ਨੈਸ਼ਨਲ ਡੈਸਕ- ਅਣਖ ਦੀ ਖ਼ਾਤਰ ਕਤਲ ਦੀਆਂ ਖ਼ਬਰਾਂ ਤਾਂ ਅੱਜਕੱਲ ਆਮ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਪਰ ਮਹਾਰਾਸ਼ਟਰ ਤੋਂ ਅੱਜ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਇੱਥੋਂ ਦੇ ਨੰਦੇੜ ਜ਼ਿਲ੍ਹੇ ਵਿੱਚ ਜਾਤਾਂ-ਪਾਤਾਂ ਦੇ ਚੱਕਰ ਕਾਰਨ ਇੱਕ ਪ੍ਰੇਮ ਕਹਾਣੀ ਦਾ ਬੇਹੱਦ ਦੁਖਦਾਈ ਅੰਤ ਹੋਇਆ, ਜਿੱਥੇ 20 ਸਾਲਾ ਨੌਜਵਾਨ ਸਕਸ਼ਮ ਟੇਟ ਦਾ ਉਸ ਦੀ ਪ੍ਰੇਮਿਕਾ ਆਂਚਲ ਦੇ ਪਰਿਵਾਰ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।
ਪੁਲਸ ਅਨੁਸਾਰ ਆਂਚਲ ਦੇ ਪਰਿਵਾਰ ਨੂੰ ਉਨ੍ਹਾਂ ਦੇ ਰਿਸ਼ਤੇ ਬਾਰੇ ਪਤਾ ਲੱਗ ਗਿਆ ਸੀ ਤੇ ਇਹ ਵੀ ਪਤਾ ਲੱਗ ਗਿਆ ਸੀ ਕਿ ਦੋਵੇਂ ਵਿਆਹ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ। ਪਰ ਉਨ੍ਹਾਂ ਨੂੰ ਜਦੋਂ ਇਹ ਪਤਾ ਲੱਗਾ ਕਿ ਸਕਸ਼ਮ ਕਿਸੇ ਹੋਰ ਜਾਤ ਨਾਲ ਸਬੰਧ ਰੱਖਦਾ ਹੈ ਤਾਂ ਉਨ੍ਹਾਂ ਦਾ ਖੂਨ ਖੌਲ ਉੱਠਿਆ ਤੇ ਉਨ੍ਹਾਂ ਵੀਰਵਾਰ ਸ਼ਾਮ ਨੂੰ ਸਕਸ਼ਮ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਪਹਿਲਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਫਿਰ ਉਸ ਦੇ ਸਿਰ 'ਚ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹੀ ਨਹੀਂ, ਫ਼ਿਰ ਉਸ ਦਾ ਸਿਰ ਪੱਥਰ ਨਾਲ ਬੁਰੀ ਤਰ੍ਹਾਂ ਕੁਚਲ ਦਿੱਤਾ।
ਇਸ ਗੱਲ ਬਾਰੇ ਜਦੋਂ ਆਂਚਲ ਨੂੰ ਪਤਾ ਲੱਗਾ ਤਾਂ ਉਹ ਬੁਰੀ ਤਰ੍ਹਾਂ ਟੁੱਟ ਗਈ। ਸ਼ੁੱਕਰਵਾਰ ਸ਼ਾਮ ਨੂੰ ਜਦੋਂ ਸਕਸ਼ਮ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤਾਂ ਆਂਚਲ ਉਸ ਦੇ ਘਰ ਪਹੁੰਚੀ ਅਤੇ ਕੁਝ ਅਜਿਹਾ ਕੀਤਾ ਕਿ ਦੇਖਣ ਵਾਲਾ ਹਰ ਕੋਈ ਦੰਗ ਰਹਿ ਗਿਆ। ਉਸ ਨੇ ਸਕਸ਼ਮ ਦੀ ਮ੍ਰਿਤਕ ਦੇਹ 'ਤੇ ਹਲਦੀ ਲਗਾਈ ਅਤੇ ਆਪਣੇ ਮੱਥੇ 'ਤੇ ਸਿੰਦੂਰ ਲਗਾ ਕੇ ਖੁਦ ਨੂੰ ਉਸ ਦੀ ਪਤਨੀ ਐਲਾਨ ਦਿੱਤਾ।
ਆਂਚਲ ਨੇ ਸਭ ਦੀ ਮੌਜੂਦਗੀ 'ਚ ਕਿਹਾ ਕਿ ਉਹ ਹੁਣ ਸਕਸ਼ਮ ਦੇ ਪਰਿਵਾਰ ਨਾਲ ਉਨ੍ਹਾਂ ਦੀ ਨੂੰਹ ਬਣ ਕੇ ਰਹੇਗੀ। ਉਸ ਨੇ ਕਿਹਾ, "ਸਕਸ਼ਮ ਦੀ ਮੌਤ ਤੋਂ ਬਾਅਦ ਵੀ ਸਾਡਾ ਪਿਆਰ ਜਿੱਤ ਗਿਆ ਹੈ ਤੇ ਮੇਰੇ ਭਰਾ ਹਾਰ ਗਏ ਹਨ।'' ਉਸ ਨੇ ਸਕਸ਼ਮ ਦੇ ਕਾਤਲਾਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਇਹ ਸਭ ਦੇਖ ਕੇ ਉੱਥੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ।
ਪੁਲਸ ਨੇ ਕਤਲ ਦੇ ਸਬੰਧ ਵਿੱਚ 6 ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਆਂਚਲ ਦੇ ਪਿਤਾ ਗਜਾਨਨ ਮਾਮਿਡਵਾਰ ਅਤੇ ਉਸ ਦੇ ਭਰਾ ਹਿਮੇਸ਼ ਅਤੇ ਸਾਹਿਲ ਸ਼ਾਮਲ ਹਨ। ਪੁਲਸ ਇਸ ਘਟਨਾ ਨੂੰ ਆਨਰ ਕਿਲਿੰਗ ਮੰਨਦੇ ਹੋਏ ਜਾਂਚ ਕਰ ਰਹੀ ਹੈ।
ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਮਿਲੀ ਖ਼ੁਸ਼ਖਬਰੀ, LPG ਸਿਲੰਡਰ ਹੋਇਆ ਸਸਤਾ
NEXT STORY