ਨਵੀਂ ਦਿੱਲੀ/ਮੁੰਬਈ (ਭਾਸ਼ਾ)- ਕੇਂਦਰ ਸਰਕਾਰ ਨੇ 3 ਸੂੁਬਿਆਂ ਦੇ 8 ਜ਼ਿਲਿਆਂ ਵੱਲ ਧਿਆਨ ਦਿਵਾਉਂਦੇ ਹੋਏ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਕਿ ਸਥਿਤੀ ’ਤੇ ਤਿੱਖੀ ਨਜ਼ਰ ਰੱਖੋ ਅਤੇ ਨਵੇਂ ਮਾਮਲਿਆਂ ਦੇ ਕਲੱਸਟਰ ’ਤੇ ਕੰਟਰੋਲ ਰੱਖਣ ਲਈ ਜ਼ਿਲਾ ਪੱਧਰ ’ਤੇ ਉਪਰਾਲੇ ਕਰੋ। ਇਨ੍ਹਾਂ 3 ਸੂਬਿਆਂ ਦੇ 8 ਜ਼ਿਲਿਆਂ ’ਚ ਕੋਵਿਡ ਇਨਫੈਕਸ਼ਨ ਦਰ 10 ਫੀਸਦੀ ਤੋਂ ਜ਼ਿਆਦਾ ਹੈ।
ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖੇ ਪੱਤਰ ’ਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਕੇਰਲ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਪੁੱਡੂਚੇਰੀ, ਮਣੀਪੁਰ, ਪੱਛਮੀ ਬੰਗਾਲ ਅਤੇ ਨਾਗਾਲੈਂਡ ਦੇ 19 ਜ਼ਿਲਿਆਂ ’ਚ ਇਨਫੈਕਸ਼ਨ ਦਰ ਪਿਛਲੇ 2 ਹਫਤਿਆਂ ’ਚ 5 ਅਤੇ 10 ਫੀਸਦੀ ਦੇ ਦਰਮਿਆਨ ਹੈ। ਉਨ੍ਹਾਂ ਕਿਹਾ ਕਿ ਮਿਜ਼ੋਰਮ, ਕੇਰਲ ਅਤੇ ਸਿੱਕਿਮ ਦੇ 8 ਜ਼ਿਲਿਆਂ ’ਚ ਪਿਛਲੇ 2 ਹਫਤਿਆਂ ’ਚ ਕੋਵਿਡ ਇਨਫੈਕਸ਼ਨ ਦਰ 10 ਫੀਸਦੀ ਤੋਂ ਜ਼ਿਆਦਾ ਹੈ। ਭੂਸ਼ਣ ਨੇ ਪੱਤਰ ’ਚ ਲਿਖਿਆ ਕਿ ਇਨ੍ਹਾਂ 27 ਜ਼ਿਲਿਆਂ ’ਤੇ ਤਿੱਖੀ ਨਜ਼ਰ ਰੱਖਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ’ਚ ਇਨਫੈਕਸ਼ਨ ਦਰ 10 ਫੀਸਦੀ ਤੋਂ ਜ਼ਿਆਦਾ ਹੋਵੇ ਜਾਂ ਹਸਪਤਾਲਾਂ ਦੇ 60 ਫੀਸਦੀ ਬਿਸਤਰੇ ਕੋਵਿਡ-19 ਦੇ ਮਰੀਜ਼ਾਂ ਨਾਲ ਭਰੇ ਹੋਣ ਜਾਂ ਆਈ. ਸੀ. ਯੂ. ’ਚ 60 ਫੀਸਦੀ ਤੋਂ ਜ਼ਿਆਦਾ ਬਿਸਤਰਿਆਂ ’ਤੇ ਮਰੀਜ਼ ਹੋਣ ਤਾਂ ਰਾਤ ਦਾ ਕਰਫਿਊ, ਲੋਕਾਂ ਦੇ ਮੇਲ-ਜੋਲ ’ਤੇ ਰੋਕ, ਭੀੜ ’ਤੇ ਰੋਕ (ਸਮਾਜਿਕ, ਰਾਜਨੀਤਕ, ਖੇਡ, ਮਨੋਰੰਜਨ, ਸਿੱਖਿਆ, ਸੱਭਿਆਚਾਰਕ, ਧਾਰਮਿਕ, ਤਿਉਹਾਰ ਸਬੰਧੀ), ਵਿਆਹਾਂ ਅਤੇ ਅੰਤਿਮ ਸੰਸਕਾਰ ’ਚ ਲੋਕਾਂ ਦੀ ਹਾਜ਼ਰੀ ਦੀ ਹੱਦ ਤੈਅ ਕਰਨ ਸਬੰਧੀ ਰਣਨੀਤਿਕ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸਕੱਤਰ ਨੇ ਕਿਹਾ ਕਿ ਜਾਂਚ ਅਤੇ ਨਿਗਰਾਨੀ, ਇੰਫਲੂਏਂਜਾ ਵਰਗੀਆਂ ਬੀਮਾਰੀਆਂ ਅਤੇ ਸਾਹ ਸਬੰਧੀ ਬੀਮਾਰੀ ਦੀ ਜਾਂਚ ਅਤੇ ਆਰ. ਟੀ.