ਨਵੀਂ ਦਿੱਲੀ (ਭਾਸ਼ਾ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ (ਪੀ.ਐੱਲ.ਸੀ.) ਦੇ ਪ੍ਰਮੁੱਖ ਕੈਪਟਨ ਅਮਰਿੰਦਰ ਸਿੰਘ ਆਪਣੇ ਸਮਰਥਕਾਂ ਨਾਲ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਨਵਗਠਿਤ ਪਾਰਟੀ ਪੀ.ਐੱਲ.ਸੀ. ਦਾ ਭਾਜਪਾ 'ਚ ਰਲੇਵਾਂ ਕਰ ਦਿੱਤਾ। ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਕਿਰਨ ਰਿਜੀਜੂ, ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਭਾਜਪਾ ਦੇ ਹੋਰ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਵਿਚ ਕੈਪਟਨ ਅਮਰਿੰਦਰ ਨੇ ਇੱਥੇ ਪਾਰਟੀ ਹੈੱਡ ਕੁਆਰਟਰ 'ਚ ਕੇਂਦਰ ਦੇ ਸੱਤਾਦਾਰੀ ਦਲ ਦਾ ਪੱਲਾ ਫੜਿਆ। ਕੈਪਟਨ ਦੇ ਨਾਲ ਸੂਬੇ ਦੇ ਕੁਝ ਹੋਰ ਨੇਤਾ ਵੀ ਭਾਜਪਾ ਹੋ ਗਏ। ਤੋਮਰ ਨੇ ਕੈਪਟਨ ਅਮਰਿੰਦਰ ਦਾ ਭਾਜਪਾ 'ਚ ਸੁਆਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਪੰਜਾਬ 'ਚ ਭਾਜਪਾ ਦੀ ਤਾਕਤ ਵਧੇਗੀ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਰਹੀ ਹੈ ਕਿ ਉਨ੍ਹਾਂ ਨੇ ਹਮੇਸ਼ਾ ਰਾਸ਼ਟਰ ਨੂੰ ਪਾਰਟੀ ਅਤੇ ਦਲਗਤ ਰਾਜਨੀਤੀ ਤੋਂ ਉੱਪਰ ਰੱਖਿਆ ਹੈ।
ਉਨ੍ਹਾਂ ਕਿਹਾ,''ਕੈਪਟਨ ਸਾਹਿਬ ਦੀ ਸੋਚ ਭਾਜਪਾ ਨਾਲ ਮਿਲਦੀ ਰਹੀ ਹੈ। ਜਿਵੇਂ ਭਾਜਪਾ ਲਈ ਰਾਸ਼ਟਰ ਸਭ ਤੋਂ ਪਹਿਲਾਂ ਹੈ, ਉਸੇ ਤਰ੍ਹਾਂ ਕੈਪਟਨ ਨੇ ਰਾਸ਼ਟਰ ਪਹਿਲੇ ਦੇ ਸਿਧਾਂਤ ਨੂੰ ਆਪਣੇ ਜੀਵਨ 'ਚ ਅਪਣਾਇਆ।'' ਇਸ ਤੋਂ ਪਹਿਲਾਂ, ਸਿੰਘ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨਾਲ ਵੀ ਮੁਲਾਕਾਤ ਕੀਤੀ। ਸਿੰਘ ਨੇ ਮੁੱਖ ਮੰਤਰੀ ਅਹੁਦੇ ਤੋਂ ਅਚਾਨਕ ਅਸਤੀਫ਼ਾ ਦੇਣ ਤੋਂ ਬਾਅਦ ਪਿਛਲੇ ਸਾਲ ਕਾਂਗਰਸ ਛੱਡ ਦਿੱਤੀ ਸੀ ਅਤੇ ਪੀ.ਐੱਲ.ਸੀ. ਦਾ ਗਠਨ ਕੀਤਾ ਸੀ। ਪੀ.ਐੱਲ.ਸੀ ਨੇ ਭਾਜਪਾ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਕਰ ਕੇ ਵਿਧਾਨ ਸਭਾ ਚੋਣਾਂ ਲੜੀਆਂ ਸਨ। ਹਾਲਾਂਕਿ ਉਸ ਦਾ ਇਕ ਵੀ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ ਸੀ ਅਤੇ ਖ਼ੁਦ ਕੈਪਟਨ ਨੂੰ ਵੀ ਆਪਣੇ ਗੜ੍ਹ ਪਟਿਆਲਾ ਸ਼ਹਿਰ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਦੀ ਪਤਨੀ ਪ੍ਰਨੀਤ ਕੌਰ ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਹਨ। ਪਿਛਲੇ ਸਾਲ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਨੇ ਸਿੰਘ ਲਈ ਪ੍ਰਚਾਰ ਕੀਤਾ ਸੀ। ਪੀ.ਐੱਲ.ਸੀ. ਦਾ ਰਲੇਵਾਂ ਕਰਵਾ ਕੇ ਭਾਜਪਾ ਪੰਜਾਬ 'ਚ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੁੰਦੀ ਹੈ।
ਦੱਸਣਯੋਗ ਹੈ ਕਿ ਹਾਲ ਹੀ 'ਚ ਰੀੜ੍ਹ ਦੀ ਹੱਡੀ ਦੀ ਸਰਜਰੀ ਤੋਂ ਬਾਅਦ ਲੰਡਨ ਤੋਂ ਹਾਲ 'ਚ ਪਰਤਣ ਤੋਂ ਬਾਅਦ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਸਿੰਘ ਨੇ 12 ਸਤੰਬਰ ਨੂੰ ਸ਼ਾਹ ਦੇ ਨਾਲ ਆਪਣੀ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ, ਪੰਜਾਬ 'ਚ ਨਸ਼ੀਲੇ ਪਦਾਰਥ-ਅੱਤਵਾਦ ਦੇ ਵਧਦੇ ਮਾਮਲਿਆਂ ਅਤੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਭਵਿੱਖ ਦੀ ਰੂਪਰੇਖਾ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਬਹੁਤ ਸਾਰਥਕ ਚਰਚਾ ਕੀਤੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਤਲਵਾਰ ਨਾਲ ਕੇਕ ਕੱਟਣ ਦੇ ਦੋਸ਼ 'ਚ 17 ਸਾਲਾ ਨੌਜਵਾਨ ਖ਼ਿਲਾਫ ਮਾਮਲਾ ਦਰਜ
NEXT STORY