ਜਲੰਧਰ, (ਧਵਨ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਸ਼ ਲਗਾਇਆ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂ ਬੜੀ ਤੇਜ਼ੀ ਨਾਲ ਪੂਰੇ ਦੇਸ਼ ’ਚ ਫੈਲ ਰਿਹਾ ਸੀ ਅਤੇ ਲੋਕ ਉਨ੍ਹਾਂ ਦੀਆਂ ਨੀਤੀਆਂ ਨੂੰ ਸਲਾਹੁਣ ਲੱਗੇ ਸਨ, ਜਿਸ ਕਾਰਨ ਕੇਂਦਰ ਦੀ ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਸੀ. ਬੀ. ਆਈ. ਦੇ ਝਮੇਲੇ ’ਚ ਫਸਾ ਦਿੱਤਾ, ਜਿਸ ਨਾਲ ਉਹ ਸੀ. ਬੀ. ਆਈ. ਦੇ ਦਫਤਰਾਂ ’ਚ ਚੱਕਰ ਲਗਾਉਂਦੇ ਰਹਿ ਜਾਣ।
ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਕਰਨਾਟਕ ’ਚ ਆਪ ਉਮੀਦਵਾਰਾਂ ਦੇ ਹੱਕ ’ਚ ਰੋਡ ਸ਼ੋਅ ’ਚ ਹਿੱਸਾ ਲੈਂਦੇ ਹੋਏ ਕਿਹਾ ਕਿ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੌਦੀਆ ਨੇ ਦਿੱਲੀ ਦੇ ਸਕੂਲਾਂ ਦੀ ਕਾਇਆ ਪਲਟ ਕਰ ਦਿੱਤੀ ਸੀ। ਇਸੇ ਤਰ੍ਹਾਂ ਨਾਲ ਸਤਿੰਦਰ ਜੈਨ ਨੇ ਆਮ ਆਦਮੀ ਕਲੀਨਿਕ ਦਿੱਲੀ ’ਚ ਖੋਲ੍ਹ ਕੇ ਆਪਣੀ ਛਾਪ ਛੱਡੀ ਸੀ, ਜਿਸ ਕਾਰਨ ਕੇਂਦਰ ਦੀ ਭਾਜਪਾ ਸਰਕਾਰ ਨੇ ਸਿਸੌਦੀਆ ਤੇ ਜੈਨ ਨੂੰ ਸੀ. ਬੀ. ਆਈ. ਤੇ ਈ. ਡੀ. ਦੇ ਚੱਕਰਾਂ ’ਚ ਫਸਾ ਦਿੱਤਾ।
ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਤੇ ਭਾਜਪਾ ਦੋਵਾਂ ਨੇ ਅੰਦਰਖਾਤੇ ਸਮਝੌਤਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਨਤਾ ਹੁਣ ਉਨ੍ਹਾਂ ਦੇ ਸਮਝੌਤੇ ਨੂੰ ਸਮਝ ਚੁੱਕੀ ਹੈ। ਇਸ ਲਈ ਹੁਣ 10 ਮਈ ਨੂੰ ਪੈਣ ਵਾਲੀਆਂ ਵੋਟਾਂ ’ਚ ਲੋਕ ਆਮ ਆਦਮੀ ਪਾਰਟੀ ਦਾ ਸਮਰਥਨ ਕਰਣਗੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਰਨਾਟਕ ’ਚ ਇਸ ਦਾ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ 10 ਮਈ ਨੂੰ ਨੇਤਾ ਹਾਰਣਗੇ ਅਤੇ ਕਰਨਾਟਕ ਦੀ ਜਨਤਾ ਜਿੱਤ ਜਾਏਗੀ। ਪੰਜਾਬ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ’ਚ ਭ੍ਰਿਸ਼ਟਾਚਾਰੀਆਂ ਵਿਰੁੱਧ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਨ੍ਹਾਂ ਭ੍ਰਿਸ਼ਟਾਚਾਰੀਆਂ ਨੇ ਲੋਕਾਂ ਦਾ ਪੈਸਾ ਖਾਧਾ ਹੈ ਅਤੇ ਜਨਤਾ ਉਨ੍ਹਾਂ ਨੂੰ ਸਬਕ ਸਿਖਾ ਰਹੀ ਹੈ। ਉਨ੍ਹਾਂ ਨੇ ਤਣਜ਼ ਕਸਦੇ ਹੋਏ ਕਿਹਾ ਕਿ ਪੰਜਾਬ ’ਚ ਭ੍ਰਿਸ਼ਟਾਚਾਰੀ ਨੇਤਾਵਾਂ ਦੇ ਘਰਾਂ ’ਚੋਂ ਤਾਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਮਿਲ ਰਹੀਆਂ ਹਨ।
ਭਗਵੰਤ ਮਾਨ ਨੇ ਕਿਹਾ ਕਿ ਦੇਸ਼ ’ਚ ਬੇਰੋਜ਼ਗਾਰੀ ਦੀ ਸਮੱਸਿਆ ਸਭ ਤੋਂ ਗੰਭੀਰ ਹੈ। ਪੰਜਾਬ ’ਚ ਇਕ ਸਾਲ ’ਚ ਉਨ੍ਹਾਂ ਦੀ ਸਰਕਾਰ ਨੇ 28000 ਤੋਂ ਵੱਧ ਨੌਕਰੀਆਂ ਦਿੱਤੀਆਂ ਹਨ ਜਦਕਿ ਦਿੱਲੀ’ਚ ਕੇਜਰੀਵਾਲ ਨੇ ਲੱਖਾਂ ਨੌਕਰੀਆਂ ਦਿੱਤੀਆਂ ਹਨ। ਮਹਿੰਗਾਈ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਨੀਅਤ ਸਾਫ ਹੋਵੇ ਤਾਂ ਸਭ ਕੁਝ ਸੰਭਵ ਹੈ ਪਰ ਮੋਦੀ ਸਰਕਾਰ ਦੀ ਨੀਅਤ ਸਾਫ ਨਹੀਂ ਹੈ। ਮੋਦੀ ਸਰਕਾਰ ਨੂੰ ਪਤਾ ਨਹੀਂ ਕਿ ਦੇਸ਼ ਨੂੰ ਕਿਵੇਂ ਚਲਾਉਣਾ ਹੈ। ਭਾਜਪਾ ਜੁਮਲਿਆਂ ਵਾਲੀ ਪਾਰਟੀ ਹੈ, ਜਿਸ ’ਚ ਲੋਕਾਂ ਨੂੰ 15-15 ਲੱਖ ਰੁਪਏ ਦਾ ਝਾਂਸਾ ਦਿੱਤਾ ਗਿਆ ਸੀ। ਦੂਜੇ ਪਾਸੇ ਕਾਂਗਰਸ ਵਿਕਾਊ ਪਾਰਟੀ ਹੈ ਅਤੇ ਉਸ ਦੇ ਵਿਧਾਇਕ ਚੋਣ ਜਿੱਤਣ ਤੋਂ ਬਾਅਦ ਭਾਜਪਾ ’ਚ ਸ਼ਾਮਲ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਹੂਲਤਾਂ ਸਿਰਫ ਆਮ ਆਦਮੀ ਪਾਰਟੀ ਦਿੰਦੀ ਹੈ। ਪੰਜਾਬ ’ਚ 83 ਫੀਸਦੀ ਘਰਾਂ ’ਚ ਜ਼ੀਰੋ ਬਿਲ ਆ ਰਹੇ ਹਨ। ਦਿੱਲੀ ’ਚ ਵੀ ਲੋਕਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ।
ਜੇ ਸਾਬਤ ਹੋਇਆ ਕਿ ਰਾਸ਼ਟਰੀ ਦਰਜੇ ਬਾਰੇ ਸ਼ਾਹ ਨੂੰ ਫੋਨ ਕੀਤਾ ਤਾਂ ਅਸਤੀਫਾ ਦੇ ਦਿਆਂਗੀ : ਮਮਤਾ
NEXT STORY