ਚੇਨਈ- ਪੱਟਾਲੀ ਮੱਕਲ ਕਾਚੀ (ਪੀ. ਐੱਮ. ਕੇ.) ਦੇ ਆਗੂ ਅੰਬੂਮਣੀ ਰਾਮਦਾਸ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ 1 ਜਨਵਰੀ 2009 ਜਾਂ ਉਸ ਤੋਂ ਬਾਅਦ ਪੈਦਾ ਹੋਏ ਵਿਅਕਤੀਆਂ ਦੇ ਸਿਗਰਟਨੋਸ਼ੀ ਕਰਨ ’ਤੇ ਪਾਬੰਦੀ ਲਗਾਉਣ ਅਤੇ ਉਨ੍ਹਾਂ ਨੂੰ ਸਿਗਰਟ ਵੇਚੇ ਜਾਣ ’ਤੇ ਰੋਕ ਲਗਾਉਣ ਲਈ ਕਾਨੂੰਨੀ ਕਦਮ ਚੁੱਕਣ, ਤਾਂ ਜੋ ‘ਸਿਗਰਟਨੋਸ਼ੀ-ਮੁਕਤ ਪੀੜ੍ਹੀ’ ਬਣਾਈ ਜਾ ਸਕੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਾਬਕਾ ਮੰਤਰੀ ਅੰਬੂਮਣੀ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਇਕ ਵਾਰ ਸਿਗਰਟ 'ਤੇ ਪਾਬੰਦੀ ਲਾਗੂ ਹੋਣ ਤੋਂ ਬਾਅਦ, ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਾਨੂੰਨੀ ਤੌਰ 'ਤੇ ਤੰਬਾਕੂ ਉਤਪਾਦਾਂ ਤੱਕ ਪਹੁੰਚ ਤੋਂ ਵਾਂਝਾ ਕਰ ਦੇਵੇਗੀ।
ਉਨ੍ਹਾਂ ਦਾਅਵਾ ਕੀਤਾ,''ਮੈਂ ਬਹੁਤ ਜ਼ਰੂਰੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਉਸ ਗੰਭੀਰ ਜਨਤਕ ਸਿਹਤ ਮੁੱਦੇ ਵੱਲ ਤੁਹਾਡਾ ਧਿਆਨ ਦਿਵਾਉਣ ਲਈ ਇਹ ਪੱਤਰ ਲਿਖ ਰਿਹਾ ਹਾਂ, ਜੋ ਲੱਖਾਂ ਭਾਰਤੀਆਂ ਦੀ ਜ਼ਿੰਦਗੀ ਨੂੰ ਲਗਾਤਾਰ ਖ਼ਤਰੇ ਵਿਚ ਪਾ ਰਿਹਾ ਹੈ, ਖ਼ਾਸ ਕਰ ਕੇ ਨੌਜਵਾਨ ਪੀੜ੍ਹੀ ਵਿਚ, ਜੋ ਸਿਗਰਟਨੋਸ਼ੀ ਨਾਲ ਪ੍ਰਭਾਵਿਤ ਹੋ ਰਹੀ ਹੈ।'' ਮਨਮੋਹਨ ਸਿੰਘ ਦੀ ਅਗਵਾਈ ਵਾਲੀ ਪਹਿਲੀ ਯੂ.ਪੀ.ਏ. ਸਰਕਾਰ (2004-09) ਵਿਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵਜੋਂ ਸੇਵਾ ਨਿਭਾਉਂਦਿਆਂ ਉਨ੍ਹਾਂ ਨੇ ਦੇਸ਼ ਭਰ ਵਿਚ ਜਨਤਕ ਥਾਵਾਂ ’ਤੇ ਸਿਗਰਟ ਪੀਣ ’ਤੇ ਪਾਬੰਦੀ ਲਗਾਈ ਸੀ। ਅੰਬੂਮਣੀ ਨੇ ਦੱਸਿਆ ਕਿ ਗਲੋਬਲ ਸਿਹਤ ਅਨੁਮਾਨਾਂ ਅਨੁਸਾਰ, ਲਗਭਗ 26 ਕਰੋੜ 70 ਲੱਖ ਭਾਰਤੀ, ਯਾਨੀ ਲਗਭਗ ਹਰ 5 'ਚੋਂ ਇਕ ਨਾਗਰਿਕ ਤੰਬਾਕੂ ਦਾ ਸੇਵਨ ਕਰਦਾ ਹੈ। ਉਨ੍ਹਾਂ ਕਿਹਾ,''ਹਰ ਸਾਲ ਤੰਬਾਕੂ ਦੇ ਸੇਵਨ ਨਾਲ ਸਿੱਧੇ ਤੌਰ 'ਤੇ 13.5 ਲੱਖ ਤੋਂ ਵੱਧ ਮੌਤਾਂ ਹੋਈਆਂ ਹਨ।'' ਉਨ੍ਹਾਂ ਇਹ ਵੀ ਕਿਹਾ,''ਇਹ ਅੰਕੜੇ ਚਿੰਤਾਜਨਕ ਹਨ ਅਤੇ ਇਕ ਵਿਆਪਕ ਜਨਤਕ ਸਿਹਤ ਸੰਕਟ ਨੂੰ ਦਰਸਾਉਂਦੇ ਹਨ।''
ਅੰਬੂਮਣੀ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ 'ਚ ਕਿਹਾ,''ਕੈਂਸਰ ਦੇ ਕੁੱਲ ਮਾਮਲਿਆਂ 'ਚੋਂ ਲਗਭਗ 40 ਤੋਂ 50 ਫੀਸਦੀ ਲਈ ਤੰਬਾਕੂ ਜ਼ਿੰਮੇਵਾਰ ਹੈ। ਤੰਬਾਕੂ ਨਾਲ ਸੰਬੰਧਤ ਕੈਂਸਰ ਕਾਰਨ ਦੇਸ਼ 'ਚ ਹਰ ਸਾਲ 4.7 ਲੱਖ ਤੋਂ ਵੱਧ ਮੌਤਾਂ ਹੁੰਦੀਆਂ ਹਨ।'' ਉਨ੍ਹਾਂ ਕਿਹਾ,''ਇਸ ਸੰਦਰਭ 'ਚ, ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਬ੍ਰਿਟੇਨ ਦੀ ਤਰ੍ਹਾਂ ਇਕ ਪਰਿਵਰਤਨਕਾਰੀ ਕਾਨੂੰਨ ਲਾਗੂ ਕਰਨ 'ਤੇ ਵਿਚਾਰ ਕਰਨ ਜੋ ਇਕ ਵਿਸ਼ੇਸ਼ ਸਾਲ (ਜਿਵੇਂ 2009) ਜਾਂ ਉਸ ਤੋਂ ਬਾਅਦ ਜਨਮੇ ਵਿਅਕਤੀਆਂ ਲਈ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਖਪਤ ਨੂੰ ਸਥਾਈ ਰੂਪ ਨਾਲ ਬੈਨ ਕਰੇ।'' ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਪੀੜ੍ਹੀ-ਦਰ-ਪੀੜ੍ਹੀ ਪਾਬੰਦੀ ਭਾਰਤ 'ਚ ਸਮੇਂ ਨਾਲ ਤੰਬਾਕੂ ਦੇ ਉਪਯੋਗ ਨੂੰ ਖ਼ਤਮ ਕਰਨ ਵੱਲ ਇਕ ਫੈਸਲਾਕੁੰਨ ਕਦਮ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਾਹਦਰਾ ਅੱਗ ਹਾਦਸੇ 'ਤੇ CM ਰੇਖਾ ਗੁਪਤਾ ਨੇ ਜਤਾਇਆ ਦੁੱਖ ! ਪੀੜਤਾਂ ਨੂੰ ਹਰ ਸੰਭਵ ਮਦਦ ਦਾ ਦਿਵਾਇਆ ਭਰੋਸਾ
NEXT STORY