ਨਵੀਂ ਦਿੱਲੀ– ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਤਿੰਨਾਂ ਹੀ ਸੂਬਿਆਂ ਵਿਚ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਮੂੰਹ ਦੀ ਖਾਣੀ ਪਈ ਸੀ ਪਰ ਇਸ ਵਾਰ ਪਾਰਟੀ ਨੇ ਹੁਣੇ ਤੋਂ ਹੀ ਆਪਣੀ ਤਾਕਤ ਲਾਉਣੀ ਸ਼ੁਰੂ ਕਰ ਦਿੱਤੀ ਹੈ। ਸਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਨੂੰ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ। ਭਾਜਪਾ ਨੂੰ ਆਪਣੇ ਕਰੀਬੀ ਸੰਗਠਨਾਂ ਜਿਨ੍ਹਾਂ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਮੁਖੀ ਹੈ, ਤੋਂ ਜੋ ਆਊਟਪੁੱਟ ਮਿਲ ਰਹੀ ਹੈ, ਉਸ ਵਿਚ ਹਾਲਾਤ ਮਿਲੇ-ਜੁਲੇ ਹਨ। ਜ਼ਮੀਨੀ ਰਿਪੋਰਟ ਵਿਚ ਰਾਜਸਥਾਨ ਤੋਂ ਚੰਗੇ ਅਨੁਮਾਨ ਮਿਲ ਰਹੇ ਹਨ ਪਰ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਚੌਕਸੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਇਨ੍ਹਾਂ ਸੂਬਿਆਂ ਵਿਚ ਅਗਲੇ ਸਾਲ ਦੇ ਅਖੀਰ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। 2018 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਨ੍ਹਾਂ ਤਿੰਨਾਂ ਸੂਬਿਆਂ ਵਿਚ ਕਾਂਗਰਸ ਦੀ ਸਰਕਾਰ ਬਣੀ ਸੀ ਪਰ ਭਾਜਪਾ ਨੇ ਜੋੜ-ਤੋੜ ਦੇ ਨਾਲ ਮੱਧ ਪ੍ਰਦੇਸ਼ ਵਿਚ ਆਪਣੀ ਸਰਕਾਰ ਸਥਾਪਤ ਕਰ ਲਈ। ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਕਾਂਗਰਸ ਦੀ ਸਰਕਾਰ ਹੈ। ਭਾਜਪਾ ਨੂੰ ਸੰਕੇਤ ਮਿਲ ਰਹੇ ਹਨ ਕਿ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਇਕ ਵਾਰ ਫਿਰ ਤੋਂ ਮੁਸ਼ਕਲਾਂ ਭਰੇ ਸਾਬਿਤ ਹੋ ਸਕਦੇ ਹਨ। ਹਾਲ ਹੀ ਵਿਚ ਮੱਧ ਪ੍ਰਦੇਸ਼ ਵਿਚ ਹੋਈਆਂ ਲੋਕਲ ਬਾਡੀਜ਼ ਚੋਣਾਂ ਵਿਚ ਭਾਜਪਾ ਨੂੰ ਇਸ ਦਾ ਟ੍ਰੇਲਰ ਮਿਲ ਚੁੱਕਾ ਹੈ। ਛੱਤੀਸਗੜ੍ਹ ਵਿਚ ਵੀ ਕਾਂਗਰਸ ਸਰਕਾਰ ਨੂੰ ਚੁਣੌਤੀ ਦਿੰਦੀ ਭਾਜਪਾ ਨਹੀਂ ਦਿਖ ਰਹੀ ਹੈ।
ਭਾਜਪਾ ਨੇ ਬਦਲੀ ਰਣਨੀਤੀ