-ਪੀ. ਸੀ. ਆਰ. ਜਾਂਚ ਕਰਾਈ ਜਾਣੀ ਜ਼ਰੂਰੀ ਹੈ। ਭੂਸ਼ਣ ਨੇ ਕਿਹਾ ਕਿ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਾਉਣ ਲਈ ਸੂਬਾ ਪੱਧਰ ’ਤੇ ਨਿਯਮਿਤ ਤੌਰ ’ਤੇ ਕਦਮ ਉਠਾਏ ਜਾਣੇ ਚਾਹੀਦੇ ਹਨ।
ਓਮੀਕ੍ਰੋਨ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਮੁੰਬਈ ’ਚ ਧਾਰਾ 144 ਲਾਗੂ
ਮਹਾਰਾਸ਼ਟਰ ’ਚ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਅਤੇ ਇਸ ਦੇ ਪ੍ਰਸਾਰ ’ਤੇ ਰੋਕਥਾਮ ਦੇ ਉਪਰਾਲਿਆਂ ਦੇ ਮੱਦੇਨਜ਼ਰ ਮੁੰਬਈ ਪੁਲਸ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਮਹਾਨਗਰ ’ਚ ਧਾਰਾ 144 ਲਾਗੂ ਕਰਨ ਦੇ ਨਾਲ ਹੀ ਵੱਡੇ ਪੱਧਰ ’ਤੇ ਰੈਲੀਆਂ ਅਤੇ ਜਲੂਸ ਕੱਢਣ ’ਤੇ ਰੋਕ ਲਗਾ ਦਿੱਤੀ ਹੈ। ਪੁਲਸ ਡਿਪਟੀ ਕਮਿਸ਼ਨਰ (ਆਪ੍ਰੇਸ਼ਨਸ) ਵੱਲੋਂ ਜਾਰੀ ਹੁਕਮ ਮੁੰਬਈ ਕਮਿਸ਼ਨਰੇਟ ਹੱਦ ਦੇ ਅੰਦਰ ਲਾਗੂ ਹੋਣਗੇ। ਮਹਾਰਾਸ਼ਟਰ ’ਚ ਓਮੀਕ੍ਰੋਨ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚ ਮੁੰਬਈ ਦੇ 3 ਅਤੇ ਪਿੰਪਰੀ ਚਿੰਚਵਾੜ ਨਗਰ ਨਿਗਮ ਖੇਤਰ ’ਚ ਇਕ ਡੇਢ ਸਾਲ ਦੇ ਬੱਚੇ ਸਮੇਤ 4 ਲੋਕਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
ਦਿੱਲੀ ’ਚ ਓਮੀਕ੍ਰੋਨ ਦਾ ਦੂਜਾ ਮਾਮਲਾ
ਦਿੱਲੀ ’ਚ ਜ਼ਿੰਬਾਬਵੇ ਤੋਂ ਪਰਤੇ 35 ਸਾਲਾ ਵਿਅਕਤੀ ਦੀ ਸ਼ਨੀਵਾਰ ਨੂੰ ਓਮੀਕ੍ਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ। ਰਾਸ਼ਟਰੀ ਰਾਜਧਾਨੀ ’ਚ ਓਮੀਕ੍ਰੋਨ ਇਨਫੈਕਸ਼ਨ ਦਾ ਇਹ ਦੂਜਾ ਮਾਮਲਾ ਹੈ ਜਦੋਂ ਕਿ ਦੇਸ਼ ’ਚ ਹੁਣ ਤੱਕ ਅਜਿਹੇ 33 ਮਾਮਲੇ ਸਾਹਮਣੇ ਆਏ ਹਨ।
PM ਮੋਦੀ ਦਾ ਟਵਿੱਟਰ ਅਕਾਊਂਟ ਹੋਇਆ ਹੈਕ, ਬਿਟਕੁਆਇਨ ਸਬੰਧੀ ਲਿਖੀ ਸੀ ਇਹ ਗੱਲ
NEXT STORY