ਇੰਦੌਰ— ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲੇ 'ਚ ਸ਼ੁੱਕਰਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ। ਖੇਡਦੇ-ਖੇਡਦੇ ਬੱਚੇ ਕਾਰ ਦੇ ਅੰਦਰ ਫਸ ਗਏ ਜਿਸ ਨਾਲ 2 ਲੜਕੀਆਂ ਸਮੇਤ ਤਿੰਨ ਬੱਚਿਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਇਹ ਬੱਚੇ ਸਕੇ ਭਰਾ-ਭੈਣ ਸਨ। ਸਾਂਵੇਰ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤ ਬੱਚਿਆਂ ਦੀ ਪਛਾਣ ਪੂਨਮ (6), ਬੁਲਬੁਲ (4) ਅਤੇ ਪ੍ਰਤੀਕ (3) ਦੇ ਰੂਪ 'ਚ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਤਿੰਨੋਂ ਬੱਚੇ ਸਵੇਰੇ ਖੇਡਣ ਲਈ ਘਰੋਂ ਬਾਹਰ ਨਿਕਲੇ ਸਨ। ਗੁਆਂਢ 'ਚ ਖੜ੍ਹੀ ਕਾਰ ਦਾ ਦਰਵਾਜ਼ਾ ਖੁੱਲ੍ਹਾ ਦੇਖ ਕੇ ਉਹ ਖੇਡਦੇ-ਖੇਡਦੇ ਇਸ 'ਚ ਦਾਖਲ ਹੋ ਗਏ ਅਤੇ ਵਾਹਨ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕਾਰ ਲਾਕ ਹੋਣ ਕਾਰਨ ਬੱਚੇ ਇਸ ਦੇ ਅੰਦਰ ਫਸ ਗਏ।
ਉਹ ਕਰੀਬ 3 ਘੰਟੇ ਤੱਕ ਕਾਰ 'ਚ ਫਸੇ ਰਹੇ ਅਤੇ ਇਸ ਦਾ ਦਰਵਾਜ਼ਾ ਨਹੀਂ ਖੋਲ੍ਹ ਸਕੇ। ਇਹ ਕਾਰ ਖਰਾਬ ਹੈ ਅਤੇ ਲੰਬੇ ਸਮੇਂ ਤੋਂ ਇਕ ਹੀ ਜਗ੍ਹਾ ਖੜ੍ਹੀ ਹੋਣ ਕਾਰਨ ਉਸ 'ਤੇ ਧੂੜ ਜੰਮੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਰਾਹ 'ਚੋਂ ਲੰਘ ਰਹੇ ਇਕ ਵਿਅਕਤੀ ਦੀ ਕਾਰ 'ਤੇ ਨਜ਼ਰ ਪਈ। ਉਸ ਨੇ ਬੇਹੋਸ਼ ਬੱਚਿਆਂ ਨੂੰ ਨਜ਼ਦੀਕੀ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ। ਪੁਲਸ ਮਾਮਲਾ ਦਰਜ ਕਰ ਕੇ ਜਾਂਚ 'ਚ ਜੁਟੀ ਹੈ। ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।
ਹਰਿਆਣਾ 'ਚ ਤਾਏ ਪਰਿਵਾਰ ਨੂੰ ਮਹਿੰਗੀ ਪਈ ਚਾਚੇ-ਭਤੀਜੇ ਦਾ ਆਪਸੀ ਫੁੱਟ
NEXT STORY