ਇੰਟਰਨੈਸ਼ਨਲ ਡੈਸਕ- ਏਅਰ ਇੰਡੀਆ ਦੇ ਇਕ ਪਾਇਲਟ ਨੂੰ ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ’ਤੇ ਉਡਾਣ ਭਰਨ ਦੀ ਤਿਆਰੀ ਕਰਦੇ ਸਮੇਂ ਗ੍ਰਿਫਤਾਰ ਕੀਤੇ ਜਾਣ ਤੋਂ ਇਕ ਹਫ਼ਤਾ ਬਾਅਦ ਕੈਨੇਡਾ ਦੀ ਟਰਾਂਸਪੋਰਟ ਏਜੰਸੀ ਨੇ ਹਵਾਬਾਜ਼ੀ ਕੰਪਨੀ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਸ਼ਰਾਬ ਦੀ ਵਰਤੋਂ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਯਕੀਨੀ ਨਹੀਂ ਬਣਾਉਂਦੀ ਤਾਂ ਉਸ ਨੂੰ ਦਿੱਤੀ ਗਈ ਉਡਾਣ ਸਬੰਧੀ ਇਜਾਜ਼ਤ ਰੱਦ ਕੀਤੀ ਜਾ ਸਕਦੀ ਹੈ।
ਟਰਾਂਸਪੋਰਟ ਏਜੰਸੀ ‘ਟਰਾਂਸਪੋਰਟ ਕੈਨੇਡਾ’ ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਇਹ ਘਟਨਾ 23 ਦਸੰਬਰ ਨੂੰ ਵਾਪਰੀ ਸੀ ਅਤੇ ਉਹ ਏਅਰ ਇੰਡੀਆ ਤੇ ਭਾਰਤੀ ਹਵਾਬਾਜ਼ੀ ਅਧਿਕਾਰੀਆਂ ਨਾਲ ਮਿਲ ਕੇ ਇਹ ਯਕੀਨੀ ਬਣਾਏਗੀ ਕਿ ਇਸ ਸਬੰਧੀ ‘ਬਣਦੀ ਕਾਰਵਾਈ’ ਕੀਤੀ ਜਾਵੇ।
‘ਰਾਇਲ ਕੈਨੇਡੀਅਨ ਮਾਊਂਟਿਡ ਪੁਲਸ’ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਹਵਾਬਾਜ਼ੀ ਕੰਪਨੀ ਦੇ ਚਾਲਕ ਦਲ ਦੇ ਇਕ ਮੈਂਬਰ ਨਾਲ ਜੁੜੀ ‘ਚਿੰਤਾਜਨਕ ਸੂਚਨਾ’ ਮਿਲਣ ਤੋਂ ਬਾਅਦ ਕੀਤੀ ਗਈ। ਹਵਾਈ ਅੱਡੇ ਦੀ ਇਕ ਬੁਲਾਰਨ ਨੇ ਦੱਸਿਆ ਕਿ ਪਾਇਲਟ ਏਅਰ ਇੰਡੀਆ ਦੀ ਵੈਨਕੂਵਰ ਤੋਂ ਦਿੱਲੀ ਲਈ ਨਿਰਧਾਰਤ ਰੋਜ਼ਾਨਾ ਉਡਾਣ ਦੀ ਤਿਆਰੀ ਕਰ ਰਿਹਾ ਸੀ। ਉਡਾਣ ਵਿਚ ਕਈ ਘੰਟਿਆਂ ਦੀ ਦੇਰੀ ਹੋਈ ਪਰ ਬਾਅਦ ਵਿਚ ਇਹ ਸੁਰੱਖਿਅਤ ਰਵਾਨਾ ਹੋ ਗਈ।
‘ਟਰਾਂਸਪੋਰਟ ਕੈਨੇਡਾ’ ਨੇ ਕਿਹਾ ਕਿ ਕੈਨੇਡਾ ਦੇ ਹਵਾਬਾਜ਼ੀ ਨਿਯਮਾਂ ਅਨੁਸਾਰ ਪਾਇਲਟ ਜਾਂ ਚਾਲਕ ਦਲ ਦੇ ਕਿਸੇ ਵੀ ਹੋਰ ਮੈਂਬਰ ਨੂੰ ਸ਼ਰਾਬ ਪੀਣ ਦੇ 12 ਘੰਟਿਆਂ ਦੇ ਅੰਦਰ ਜਾਂ ਸ਼ਰਾਬ ਦੇ ਪ੍ਰਭਾਵ ਹੇਠ ਰਹਿੰਦੇ ਹੋਏ ਉਡਾਣ ਸਬੰਧੀ ਕੋਈ ਵੀ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ।
ਸਮੂਹਿਕ ਜਬਰ-ਜ਼ਨਾਹ ਪਿੱਛੋਂ ਲੜਕੀ ਦੀ ਹੱਤਿਆ: ਲਾਸ਼ ਤੀਜੀ ਮੰਜ਼ਿਲ ਤੋਂ ਸੁੱਟੀ
NEXT STORY