉੱਚ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਹਮਲੇ ਦੀ ਨਿੰਦਾ ਕੀਤੀ ਅਤੇ ਉਪ ਰਾਜਪਾਲ ਨੇ ਵੀ ਕਿਹਾ ਕਿ ਪੁਲਸ, ਫੌਜ ਅਤੇ ਸੁਰੱਖਿਆ ਬਲਾਂ ਨੂੰ ਪੂਰੀ ਆਜ਼ਾਦੀ ਦਿੱਤੀ ਗਈ ਹੈ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਮਜ਼ਦੂਰਾਂ 'ਤੇ ਹਮਲਾ ਕੀਤਾ ਗਿਆ ਉਹ ਜ਼ੈੱਡ ਮੋਰ ਟਨਲ 'ਤੇ ਕੰਮ ਕਰ ਰਹੀ ਉਸਾਰੀ ਟੀਮ ਦਾ ਹਿੱਸਾ ਸਨ, ਜੋ ਮੱਧ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਗਗਨੀਰ ਨੂੰ ਸੋਨਮਰਗ ਨਾਲ ਜੋੜਦੀ ਹੈ। ਜੰਮੂ ਕਸ਼ਮੀਰ ਪੁਲਸ ਨੇ ਦੱਸਿਆ ਕਿ ਇਲਾਕੇ ਨੂੰ ਘੇਰ ਲਿਆ ਗਿਆ ਹੈ।
ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਅਮਿਤ ਸ਼ਾਹ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਕਿਹਾ, "ਇਸ ਘਿਨਾਉਣੇ ਅਪਰਾਧ ਵਿਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਡੇ ਸੁਰੱਖਿਆ ਬਲਾਂ ਵੱਲੋਂ ਸਖ਼ਤ ਜਵਾਬ ਦਿੱਤਾ ਜਾਵੇਗਾ। ਇਸ ਅਤਿ ਦੁੱਖ ਦੀ ਘੜੀ ਵਿਚ ਮੈਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ।"
ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਹਮਲੇ ਦੀ ਕੀਤੀ ਨਿੰਦਾ
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਗੋਲੀਬਾਰੀ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ, ''ਗਗਨੀਰ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ ਸਪੱਸ਼ਟ ਨਹੀਂ ਹੈ ਕਿਉਂਕਿ ਸਥਾਨਕ ਅਤੇ ਗੈਰ-ਸਥਾਨਕ ਦੋਵੇਂ ਤਰ੍ਹਾਂ ਦੇ ਮਜ਼ਦੂਰ ਜ਼ਖਮੀ ਹੋਏ ਹਨ। ਪ੍ਰਾਰਥਨਾ ਕੀਤੀ ਜਾਂਦੀ ਹੈ ਕਿ ਜ਼ਖਮੀ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਣ, ਕਿਉਂਕਿ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀਆਂ ਨੂੰ ਸ਼੍ਰੀਨਗਰ ਦੇ SKIMS ਵਿਚ ਭੇਜਿਆ ਜਾ ਰਿਹਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਿਲਾ ਕਲਾਕਾਰ ਨਾਲ ਦੋਸਤ ਦੇ ਸਾਥੀ ਨੇ ਕੀਤੀ ਗੰਦੀ ਕਰਤੂਤ, ਦਰਵਾਜ਼ਾ ਭੰਨ ਕੇ ਵੜ ਆਇਆ ਅੰਦਰ ਤੇ ਫਿਰ...
NEXT STORY