ਨਵੀਂ ਦਿੱਲੀ-ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਚ ਬੀਤੇ ਦਿਨਾਂ ’ਚ ਕਫ ਸਿਰਪ ਪੀਣ ਨਾਲ 20 ਬੱਚਿਆਂ ਦੀ ਮੌਤ ਤੋਂ ਬਾਅਦ ਦੇਸ਼ ਭਰ ’ਚ ਇਸ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਕਈ ਸੂਬਿਆਂ ਨੇ ਕੋਲਡ੍ਰਿਫ ਸਿਰਪ ਨੂੰ ਬੈਨ ਕਰ ਦਿੱਤਾ ਹੈ। ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਅਤੇ ਜਾਂਚ ਜਾਰੀ ਹੈ। ਪਿਛਲੇ ਹਫ਼ਤੇ ਕੇਂਦਰੀ ਸਿਹਤ ਮੰਤਰਾਲੇ ਨੇ ਐਡਵਾਈਜ਼ਰੀ ਜਾਰੀ ਕਰ ਕੇ ਦੱਸਿਆ ਸੀ ਕਿ ਬੱਚਿਆਂ ’ਚ ਜ਼ੁਕਾਮ ਤੇ ਖੰਘ ਦੇ ਮਾਮਲੇ ਸੈਲਫ ਲਿਮਟਿੰਗ ਹੁੰਦੇ ਹਨ ਅਤੇ ਬਿਨਾਂ ਦਵਾਈ ਦੇ ਠੀਕ ਹੋ ਜਾਂਦੇ ਹਨ। ਸਰਕਾਰ ਨੇ ਸਾਰੇ ਲੋਕਾਂ ਨੂੰ ਆਪਣੇ ਛੋਟੇ ਬੱਚਿਆਂ ਨੂੰ ਕਫ ਸਿਰਪ ਨਾ ਪਿਲਾਉਣ ਦੀ ਸਲਾਹ ਦਿੱਤੀ ਹੈ। ਹੁਣ ਉੱਤਰ ਭਾਰਤ ’ਚ ਸਰਦੀਆਂ ਦਾ ਮੌਸਮ ਆਉਣ ਵਾਲਾ ਹੈ ਅਤੇ ਇਸ ਦੌਰਾਨ ਜ਼ੁਕਾਮ ਅਤੇ ਖੰਘ ਦੇ ਮਾਮਲੇ ਵਧ ਜਾਂਦੇ ਹਨ। ਇਸ ਲਈ ਸਾਰੇ ਮਾਪਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ 5 ਜਾਂ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਫ ਸਿਰਪ ਨਹੀਂ ਪਿਲਾਉਣੇ ਚਾਹੀਦੇ। ਬੱਚਿਆਂ ਨੂੰ ਕਫ ਸਿਰਪ ਦਿੱਤੇ ਜਾਣ ਨੂੰ ਲੈ ਕੇ ਅਮਰੀਕਾ ਅਤੇ ਬ੍ਰਿਟੇਨ ’ਚ ਵੀ ਸਖ਼ਤ ਨਿਯਮ ਹਨ ਅਤੇ ਛੋਟੇ ਬੱਚਿਆਂ ਨੂੰ ਸਿਰਪ ਦਿੱਤੇ ਜਾਣ ਦੀ ਮਨਾਹੀ ਹੈ।
ਡਾਕਟਰ ਦੀ ਸਖ਼ਤ ਨਿਗਰਾਨੀ ’ਚ ਕਰੋ ਸਿਰਪ ਦੀ ਵਰਤੋਂ
ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (ਡੀ. ਜੀ. ਐੱਚ. ਐੱਸ.) ਨੇ ਵੀ ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ਹੋਈਆਂ ਮੌਤਾਂ ਤੋਂ ਬਾਅਦ ਹੈਲਥ ਕੇਅਰ ਪ੍ਰੋਵਾਈਡਰਾਂ ਅਤੇ ਮਾਪਿਆਂ ਨੂੰ ਸੁਚੇਤ ਕੀਤਾ ਹੈ। ਬਾਲ ਰੋਗ ਵਿਭਾਗ, ਫੋਰਟਿਸ ਹਸਪਤਾਲ, ਸ਼ਾਲੀਮਾਰ ਬਾਗ, ਦਿੱਲੀ ਦੇ ਸੀਨੀਅਰ ਡਾਇਰੈਕਟਰ ਅਤੇ ਬਾਲ ਰੋਗ ਮਾਹਿਰ ਡਾ. ਵਿਵੇਕ ਜੈਨ ਦਾ ਕਹਿਣਾ ਹੈ ਕਿ ਦੂਸ਼ਿਤ ਸਿਰਪ ਨਾਲ ਪ੍ਰਭਾਵਿਤ ਸੂਬਿਆਂ ਦੇ ਬੱਚਿਆਂ ’ਚ ਗੁਰਦੇ ਸਬੰਧੀ ਪੇਚੀਦਗੀਆਂ ਪੈਦਾ ਹੋਈਆਂ ਹਨ। ਕਫ ਸਿਰਪ ’ਚ ਸਭ ਤੋਂ ਆਮ ਤੱਤ ਡੈਕਸਟ੍ਰੋਮੇਥਾਰਫਨ ਹਾਈਡ੍ਰੋਬ੍ਰੋਮਾਈਡ ਵੀ ਬੱਚਿਆਂ ’ਚ ਮਾੜੇ ਪ੍ਰਭਾਵ ਪੈਦਾ ਕਰਨ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਕਫ ਸਿਰਪ ਬਿਨਾਂ ਕਿਸੇ ਡਾਕਟਰ ਦੀ ਪਰਚੀ ਦੇ ਆਸਾਨੀ ਨਾਲ ਉਪਲੱਬਧ ਹੁੰਦੇ ਹਨ, ਇਸ ਲਈ ਮਾਪਿਆਂ ਨੂੰ ਖੁਰਾਕ ਸਬੰਧੀ ਸਖਤ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਡਾਕਟਰ ਵੱਲੋਂ ਨਿਰਧਾਰਿਤ ਬਿਨਾਂ ਕਿਸੇ ਵੀ ਕਫ ਸਿਰਪ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਸਿਰਫ਼ ਡਾਕਟਰ ਦੀ ਨਿਗਰਾਨੀ ਹੇਠ ਹੀ ਇਸ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
ਸਿਰਪ ਪਿਲਾਉਣ ਨਾਲ ਬੱਚਿਆਂ ਨੂੰ ਨਹੀਂ ਮਿਲਦੀ ਹੈ ਜ਼ਿਆਦਾ ਰਾਹਤ
ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ.ਡੀ.ਏ.) ਦਾ ਕਹਿਣਾ ਹੈ ਕਿ ਕਫ ਸਿਰਪ ਪਿਲਾਉਣ ਨਾਲ ਬੱਚਿਆਂ ਨੂੰ ਜ਼ੁਕਾਮ ਤੋਂ ਜਲਦੀ ਰਾਹਤ ਨਹੀਂ ਮਿਲਦੀ। ਹਾਲਾਂਕਿ, ਬ੍ਰਿਟੇਨ ਦੀ ਏਜੰਸੀ ਦੇ ਅਨੁਸਾਰ ਹੁਣ ਤੱਕ ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ ਕਿ ਬੱਚਿਆਂ ’ਚ ਕਫ ਸਿਰਪ ਕੰਮ ਕਰਦਾ ਹੈ। ਇੰਡੀਅਨ ਅਕੈਡਮੀ ਆਫ਼ ਪੀਡੀਆਟ੍ਰੀਸ਼ੀਅਨ (ਆਈ.