ਨਵੀਂ ਦਿੱਲੀ (ਵਾਰਤਾ)— ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਕਿਹਾ ਹੈ ਕਿ ਬੱਚੇ ਨੂੰ ਦੁੱਧ ਚੁੰਘਾਉਣ ਤੋਂ ਕੋਰੋਨਾ ਵਾਇਰਸ ਦਾ ਖਤਰਾ ਨਹੀਂ ਹੈ। ਇਸ ਲਈ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਪੀੜਤ ਮਾਵਾਂ ਆਪਣੇ ਬੱਚੇ ਨੂੰ ਦੁੱਧ ਚੁੰਘਾ ਸਕਦੀਆਂ ਹਨ। ਡਬਲਿਊ. ਐੱਚ. ਓ. ਦੇ ਜਨਰਲ ਡਾਇਰੈਕਟਰ ਡਾ. ਤੇਦਰੋਸ ਗੇਬ੍ਰੀਯੇਸਸ ਨੇ ਕੋਵਿਡ-19 'ਤੇ ਨਿਯਮਿਤ ਪ੍ਰੈੱਸ ਕਾਨਫਰੰਸ ਦੌਰਾਨ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਤੋਂ ਪੀੜਤ ਜਾਂ ਲਾਗ ਦਾ ਸ਼ੱਕ ਹੋਣ 'ਤੇ ਵੀ ਬੱਚੇ ਨੂੰ ਆਪਣਾ ਦੁੱਧ ਚੁੰਘਾਉਣ ਲਈ ਮਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਜਦੋਂ ਤੱਕ ਮਾਂ ਬਹੁਤ ਜ਼ਿਆਦਾ ਬੀਮਾਰੀ ਨਹੀਂ ਹੈ, ਬੱਚੇ ਨੂੰ ਉਸ ਤੋਂ ਵੱਖ ਨਹੀਂ ਕੀਤਾ ਜਾਣਾ ਚਾਹੀਦਾ। ਸੰਗਠਨ ਵਿਚ ਮਾਂ, ਬੱਚੇ, ਬਾਲ ਅਤੇ ਕਿਸ਼ੋਰ ਸਿਹਤ ਦੇ ਡਾਇਰੈਕਟਰ ਡਾ. ਅੰਸ਼ੂ ਬੈਨਰਜੀ ਨੇ ਕਿਹਾ ਕਿ ਦੁੱਧ ਚੁੰਘਾਉਣ ਜ਼ਰੀਏ ਕੋਰੋਨਾ ਵਾਇਰਸ ਦਾ ਹੁਣ ਤੱਕ ਕੋਈ ਸਬੂਤ ਨਹੀਂ ਮਿਲਿਆ ਹੈ।
ਇਕ ਪ੍ਰਸ਼ਨ ਦੇ ਉੱਤਰ 'ਚ ਉਨ੍ਹਾਂ ਇਹ ਵੀ ਕਿਹਾ ਕਿ ਮਾਂ ਦੇ ਦੁੱਧ ਵਿਚ ਸਾਨੂੰ ਹੁਣ ਤੱਕ ਜ਼ਿੰਦਾ ਵਾਇਰਸ ਨਹੀਂ ਮਿਲਿਆ ਹੈ। ਮਾਂ ਦੇ ਦੁੱਧ ਵਿਚ ਕੋਵਿਡ-19 ਵਾਇਰਸ ਦੇ ਆਰ. ਐੱਨ. ਏ. ਦੇ ਅੰਸ਼ ਮਿਲੇ ਹਨ ਪਰ ਜ਼ਿੰਦਾ ਵਾਇਰਸ ਨਹੀਂ ਮਿਲਿਆ ਹੈ। ਇਸ ਲਈ ਮਾਂ ਤੋਂ ਬੱਚੇ ਨੂੰ ਕੋਰੋਨਾ ਵਾਇਰਸ ਹੋਣ ਦਾ ਹੁਣ ਤੱਕ ਕੋਈ ਸਬੂਤ ਨਹੀਂ ਮਿਲਿਆ ਹੈ। ਡਾ. ਤੇਦਰੋਸ ਨੇ ਕਿਹਾ ਕਿ ਡਬਲਿਊ. ਐੱਚ. ਓ. ਨੇ ਦੁੱਧ ਚੁੰਘਾਉਣ ਦੌਰਾਨ ਮਾਂ ਤੋਂ ਬੱਚੇ ਨੂੰ ਕੋਵਿਡ-19 ਦੇ ਜ਼ੋਖਮ ਦਾ ਸਾਵਧਾਨੀ ਪੂਰਵਕ ਅਧਿਐਨ ਕੀਤਾ ਹੈ। ਅਸੀਂ ਜਾਣਦੇ ਹਾਂ ਕਿ ਬੱਚਿਆਂ ਨੂੰ ਕੋਵਿਡ-19 ਦਾ ਖਤਰਾ ਘੱਟ ਹੁੰਦਾ ਹੈ, ਜਦਕਿ ਕੁਝ ਅਜਿਹੀਆਂ ਬੀਮਾਰੀਆਂ ਦਾ ਖਤਰਾ ਵੱਧ ਹੁੰਦਾ ਹੈ, ਜਿਨ੍ਹਾਂ ਨੂੰ ਦੁੱਧ ਚੁੰਘਾ ਕੇ ਖਤਮ ਕੀਤਾ ਜਾ ਸਕਦਾ ਹੈ। ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਮੌਜੂਦਾ ਸਬੂਤਾਂ ਦੇ ਆਧਾਰ 'ਤੇ ਡਬਲਿਊ. ਐੱਚ. ਓ. ਦੀ ਸਲਾਹ ਹੈ ਕਿ ਦੁੱਧ ਚੁੰਘਾਉਣ ਨਾਲ ਕੋਵਿਡ-19 ਹੋਣ ਦੇ ਖਤਰੇ ਦੀ ਤੁਲਨਾ ਵਿਚ ਇਸ ਦੇ ਫਾਇਦੇ ਕਿਤੇ ਵੱਧ ਹਨ।
ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਦਿਸ਼ਾ-ਨਿਰੇਦਸ਼
ਹਾਲਾਂਕਿ ਡਬਲਿਊ. ਐੱਚ. ਓ. ਨੇ ਕੋਵਿਡ-19 ਪੀੜਤ ਮਾਵਾਂ ਵਲੋਂ ਦੁੱਧ ਚੁੰਘਾਉਣ ਬਾਰੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਦੁੱਧ ਚੁੰਘਾਉਣ ਤੋਂ ਪਹਿਲਾਂ ਮਾਂ ਨੂੰ ਮਾਸਕ ਪਹਿਨਣਾ ਚਾਹੀਦਾ ਹੈ। ਬੱਚੇ ਨੂੰ ਗੋਦ 'ਚ ਲੈਣ ਜਾਂ ਹੱਥ ਲਾਉਣ ਤੋਂ ਪਹਿਲਾਂ ਅਤੇ ਬਾਅਦ 'ਚ ਆਪਣੇ ਹੱਥ ਧੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਆਲੇ-ਦੁਆਲੇ ਦੀ ਥਾਂ ਨੂੰ ਸਾਫ-ਸੁਥਰਾ ਅਤੇ ਵਾਇਰਸ ਮੁਕਤ ਕਰਨਾ ਚਾਹੀਦਾ ਹੈ।
ਹੌਂਸਲੇ ਨੂੰ ਸਲਾਮ : 18 ਦਿਨਾਂ ਤੱਕ ਵੈਂਟੀਲੇਟਰ 'ਤੇ ਰਹਿਣ ਵਾਲੀ 4 ਮਹੀਨੇ ਦੀ ਬੱਚੀ ਨੇ ਦਿੱਤੀ ਕੋਰੋਨਾ ਨੂੰ ਮਾਤ
NEXT STORY