ਨਵੀਂ ਦਿੱਲੀ: ਗਣਤੰਤਰ ਦਿਵਸ 2026 ਦੇ ਸ਼ੁਭ ਮੌਕੇ 'ਤੇ ਦੇਸ਼ ਦੀ ਸੇਵਾ ਵਿੱਚ ਡਟੇ ਸੂਰਬੀਰਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਸ ਵਾਰ ਭਾਰਤੀ ਸੈਨਾ ਦੀ ਹੋਣਹਾਰ ਅਧਿਕਾਰੀ ਕਰਨਲ ਸੋਫੀਆ ਕੁਰੈਸ਼ੀ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ 'ਵਿਸ਼ਿਸ਼ਟ ਸੇਵਾ ਮੈਡਲ' (VSM) ਨਾਲ ਨਿਵਾਜਿਆ ਜਾਵੇਗਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੁੱਲ 133 ਅਧਿਕਾਰੀਆਂ ਨੂੰ ਇਸ ਮੈਡਲ ਲਈ ਮਨਜ਼ੂਰੀ ਦਿੱਤੀ ਹੈ, ਜਿਸ ਵਿੱਚ ਕਰਨਲ ਕੁਰੈਸ਼ੀ ਦਾ ਨਾਂ ਪ੍ਰਮੁੱਖਤਾ ਨਾਲ ਸ਼ਾਮਲ ਹੈ।
'ਆਪ੍ਰੇਸ਼ਨ ਸਿੰਦੂਰ' ਰਾਹੀਂ ਦੁਨੀਆ ਨੂੰ ਦਿਖਾਇਆ ਆਈਨਾ
ਕਰਨਲ ਸੋਫੀਆ ਕੁਰੈਸ਼ੀ ਉਸ ਸਮੇਂ ਚਰਚਾ ਵਿੱਚ ਆਈ ਸੀ ਜਦੋਂ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਸਥਿਤ ਅੱਤਵਾਦੀ ਟਿਕਾਣਿਆਂ ਵਿਰੁੱਧ ਭਾਰਤ ਵੱਲੋਂ 'ਆਪ੍ਰੇਸ਼ਨ ਸਿੰਦੂਰ' ਚਲਾਇਆ ਗਿਆ ਸੀ। ਜਦੋਂ ਗੁਆਂਢੀ ਦੇਸ਼ ਇਸ ਆਪਰੇਸ਼ਨ ਬਾਰੇ ਅਫਵਾਹਾਂ ਫੈਲਾ ਰਿਹਾ ਸੀ, ਤਾਂ ਕਰਨਲ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਕਮਾਨ ਸੰਭਾਲਦਿਆਂ ਦੁਨੀਆ ਨੂੰ ਸੱਚਾਈ ਤੋਂ ਜਾਣੂ ਕਰਵਾਇਆ ਅਤੇ ਪਾਕਿਸਤਾਨ ਦੇ ਝੂਠ ਦਾ ਪਰਦਾਫਾਸ਼ ਕੀਤਾ।
ਪਹਿਲੀ ਮਹਿਲਾ ਅਧਿਕਾਰੀ ਜਿਨ੍ਹਾਂ ਨੇ ਰਚਿਆ ਇਤਿਹਾਸ
ਗੁਜਰਾਤ ਦੇ ਵਡੋਦਰਾ ਦੀ ਰਹਿਣ ਵਾਲੀ ਸੋਫੀਆ ਕੁਰੈਸ਼ੀ ਨੇ ਸਾਲ 1999 ਵਿੱਚ ਭਾਰਤੀ ਸੈਨਾ ਜੁਆਇਨ ਕੀਤੀ ਸੀ। ਉਹ ਭਾਰਤੀ ਸੈਨਾ ਦੀ ਪਹਿਲੀ ਅਜਿਹੀ ਮਹਿਲਾ ਅਧਿਕਾਰੀ ਬਣੀ ਜਿਸ ਨੇ ਬਹੁ-ਰਾਸ਼ਟਰੀ ਫੌਜੀ ਅਭਿਆਸ 'ਐਕਸਰਸਾਈਜ਼ ਫੋਰਸ 18' ਵਿੱਚ ਭਾਰਤੀ ਦਲ ਦੀ ਅਗਵਾਈ ਕੀਤੀ। ਇਸ ਵੱਡੇ ਅਭਿਆਸ ਵਿੱਚ ਸ਼ਾਮਲ 18 ਦੇਸ਼ਾਂ ਦੇ ਦਲਾਂ ਵਿੱਚ ਉਹ ਇਕਲੌਤੀ ਮਹਿਲਾ ਅਧਿਕਾਰੀ ਸੀ।
ਸ਼ਾਨਦਾਰ ਰਿਹਾ ਹੈ ਫੌਜੀ ਸਫ਼ਰ
ਕਰਨਲ ਸੋਫੀਆ ਕੁਰੈਸ਼ੀ ਦਾ ਕਰੀਅਰ ਕਈ ਪ੍ਰਾਪਤੀਆਂ ਨਾਲ ਭਰਿਆ ਹੋਇਆ ਹੈ:
• ਸੰਯੁਕਤ ਰਾਸ਼ਟਰ ਮਿਸ਼ਨ: ਸਾਲ 2006 ਵਿੱਚ ਉਨ੍ਹਾਂ ਨੇ ਅਫਰੀਕੀ ਦੇਸ਼ ਕਾਂਗੋ ਵਿੱਚ ਸ਼ਾਂਤੀ ਸਥਾਪਨਾ ਮਿਸ਼ਨ ਵਿੱਚ ਸੇਵਾ ਨਿਭਾਈ।
• ਆਪ੍ਰੇਸ਼ਨ ਪਰਾਕ੍ਰਮ: ਪੰਜਾਬ ਸਰਹੱਦ 'ਤੇ ਆਪਰੇਸ਼ਨ ਪਰਾਕ੍ਰਮ ਦੌਰਾਨ ਉਨ੍ਹਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਮਿਲ ਚੁੱਕਾ ਹੈ।
• ਸਮਾਜਿਕ ਸੇਵਾ: ਉੱਤਰ-ਪੂਰਬ (North-East) ਵਿੱਚ ਆਏ ਹੜ੍ਹਾਂ ਦੌਰਾਨ ਲੋਕਾਂ ਦੀ ਮਦਦ ਲਈ ਵੀ ਉਨ੍ਹਾਂ ਦੇ ਕੰਮਾਂ ਦੀ ਕਾਫੀ ਸ਼ਲਾਘਾ ਹੋਈ ਸੀ।
ਜ਼ਿਕਰਯੋਗ ਹੈ ਕਿ ਇਸ ਵਾਰ ਗਣਤੰਤਰ ਦਿਵਸ ਮੌਕੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੂੰ 'ਅਸ਼ੋਕ ਚੱਕਰ' ਅਤੇ ਸੈਨਾ ਦੇ ਹੋਰ 70 ਜਵਾਨਾਂ ਨੂੰ ਵੀ ਬਹਾਦਰੀ ਪੁਰਸਕਾਰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ।
ਕਠੂਆ 'ਚ ਡਰੋਨ ਦੇਖੇ ਜਾਣ ਤੋਂ ਬਾਅਦ ਹੜਕੰਪ, ਸੁਰੱਖਿਆ ਬਲਾਂ ਨੇ ਚਲਾਇਆ ਸਰਚ ਆਪ੍ਰੇਸ਼ਨ
NEXT STORY