ਏ.ਪੀ.) ਦਾ ਵੀ ਇਹ ਮੰਨਣਾ ਹੈ ਕਿ ਛੋਟੇ ਬੱਚਿਆਂ ’ਚ ਜ਼ੁਕਾਮ ਅਤੇ ਖੰਘ ਦੀ ਸਮੱਸਿਆ ਹਲਕੀ ਹੁੰਦੀ ਹੈ, ਇਹ ਸੈਲਫ ਲਿਮਟਿੰਗ ਹੁੰਦੀ ਹੈ ਅਤੇ ਜ਼ਿਆਦਾਤਰ ਮਾਮਲਿਆਂ ’ਚ ਬਿਨਾਂ ਦਵਾਈ ਦੇ ਠੀਕ ਹੋ ਜਾਂਦੀ ਹੈ। ਇਸ ਲਈ ਛੋਟੇ ਬੱਚਿਆਂ ਨੂੰ ਜ਼ੁਕਾਮ ਅਤੇ ਖੰਘ ਦੇ ਸਿਰਪ ਪਿਲਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਜੇ ਹਾਲਤ ਜ਼ਿਆਦਾ ਵਿਗੜ ਜਾਂਦੀ ਹੈ ਤਾਂ ਡਾਕਟਰ ਨਾਲ ਸਲਾਹ ਕਰੋ ਅਤੇ ਇਸ ਤੋਂ ਬਾਅਦ ਹੀ ਕੋਈ ਸਿਰਪ ਦਿਓ।
ਕਫ ਸਿਰਪ ਨੂੰ ਲੈ ਕੇ ਦੇਸ਼-ਵਿਦੇਸ਼ ’ਚ ਕੀ ਹਨ ਨਿਯਮ
ਬ੍ਰਿਟੇਨ ’ਚ ਕਫ ਸਿਰਪ ਨੂੰ ਲੈ ਕੇ ਸਖ਼ਤ ਨਿਯਮ ਹਨ। ਇੱਥੋਂ ਦੀ ਹੈਲਥ ਏਜੰਸੀ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਓਵਰ-ਦਿ-ਕਾਊਂਟਰ ਮਿਲਣ ਵਾਲੀਆਂ ਖੰਘ ਦੀਆਂ ਦਵਾਈਆਂ ਅਤੇ ਸਿਰਪ ਨਾ ਦੇਣ ਦੀ ਸਲਾਹ ਦਿੰਦੀ ਹੈ। ਅਮਰੀਕਾ ਦੀ ਗੱਲ ਕਰੀਏ ਤਾਂ ਇੱਥੇ ਸਰਕਾਰੀ ਏਜੰਸੀ ਦਾ ਸਪੱਸ਼ਟ ਨਿਰਦੇਸ਼ ਹੈ ਕਿ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਫ ਸਿਰਪ ਨਾ ਦਿੱਤਾ ਜਾਵੇ। ਇਸ ਤੋਂ ਇਲਾਵਾ ਇੱਥੇ ਫਾਰਮਾਸਿਊਟੀਕਲ ਕੰਪਨੀਆਂ ਵੀ ਲੋਕਾਂ ਨੂੰ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਫ ਸਿਰਪ ਨਾ ਦੇਣ ਦੀ ਚਿਤਾਵਨੀ ਦਿੰਦੀਆਂ ਹਨ। ਭਾਰਤ ’ਚ ਵੀ ਛੋਟੇ ਬੱਚਿਆਂ ਨੂੰ ਜ਼ੁਕਾਮ ਅਤੇ ਕਫ ਸਿਰਪ ਨੂੰ ਲੈ ਕੇ ਇਸੇ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ ਹਨ। ਇੰਡੀਅਨ ਅਕੈਡਮੀ ਆਫ਼ ਪੀਡੀਆਟ੍ਰੀਸ਼ੀਅਨਜ਼ ਵੀ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜ਼ੁਕਾਮ ਹੋਣ ’ਤੇ ਕਫ ਸਿਰਪ ਨਾ ਦੇਣ ਦਾ ਸੁਝਾਅ ਦਿੰਦੀ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਅਤੇ ਯੂਰਪ ਸਮੇਤ ਕਈ ਦੇਸ਼ਾਂ ’ਚ ਵੀ ਇਸੇ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਗਏ ਹਨ, ਤਾਂ ਜੋ ਬੱਚਿਆਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਨਾ ਪਵੇ।
ਤੁਹਾਡੇ ਬੱਚਿਆਂ ਨੂੰ ਕਿਉਂ ਹੋ ਸਕਦੀ ਹੈ ਖੰਘ
- ਸਿਹਤ ਮਾਹਿਰਾਂ ਦੇ ਅਨੁਸਾਰ ਤੁਹਾਡੇ ਬੱਚਿਆਂ ਨੂੰ ਪਾਲਤੂ ਜਾਨਵਰਾਂ, ਧੂੜ, ਉੱਲੀ ਅਤੇ ਹੋਰ ਘਰੇਲੂ ਐਲਰਜੀ ਕਾਰਕਾਂ ਤੋਂ ਐਲਰਜੀ ਹੋ ਸਕਦੀ ਹੈ।
- ਜੇ ਤੁਹਾਡਾ ਬੱਚਾ ਰਾਤ ਨੂੰ ਸੌਣ ਦੀ ਕੋਸ਼ਿਸ਼ ਕਰਦੇ ਸਮੇਂ ਖੰਘਦਾ ਹੈ ਅਤੇ ਉਸ ਨੂੰ ਕੋਈ ਹੋਰ ਬੀਮਾਰੀ ਨਹੀਂ ਹੈ, ਤਾਂ ਉਸ ਦੀ ਖੰਘ ਦਮੇ ਦੇ ਕਾਰਨ ਹੋ ਸਕਦੀ ਹੈ, ਜੋ ਕਿ ਸਾਹ ਦੀ ਨਾਲੀ ਦੀ ਇਕ ਪੁਰਾਣੀ ਸੋਜ਼ਿਸ਼ ਵਾਲੀ ਬੀਮਾਰੀ ਹੈ।
- ਜ਼ੁਕਾਮ, ਫਲੂ ਜਾਂ ਖਰਖਰੀ ਵਰਗੇ ਸਾਹ ਦੇ ਵਾਇਰਸਾਂ ਤੋਂ ਲੈ ਕੇ ਬ੍ਰੋਂਕਾਈਟਿਸ, ਨਿਮੋਨੀਆ ਅਤੇ ਕਾਲੀ ਖੰਘ ਵਰਗੇ ਬੈਕਟੀਰੀਆ ਦੀ ਲਾਗ ਤੱਕ ਖੰਘ ਦਾ ਕਾਰਨ ਬਣ ਸਕਦੇ ਹਨ।
- ਇਹ ਆਮ ਤੌਰ ’ਤੇ ਗਲੇ ਜਾਂ ਫੇਫੜਿਆਂ ’ਚ ਬਲਗ਼ਮ ਵਧਣ ਦੇ ਕਾਰਨ ਜਾਂ ਕਈ ਵਾਰ ਬ੍ਰੌਨਕੀਅਲ ਟਿਸ਼ੂ ਦੀ ਸੋਜ਼ ਜਾਂ ਜਲਣ ਕਾਰਨ ਹੁੰਦਾ ਹੈ।
- ਬੱਚਿਆਂ ਨੂੰ ਗੈਸਟ੍ਰੋਈਸੋਫੇਗਲ ਰਿਫਲਕਸ ਬੀਮਾਰੀ (ਜੀ. ਈ. ਆਰ. ਡੀ.) ਹੋਣ ਦਾ ਖ਼ਤਰਾ ਹੁੰਦਾ ਹੈ, ਜਿਸ ਨਾਲ ਪੇਟ ਦੇ ਐਸਿਡ ਕਾਰਨ ਗਲੇ ’ਚ ਜਲਣ ਹੋਣ ’ਤੇ ਖੰਘ ਆ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਝਾਰਖੰਡ: ਪੁਲਸ ਨਾਲ ਮੁਕਾਬਲੇ ਤੋਂ ਬਾਅਦ ਤਿੰਨ ਅਪਰਾਧੀ ਗ੍ਰਿਫ਼ਤਾਰ
NEXT STORY