ਜਿਸ ਤਰ੍ਹਾਂ ਮੱਧ ਪ੍ਰਦੇਸ਼ ਵਿਚ ਲੋਕਲ ਬਾਡੀਜ਼ ਚੋਣਾਂ ਵਿਚ ਭਾਜਪਾ ਨੂੰ ਝਟਕਾ ਲੱਗਾ ਹੈ, ਉਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਸੂਬਿਆਂ ਵਿਚ ਰਣਨੀਤੀ ਬਦਲ ਲਈ ਹੈ, ਜਿਥੇ ਪਾਰਟੀ ਨੂੰ ਸਥਿਤੀ ਖਰਾਬ ਲੱਗ ਰਹੀ ਸੀ। ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਇਸ ਦੀ ਵੱਡੀ ਉਦਾਹਰਣ ਹੈ। ਪਾਰਟੀ ਨੇ ਕਿਸੇ ਸਮੇਂ ਪੰਜਾਬ ਦੇ ਇੰਚਾਰਜ ਰਹੇ ਅਜੇ ਜੰਬਾਲ ਨੂੰ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦਾ ਖੇਤਰੀ ਸੰਗਠਨ ਮੰਤਰੀ ਤਾਇਨਾਤ ਕੀਤਾ ਹੈ। ਇਨ੍ਹਾਂ ਦਾ ਕੇਂਦਰ ਰਾਏਪੁਰ ਰਹੇਗਾ। ਲੋਕਲ ਬਾਡੀਜ਼ ਚੋਣਾਂ ਵਿਚ ਭਾਜਪਾ ਦੇ 16 ਵਿਚੋਂ 15 ਨਗਰ ਨਿਗਮ ਦੇ ਮੇਅਰ ਹੱਥੋਂ ਨਿਕਲ ਗਏ। ਇਸ ਵਿਚ ਗਵਾਲੀਅਰ ਅਤੇ ਚੰਬਲ ਖੇਤਰ ਸ਼ਾਮਲ ਹੈ, ਜਿਥੇ ਭਾਜਪਾ ਦੀ ਮਜ਼ਬੂਤ ਪਕੜ ਨਹੀਂ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਭਾਜਪਾ ਦਾ ਮੱਧ ਪ੍ਰਦੇਸ਼ ਸੰਗਠਨ ਸਭ ਤੋਂ ਮਜ਼ਬੂਤ ਮੰਨਿਆ ਜਾ ਰਿਹਾ ਹੈ ਪਰ ਇਸ ਤੋਂ ਬਾਅਦ ਵੀ ਪਾਰਟੀ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ।
ਸਮਾਜਿਕ ਸਮੀਕਰਣ ’ਤੇ ਨਿਸ਼ਾਨਾ
ਭਾਰਤੀ ਜਨਤਾ ਪਾਰਟੀ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿਚ ਸਮਾਜਿਕ ਸਮੀਕਰਣ ਸਾਧਨ ’ਤੇ ਜ਼ੋਰ ਦੇਣ ਲੱਗੀ ਹੈ। ਕਾਰਨ ਇਹ ਹੈ ਕਿ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੋਵਾਂ ਹੀ ਸੂਬਿਆਂ ਵਿਚ ਪਾਰਟੀ ਦੀ ਰਾਹ ਕਾਫੀ ਮੁਸ਼ਕਲਾਂ ਭਰੀ ਹੈ। ਬੇਸ਼ੱਕ ਪਾਰਟੀ ਨੇ ਦ੍ਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਬਣਾ ਕੇ ਆਦਿਵਾਸੀ ਭਾਈਚਾਰੇ ਤੋਂ ਹਮਾਇਤ ਲੈਣ ਦੀ ਕੋਸ਼ਿਸ਼ ਕੀਤੀ ਹੈ ਪਰ ਪੱਛੜਾ ਵਰਗ ਭਾਈਚਾਰੇ ਵਿਚ ਸੰਨ੍ਹ ਲਾਉਣ ਲਈ ਹੁਣ ਭਾਜਪਾ ਕੋਲ ਕੁਝ ਨਹੀਂ ਹੈ। ਉਥੇ ਹੀ ਭੂਪੇਸ਼ ਬਘੇਲ ਕਾਂਗਰਸ ਦਾ ਕਿਲਾ ਮਜ਼ਬੂਤ ਕਰਨ ਲਈ ਕਾਫੀ ਮਦਦਗਾਰ ਸਾਬਿਤ ਹੋ ਰਹੇ ਹਨ।
ਅਰਪਿਤਾ ਮੁਖਰਜੀ ਦੀ ਜਾਨ ਨੂੰ ਖ਼ਤਰਾ, ED ਨੇ ਕਿਹਾ- ਉਸ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਪਹਿਲਾਂ ਹੋਵੇ ਜਾਂਚ
NEXT STORY