ਸ਼ਿਲਾਂਗ- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਮੇਘਾਲਿਆ ’ਚ ਗੈਰ-ਕਾਨੂੰਨੀ ਤਰੀਕੇ ਨਾਲ ਕੌਮਾਂਤਰੀ ਸਰਹੱਦ ਪਾਰ ਕਰਦੇ ਸਮੇਂ ਫੜੇ ਗਏ 13 ਸਾਲਾ ਬੰਗਲਾਦੇਸ਼ੀ ਮੁੰਡੇ ਨੂੰ ਸਦਭਾਵਨਾ ਦੇ ਤੌਰ ’ਤੇ ਬਾਰਡਰ ਗਾਰਡ ਬੰਗਲਾਦੇਸ਼ (ਬੀ.ਜੀ.ਬੀ.) ਨੂੰ ਸੌਂਪ ਦਿੱਤਾ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀ.ਐੱਸ.ਐੱਫ. ਦੇ ਇਕ ਬਿਆਨ ’ਚ ਦੱਸਿਆ ਗਿਆ ਹੈ ਕਿ 24 ਸਤੰਬਰ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ-ਬੰਗਲਾਦੇਸ਼ ਸਰਹੱਦ ਪਾਰ ਕਰਦੇ ਹੋਏ ਇਕ ਜਨਾਨੀ ਅਤੇ ਮੁੰਡੇ ਨੂੰ ਮੇਘਾਲਿਆ ਦੇ ਨੋਂਗਖੇਨ ’ਚ ਗੈਰ ਤਾਰਬੰਦੀ ਵਾਲੇ ਖੇਤਰ ਤੋਂ ਤਸਕਰੀ ਦੇ ਦੋਸ਼ ’ਚ ਫੜਿਆ ਗਿਆ। ਇਸ ’ਚ ਕਿਹਾ ਗਿਆ ਹੈ ਕਿ ਜਨਾਨੀ ਅਤੇ ਮੁੰਡਾ ਦੋਵੇਂ ਬੰਗਲਾਦੇਸ਼ ਦੇ ਸਿਲਹਟ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਬੀ.ਐੱਸ.ਐੱਫ. ਨੇ ਕਿਹਾ ਕਿ ਜਨਾਨੀ ਨੇ ਖ਼ੁਲਾਸਾ ਕੀਤਾ ਕਿ ਉਹ ਭਾਰਤ ’ਚ ਤਸਕਰੀ ਰਾਹੀਂ ਸਾਮਾਨ ਲਿਜਾਉਣ ਲਈ ਨਾਬਾਲਗ ਮੁੰਡੇ ਨੂੰ ਆਪਣੇ ਨਾਲ ਲੈ ਆਈ ਸੀ।
ਬਿਆਨ ’ਚ ਕਿਹਾ ਗਿਆ ਹੈ ਕਿ ਸ਼ਨੀਵਾਰ ਨੂੰ ਪੁਲਸ ਪ੍ਰਤੀਨਿਧੀਆਂ ਦੀ ਮੌਜੂਦਗੀ ’ਚ ‘ਫਲੈਗ ਮੀਟਿੰਗ’ ਦੌਰਾਨ ਮੁੰਡੇ ਨੂੰ ਬੀ.ਜੀ.ਬੀ. ਨੂੰ ਸੌਂਪ ਦਿੱਤਾ ਗਿਆ ਅਤੇ ਫੜੀ ਗਈ ਬੰਗਲਾਦੇਸ਼ੀ ਜਨਾਨੀ ਨੂੰ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਬਾਧਮਾਰਾ ਪੁਲਸ ਸਟੇਸ਼ਨ ਭੇਜ ਦਿੱਤਾ ਗਿਆ ਹੈ। ਬੀ.ਐੱਸ.ਐੱਫ. ਦੇ ਮੇਘਾਲਿਆ ਫਰੰਟੀਅਰ ਦੇ ਇੰਸਪੈਕਟਰ ਜਨਰਲ ਇੰਦਰਜੀਤ ਸਿੰਘ ਰਾਣਾ ਨੇ ਕਿਹਾ ਕਿ ਬੀ.ਐੱਸ.ਐੱਫ. ਨੇ ਮੁੰਡੇ ਦੇ ਨਾਬਾਲਗ ਹੋਣ ਕਾਰਨ ਮਨੁੱਖੀ ਦ੍ਰਿਸ਼ਟੀਕੋਣ ਅਪਣਾਇਆ। ਉਨ੍ਹਾਂ ਕਿਹਾ,‘‘ਦੋਵੇਂ ਸਰਹੱਦੀ ਸੁਰੱਖਿਆ ਫ਼ੋਰਸਾਂ ਨੇ ਅਜਿਹੇ ਵਿਸ਼ਿਆਂ ’ਤੇ ਇਕ ਸਮਝ ਵਿਕਸਿਤ ਕੀਤੀ ਹੈ ਅਤੇ ਮੌਜੂਦਾ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੋਵੇਂ ਗੁਆਂਢੀ ਦੇਸ਼ਾਂ ਦਰਮਿਆਨ ਆਪਸੀ ਵਿਸ਼ਵਾਸ ਵਧਾਉਣ ਲਈ ਇਨ੍ਹਾਂ ਮੁੱਦਿਆਂ ਨੂੰ ਦੋਸਤੀਪੂਰਨ ਢੰਗ ਨਾਲ ਹੱਲ ਕੀਤਾ ਗਿਆ ਹੈ।’’
CM ਯੋਗੀ ਦਾ ਕਿਸਾਨਾਂ ਨੂੰ ਤੋਹਫ਼ਾ, ਗੰਨੇ ਦੇ ਸਮਰਥਨ ਮੁੱਲ ’ਚ ਕੀਤਾ 25 ਰੁਪਏ ਵਾਧਾ
NEXT STORY