ਨਵੀਂ ਦਿੱਲੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ ਦੇ ਸਹਿ-ਸੰਸਥਾਪਕ ਯਾਸੀਨ ਭਟਕਲ ਵਿਰੁੱਧ ਦੇਸ਼ ਧ੍ਰੋਹ ਦੇ ਮਾਮਲੇ 'ਚ ਦੋਸ਼ ਤੈਅ ਕੀਤੇ ਹਨ। ਪਟਿਆਲਾ ਹਾਊਸ ਕੋਰਟ ਨੇ ਭਟਕਲ ਵਿਰੁੱਧ 2012 ’ਚ ਭਾਰਤ ਵਿਰੁੱਧ ਜੰਗ ਛੇੜਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਸਨ। ਵਧੀਕ ਸੈਸ਼ਨ ਜੱਜ ਸ਼ੈਲੇਂਦਰ ਮਲਿਕ ਨੇ ਕੁੱਲ 11 ਵਿਅਕਤੀਆਂ ਨੂੰ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਹੈ। ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਦੇਸ਼ ਧ੍ਰੋਹ ਦੇ ਦੋਸ਼ ਹੇਠ ਦੋਸ਼ੀਆਂ ’ਤੇ ਮੁਕੱਦਮਾ ਚਲਾਉਣ ਲਈ ਪੁਖਤਾ ਸਬੂਤ ਮੌਜੂਦ ਹਨ।
ਅਦਾਲਤ ਨੇ ਕਿਹਾ ਕਿ ਸਬੂਤਾਂ ਮੁਤਾਬਕ ਯਾਸੀਨ ਭਟਕਲ ਦੀ ਚੈਟ ਸੂਰਤ ’ਚ ਪਰਮਾਣੂ ਬੰਬ ਹਮਲੇ ਦੀ ਯੋਜਨਾ ਬਾਰੇ ਖ਼ੁਲਾਸਾ ਕਰਦੀ ਹੈ। ਪਰਮਾਣੂ ਬੰਬ ਧਮਾਕੇ ਤੋਂ ਪਹਿਲਾਂ ਮੁਸਲਮਾਨਾਂ ਨੂੰ ਉਥੋਂ ਕੱਢਣ ਦੀ ਯੋਜਨਾ ਵੀ ਬਣਾਈ ਗਈ ਸੀ। ਇੰਡੀਅਨ ਮੁਜਾਹਿਦੀਨ ਦੇ ਮੈਂਬਰਾਂ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਤੇਜ਼ੀ ਨਾਲ ਨਵੇਂ ਮੈਂਬਰਾਂ ਦੀ ਭਰਤੀ ਕੀਤੀ। ਨਾਲ ਹੀ ਪਾਕਿਸਤਾਨ ਸਥਿਤ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ ‘ਸਲੀਪਰ ਸੈੱਲਾਂ’ ਰਾਹੀਂ ਵੀ ਮਦਦ ਕੀਤੀ।
ਦੱਸ ਦੇਈਏ ਕਿ ਉੱਤਰੀ ਕਰਨਾਟਕ ਦੇ ਭਟਕਲ ਪਿੰਡ ਦੇ ਰਹਿਣ ਵਾਲੇ ਯਾਸੀਨ ਭਟਕਲ ਨੂੰ ਸਾਲ 2013 ਵਿਚ ਬਿਹਾਰ 'ਚ ਨੇਪਾਲ ਦੀ ਸਰਹੱਦ ਨਾਲ ਲੱਗਦੇ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਭਟਕਲ ਨੂੰ ਹੈਦਰਾਬਾਦ ਦੇ ਦਿਲਸੁਖਨਗਰ ਵਿਚ ਸਾਲ 2013 'ਚ ਹੋਏ ਦੋਹਰੇ ਬੰਬ ਧਮਾਕੇ 'ਚ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। 21 ਫਰਵਰੀ 2013 ਨੂੰ ਹੈਦਰਾਬਾਦ ਦੇ ਦਿਲਸੁਖਨਗਰ 'ਚ 2 ਧਮਾਕੇ ਹੋਏ ਸਨ, ਜਿਸ 'ਚ 18 ਲੋਕਾਂ ਦੀ ਮੌਤ ਹੋ ਗਈ ਸੀ। ਰਾਸ਼ਟਰੀ ਜਾਂਚ ਏਜੰਸੀ (NIA) ਦੀ ਵਿਸ਼ੇਸ਼ ਅਦਾਲਤ ਨੇ 13 ਦਸੰਬਰ 2016 ਨੂੰ ਹੋਈ ਸੁਣਵਾਈ 'ਚ ਯਾਸੀਨ ਭਟਕਲ ਸਮੇਤ ਮੁਜਾਹਿਦੀਨ ਦੇ 5 ਅੱਤਵਾਦੀਆਂ ਨੂੰ ਹੈਦਰਾਬਾਦ ਧਮਾਕਾ ਕੇਸ 'ਚ ਦੋਸ਼ੀ ਕਰਾਰ ਦਿੱਤਾ ਸੀ।
ਦਿੱਲੀ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ਮੋਸਟ ਵਾਂਟੇਡ ਗੈਂਗਸਟਰ ਦੀਪਕ ਬਾਕਸਰ ਨੂੰ ਮੈਕਸੀਕੋ ਤੋਂ ਕੀਤਾ ਗ੍ਰਿਫ਼ਤਾਰ
NEXT STORY