ਨਵੀਂ ਦਿੱਲੀ : ਦੁਨੀਆ ਵਿਚ ਪਹਿਲੀ ਵਾਰ ਬੱਚਿਆਂ ਵਿਚ ਪਤਲੇਪਣ ਦੀ ਬਜਾਏ ਮੋਟਾਪੇ ਦੀ ਸਮੱਸਿਆ ਵਧ ਰਹੀ ਹੈ। ਯੂਨੀਸੈੱਫ ਦੀ ਨਵੀਂ ਰਿਪੋਰਟ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਅਲਟਰਾ ਪ੍ਰੋਸੈਸਡ ਜੰਕ ਫੂਡ ਬੱਚਿਆਂ ਦੀ ਖੁਰਾਕ ’ਤੇ ਹਾਵੀ ਹੋ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਸਿਹਤ ਅਤੇ ਵਿਕਾਸ ਗੰਭੀਰ ਖ਼ਤਰੇ ਵਿਚ ਹੈ। ਰਿਪੋਰਟ ਅਨੁਸਾਰ ਦੁਨੀਆ ਵਿਚ ਲਗਭਗ 188 ਮਿਲੀਅਨ ਬੱਚੇ, ਯਾਨੀ ਹਰ 10 ਬੱਚਿਆਂ ਵਿਚੋਂ ਇਕ ਮੋਟਾਪੇ ਦਾ ਸ਼ਿਕਾਰ ਹੈ।
ਬੱਚਿਆਂ ਲਈ ਘਾਤਕ ਹੈ ਅਲਟਰਾ ਪ੍ਰੋਸੈੱਸਡ ਭੋਜਨ : ਯੂਨੀਸੈੱਫ ਦੀ ਰਿਪੋਰਟ ਦਰਸਾਉਂਦੀ ਹੈ ਕਿ ਮੋਟਾਪਾ ਬੱਚਿਆਂ ਵਿਚ ਦਿਲ ਦੀਆਂ ਬੀਮਾਰੀਆਂ, ਸ਼ੂਗਰ ਅਤੇ ਕੈਂਸਰ ਦੇ ਜ਼ੋਖਮ ਨੂੰ ਵਧਾ ਰਿਹਾ ਹੈ। ਅਲਟਰਾ ਪ੍ਰੋਸੈਸਡ ਭੋਜਨ ਜਿਵੇਂ ਕਿ ਪੈਕ ਕੀਤੇ ਸਨੈਕਸ, ਮਿੱਠੇ ਪੀਣ ਵਾਲੇ ਪਦਾਰਥ, ਬਿਸਕੁੱਟ, ਕੇਕ ਅਤੇ ਖਾਣ ਲਈ ਤਿਆਰ ਭੋਜਨ ਬੱਚਿਆਂ ਦੀ ਖੁਰਾਕ ’ਤੇ ਹਾਵੀ ਹੁੰਦੇ ਹਨ।
ਇਨ੍ਹਾਂ ਭੋਜਨਾਂ ਵਿਚ ਖੰਡ, ਚਰਬੀ ਅਤੇ ਨਮਕ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਇਹ ਉਦਯੋਗਿਕ ਪ੍ਰਕਿਰਿਆਵਾਂ ਵਿਚੋਂ ਲੰਘਦੇ ਹਨ। ਇਹ ਰਿਪੋਰਟ ਚੇਤਾਵਨੀ ਦਿੰਦੀ ਹੈ ਕਿ ਸਕੂਲ ਅਤੇ ਬਾਜ਼ਾਰ ਜੰਕ ਫੂਡ ਨਾਲ ਭਰੇ ਹੋਏ ਹਨ ਅਤੇ ਡਿਜੀਟਲ ਪਲੇਟਫਾਰਮਾਂ ’ਤੇ ਉਨ੍ਹਾਂ ਦੀ ਮਾਰਕੀਟਿੰਗ ਬੱਚਿਆਂ ਅਤੇ ਮਾਪਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਯੂਨੀਸੈੱਫ ਨੇ ਸਰਕਾਰਾਂ ਨੂੰ ਜੰਕ ਫੂਡ ਨੂੰ ਲੇਬਲ ਕਰਨ ਅਤੇ ਟੈਕਸ ਲਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਸਕੂਲਾਂ ਵਿਚ ਉਨ੍ਹਾਂ ਦੀ ਵਿਕਰੀ ਅਤੇ ਇਸ਼ਤਿਹਾਰਾਂ ’ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ ਅਤੇ ਨਾਲ ਹੀ ਗਰੀਬ ਪਰਿਵਾਰਾਂ ਨੂੰ ਸਿਹਤਮੰਦ ਖੁਰਾਕ ਮੁਹੱਈਆ ਕਰਨ ਲਈ ਬਿਹਤਰ ਯੋਜਨਾਵਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਇਹ ਰਿਪੋਰਟ ਮੈਕਸੀਕੋ ਦੇ ਇਸ ਕਦਮ ਦੀ ਵੀ ਪ੍ਰਸ਼ੰਸਾ ਕਰਦੀ ਹੈ, ਜਿੱਥੇ ਸਕੂਲਾਂ ਵਿਚ ਜੰਕ ਫੂਡ ਦੀ ਵਿਕਰੀ ਅਤੇ ਵੰਡ ’ਤੇ ਪਾਬੰਦੀ ਲਾਈ ਗਈ ਹੈ।
5 ਤੋਂ 19 ਸਾਲ ਦੇ 9.2 ਫੀਸਦੀ ਬੱਚੇ ਪਤਲੇ
ਯੂਨੀਸੈੱਫ ਦੇ ਕਾਰਜਕਾਰੀ ਨਿਰਦੇਸ਼ਕ ਕੈਥਰੀਨ ਰਸਲ ਨੇ ਰਿਪੋਰਟ ਬਾਰੇ ਕਿਹਾ ਕਿ ਜਦੋਂ ਅਸੀਂ ਕੁਪੋਸ਼ਣ ਬਾਰੇ ਗੱਲ ਕਰਦੇ ਹਾਂ ਤਾਂ ਹੁਣ ਸਾਨੂੰ ਨਾ ਸਿਰਫ਼ ਪਤਲੇ ਬੱਚਿਆਂ ਬਾਰੇ, ਸਗੋਂ ਮੋਟਾਪੇ ਨਾਲ ਜੂਝ ਰਹੇ ਬੱਚਿਆਂ ਬਾਰੇ ਵੀ ਚਿੰਤਾ ਕਰਨੀ ਪੈਂਦੀ ਹੈ। ਜੰਕ ਫੂਡ ਹੁਣ ਫਲਾਂ, ਸਬਜ਼ੀਆਂ ਅਤੇ ਪ੍ਰੋਟੀਨ ਦੀ ਥਾਂ ਲੈ ਰਿਹਾ ਹੈ, ਜਦੋਂ ਕਿ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਹੀ ਪੋਸ਼ਣ ਬਹੁਤ ਮਹੱਤਵਪੂਰਨ ਹੈ। ਰਿਪੋਰਟ ਦਰਸਾਉਂਦੀ ਹੈ ਕਿ 5 ਤੋਂ 19 ਸਾਲ ਦੀ ਉਮਰ ਦੇ 9.2 ਫੀਸਦੀ ਬੱਚੇ ਪਤਲੇ ਹਨ, ਜਦੋਂ ਕਿ 9.4 ਫੀਸਦੀ ਬੱਚੇ ਮੋਟੇ ਹਨ। ਸਾਲ 2000 ਵਿਚ ਜਿੱਥੇ ਲਗਭਗ 13 ਫੀਸਦੀ ਬੱਚੇ ਪਤਲੇ ਸਨ ਅਤੇ ਸਿਰਫ਼ 3 ਫੀਸਦੀ ਮੋਟੇ ਸਨ ਪਰ ਹੁਣ ਸਥਿਤੀ ਉਲਟ ਹੋ ਗਈ ਹੈ। ਮੋਟਾਪਾ ਹੁਣ ਸਾਰੇ ਖੇਤਰਾਂ ਵਿਚ ਕੁਪੋਸ਼ਣ ਨਾਲੋਂ ਵੱਡਾ ਖ਼ਤਰਾ ਬਣ ਗਿਆ ਹੈ।
ਇਨ੍ਹਾਂ ਦੇਸ਼ਾਂ ’ਚ ਸਮੱਸਿਆ ਗੰਭੀਰ
ਪੈਸੀਫਿਕ ਟਾਪੂ-ਨਿਊ ਅਤੇ ਕੁੱਕ ਟਾਪੂਆਂ ਵਿਚ 5 ਤੋਂ 19 ਸਾਲ ਦੀ ਉਮਰ ਦੇ ਬੱਚਿਆਂ ਵਿਚ ਮੋਟਾਪਾ ਦਰ ਸਭ ਤੋਂ ਵੱਧ ਹੈ। ਤਿੰਨੋਂ ਅਮੀਰ ਦੇਸ਼ਾਂ ਚਿਲੀ, ਅਮਰੀਕਾ ਅਤੇ ਯੂ. ਏ. ਈ. ਵਿਚ ਵੀ ਸਥਿਤੀ ਗੰਭੀਰ ਹੈ। ਇਨ੍ਹਾਂ ਦੇਸ਼ਾਂ ਵਿਚ ਚਿਲੀ ਵਿਚ 27 ਫੀਸਦੀ ਤੇ ਅਮਰੀਕਾ ਅਤੇ ਯੂ. ਏ. ਈ. ਵਿਚ 21 ਫੀਸਦੀ ਮੋਟਾਪਾ ਦਰ ਹੈ। ਬ੍ਰਿਟੇਨ ਵਿਚ ਸਾਲ 2000 ਵਿਚ ਬੱਚਿਆਂ ਵਿਚ ਮੋਟਾਪਾ ਦਰ 9 ਫੀਸਦੀ ਸੀ, ਜੋ ਹੁਣ 2022 ਵਿਚ ਵਧ ਕੇ 11 ਫੀਸਦੀ ਹੋ ਗਈ ਹੈ।
ਕੀਨੀਆ ਵਿਚ ਪਿਛਲੇ 20 ਸਾਲਾਂ ਵਿਚ ਮੋਟੀਆਂ ਕੁੜੀਆਂ ਦੀ ਗਿਣਤੀ ਦੁੱਗਣੀ ਹੋ ਕੇ 13 ਫੀਸਦੀ ਹੋ ਗਈ ਹੈ। ਦੱਖਣੀ ਅਫਰੀਕਾ ਵਿਚ ਹਰ 8 ਵਿਚੋਂ ਇਕ ਬੱਚਾ ਮੋਟਾਪੇ ਤੋਂ ਪੀੜਤ ਹੈ, ਜਦੋਂ ਕਿ ਹਰ 4 ਵਿਚੋਂ 1 ਬੱਚਾ ਸਟੰਟਿੰਗ ਦਾ ਸ਼ਿਕਾਰ ਹੈ।
1 ਮਹੀਨੇ ਦਾ ਪਾਣੀ ਦਾ ਬਿੱਲ ਦੇਖ ਕਿਰਾਏਦਾਰ ਦੇ ਉੱਡੇ ਹੋਸ਼, ਮਾਲਕ ਤੋਂ ਪਰੇਸ਼ਾਨ ਵਿਅਕਤੀ ਨੇ ਸਾਂਝੀ ਕੀਤੀ ਪੋਸਟ
NEXT STORY