ਅੰਮ੍ਰਿਤਸਰ(ਬਿਊਰੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਭੁਲੱਥ ਦੇ ਰੌਇਲ ਪੈਲੇਸ ਵਿਖੇ ਤਿਆਰ ਕੀਤਾ ਗਿਆ 25 ਬੈੱਡਾਂ ਦਾ ਵਾਰਡ ਅੱਜ ਰਸਮੀ ਤੌਰ ’ਤੇ ਸ਼ੁਰੂ ਕੀਤਾ ਗਿਆ। ਇਸ ਦੇ ਉਦਘਾਟਨ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੇ ਗਏ ਆਕਸੀਜਨ ਪਲਾਂਟ ਲਈ ਤਰਲ ਆਕਸੀਜਨ ਦੀ ਘਾਟ ਵੱਡੀ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਅਪੀਲ ਵੀ ਪਾਈ ਹੈ ਪਰ ਅਜੇ ਤੱਕ ਇਸ ਦਾ ਹੱਲ ਨਹੀਂ ਹੋਇਆ। ਇਸ ਪਲਾਂਟ ਲਈ ਕੇਂਦਰ ਪਾਸੋਂ ਲੋੜੀਂਦੀ ਮਨਜ਼ੂਰੀ ਮਿਲਣ ਤੋਂ ਇਲਾਵਾ ਆਕਸੀਜਨ ਲਈ ਇਨਓਕਸ ਏਅਰ ਪ੍ਰੋਡਕਟ ਕੰਪਨੀ ਨਾਲ ਸਮਝੌਤਾ ਵੀ ਸਹੀਬੱਧ ਕੀਤਾ ਜਾ ਚੁੱਕਾ ਹੈ ਪਰ ਇਸਦੇ ਬਾਵਜੂਦ ਤਰਲ ਆਕਸੀਜਨ ਦੀ ਪ੍ਰਾਪਤੀ ਲਈ ਭਾਰਤ ਸਰਕਾਰ ਦੀਆਂ ਪਾਬੰਦੀਆਂ ਅੜਿੱਕਾ ਬਣੀਆਂ ਹੋਈਆਂ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਦਾ ਤੁਰੰਤ ਹੱਲ ਕੱਢਿਆ ਜਾਵੇ ਤਾਂ ਜੋ ਸ਼੍ਰੋਮਣੀ ਕਮੇਟੀ ਨੂੰ ਕੋਰੋਨਾ ਦੇ ਭਿਆਨਕ ਦੌਰ ਵਿਚ ਸੇਵਾਵਾਂ ਦੇਣ ਵਿਚ ਕੋਈ ਮੁਸ਼ਕਲ ਨਾ ਆਵੇ।
ਬੀਬੀ ਜਗੀਰ ਕੌਰ ਨੇ ਇਸ ਮੌਕੇ ਦੱਸਿਆ ਕਿ ਨਵੇਂ ਤਿਆਰ ਕੀਤੇ ਇਸ ਕੋਰੋਨਾ ਕੇਅਰ ਕੇਂਦਰ ਨੂੰ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੇ ਹਸਪਤਾਲ ਸ੍ਰੀ ਅੰਮ੍ਰਿਤਸਰ ਨਾਲ ਜੋੜਿਆ ਗਿਆ ਹੈ, ਜਿਸ ਦੇ ਡਾਕਟਰ ਤੇ ਨਰਸਿੰਗ ਸਟਾਫ਼ ਇਸ ਕੇਂਦਰ ਵਿਚ ਕਾਰਜਸ਼ੀਲ ਰਹਿਣਗੇ। ਇਸ ਕੇਂਦਰ ਵਿਚ ਕੋਰੋਨਾ ਮਰੀਜ਼ਾਂ ਦਾ ਮੁੱਢਲਾ ਇਲਾਜ ਬਿਲਕੁਲ ਮੁਫ਼ਤ ਹੋਵੇਗਾ ਤੇ ਐਂਮਰਜੈਂਸੀ ਹਾਲਤ ਵਿਚ ਮਰੀਜ਼ਾਂ ਨੂੰ ਹਸਪਤਾਲਾਂ ਤੱਕ ਪਹੁੰਚਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਫੇਲ੍ਹ ਹੋਇਆ ਦੇਸ਼ ਦਾ ਸਰਕਾਰੀ ਤੰਤਰ, ਸਾਧਨ ਵਿਹੂਣੇ ਡਾਕਟਰ ਕਿਵੇਂ ਲੜਨ ਆਫ਼ਤ ਨਾਲ ਜੰਗ!
ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਕਾਲ 'ਚ ਕੀਤੇ ਜਾ ਹਰੇ ਉਪਰਾਲੇ
ਗੌਰਤਲਬ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਲਾਗ ਦੀ ਬੀਮਾਰੀ ਦੌਰਾਨ ਮਾਨਵਤਾ ਦੀ ਸੇਵਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸ੍ਰੀ ਅੰਮ੍ਰਿਤਸਰ ਵਿਖੇ 100 ਬੈੱਡ ਕੋਰੋਨਾ ਮਰੀਜ਼ਾਂ ਲਈ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਰਾਖਵੇਂ ਕੀਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਥਾਵਾਂ ’ਤੇ ਵਿਸ਼ੇਸ਼ ਵਾਰਡ ਬਣਾਏ ਗਏ ਹਨ, ਜਿਨ੍ਹਾਂ ਵਿਚ ਕੰਸਨਟਰੇਟਰਾਂ ਰਾਹੀਂ ਆਕਸੀਜਨ ਦਾ ਪ੍ਰਬੰਧ ਹੈ। ਭੁਲੱਥ ਵਿਖੇ ਸ਼ੁਰੂ ਕੀਤਾ ਗਿਆ ਇਹ ਤੀਸਰਾ ਵਾਰਡ ਹੈ। ਇਸ ਤੋਂ ਪਹਿਲਾਂ ਲੁਧਿਆਣਾ ਤੇ ਸ੍ਰੀ ਦਮਦਮਾ ਸਾਹਿਬ ਵਿਖੇ ਅਜਿਹੇ ਵਾਰਡ ਖੋਲ੍ਹੇ ਜਾ ਚੁੱਕੇ ਹਨ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਕ ਵਾਰਡ ਪਟਿਆਲਾ ਦੇ ਗੁਰਦੁਆਰਾ ਸ੍ਰੀ ਮੋਤੀ ਬਾਗ ਵਿਖੇ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਭਿਆਨਕ ਬੀਮਾਰੀ ਵਿੱਚੋਂ ਬਾਹਰ ਨਿਕਲਣ ਲਈ ਸੰਜੀਦਾ ਯਤਨਾਂ ਦਾ ਹੈ ਅਤੇ ਸ਼੍ਰੋਮਣੀ ਕਮੇਟੀ ਹਰ ਤਰ੍ਹਾਂ ਲੋਕਾਂ ਦੇ ਨਾਲ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਅਮਰੀਕਾ ਤੋਂ ਫਾਈਜ਼ਰ ਵੈਕਸੀਨ ਮੰਗਵਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ, ਜਿਸ ਤਹਿਤ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਸਿਹਤ ਮੰਤਰੀ ਸ੍ਰੀ ਹਰਸ਼ ਵਰਧਨ ਨੂੰ ਪੱਤਰ ਵੀ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਕੋਰੋਨਾ ਮਰੀਜ਼ਾਂ ਦੇ ਇਲਾਜ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਫਿਰ ਵੀ ਸਿੱਖ ਸੰਸਥਾ ਪੂਰੀ ਸ਼ਿੱਦਤ ਨਾਲ ਇਸ ਆਫ਼ਤ ਸਮੇਂ ਸੇਵਾਵਾਂ ਦੇਣ ਵਿਚ ਮੋਹਰੀ ਹੈ।
ਨੋਟ:ਕੀ ਭਾਰਤ ਸਰਕਾਰ ਨੂੰ ਆਕਸੀਜਨ ਨੂੰ ਲੈ ਕੇ ਲੱਗੀਆਂ ਪਾਬੰਦੀਆਂ ਹਟਾਉਣੀਆਂ ਚਾਹੀਦੀਆਂ ਹਨ?
ਜਨਾਨੀਆਂ ਨੂੰ ਨਹੀਂ ਮਿਲ ਰਿਹਾ ਸਰਕਾਰੀ ਬੱਸਾਂ ’ਚ ਮੁਫਤ ਸਫ਼ਰ ਦਾ ਲਾਭ, ਸਰਕਾਰ ਲਵੇ ਸਖ਼ਤ ਐਕਸ਼ਨ
NEXT STORY