ਨਵੀਂ ਦਿੱਲੀ- ਕਾਂਗਰਸ ਆਗੂਆਂ ਨੇ 'ਭਾਰਤ ਜੋੜੋ ਯਾਤਰਾ' ਦੌਰਾਨ ਪਾਰਟੀ ਆਗੂ ਅਤੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਸ਼ਨੀਵਾਰ ਨੂੰ ਅਚਨਚੇਤੀ ਦਿਹਾਂਤ 'ਤੇ ਡੂੰਘਾ ਸੋਗ ਜ਼ਾਹਰ ਕੀਤਾ। ਦੱਸ ਦੇਈਏ ਕਿ 'ਭਾਰਤ ਜੋੜੋ ਯਾਤਰਾ' ਦੌਰਾਨ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਸੰਤੋਖ ਚੌਧਰੀ ਦਾ ਦਿਹਾਂਤ ਹੋ ਗਿਆ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ਸੰਤੋਖ ਸਿੰਘ ਚੌਧਰੀ ਜੀ ਦੇ ਅਚਾਨਕ ਦਿਹਾਂਤ ਤੋਂ ਮੈਂ ਸਦਮੇ ਵਿਚ ਹਾਂ। ਉਹ ਜ਼ਮੀਨ ਨਾਲ ਜੁੜੇ ਮਿਹਨਤੀ ਨੇਤਾ, ਇਕ ਨੇਕ ਇਨਸਾਨ ਅਤੇ ਕਾਂਗਰਸ ਪਰਿਵਾਰ ਦੇ ਮਜ਼ਬੂਤ ਥੰਮ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਯੂਥ ਕਾਂਗਰਸ ਤੋਂ ਸੰਸਦ ਮੈਂਬਰ ਤੱਕ ਲੋਕ ਸੇਵਾ ਲਈ ਸਮਰਪਿਤ ਕਰ ਦਿੱਤੀ। ਮੈਂ ਦੁਖੀ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕਰਦਾ ਹਾਂ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਭਾਰਤ ਜੋੜੋ ਯਾਤਰਾ' ਦੌਰਾਨ MP ਸੰਤੋਖ ਸਿੰਘ ਚੌਧਰੀ ਦਾ ਦਿਹਾਂਤ
ਪ੍ਰਿਯੰਕਾ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਜੀ ਦੇ ਅਚਾਨਕ ਦਿਹਾਂਤ ਦੀ ਖ਼ਬਰ ਸੁਣ ਕੇ ਮਨ ਨੂੰ ਭਾਰੀ ਦੁੱਖ ਪਹੁੰਚਿਆ। ਸੰਤੋਖ ਸਿੰਘ ਜੀ ਕਾਂਗਰਸ ਵਿਚਾਰਧਾਰਾ ਲਈ ਸਮਰਪਿਤ ਨੇਤਾ ਅਤੇ ਸੱਚੇ ਜਨਸੇਵਕ ਸਨ। ਉਨ੍ਹਾਂ ਦੇ ਦਿਹਾਂਤ ਨਾਲ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ। ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।
ਇਹ ਵੀ ਪੜ੍ਹੋ : ਨਹੀਂ ਰਹੇ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਜਾਣੋ ਕਿਹੋ-ਜਿਹਾ ਸੀ ਸਿਆਸੀ ਪਿਛੋਕੜ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਚੌਧਰੀ ਦਾ ਦਿਹਾਂਤ ਸੰਗਠਨ ਲਈ ਇਕ ਵੱਡਾ ਝਟਕਾ ਹੈ। ਖੜਗੇ ਨੇ ਟਵੀਟ ਕੀਤਾ ਕਿ ਸਾਡੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਅਚਨਚੇਤੀ ਦਿਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਦਾ ਜਾਣਾ ਪਾਰਟੀ ਅਤੇ ਸੰਗਠਨ ਲਈ ਇਕ ਵੱਡਾ ਝਟਕਾ ਹੈ। ਮੇਰੀ ਹਮਦਰਦੀ ਦੁੱਖ ਦੀ ਇਸ ਘੜੀ ਵਿਚ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਸਮਰਥਕਾਂ ਨਾਲ ਹੈ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ।
ਇਹ ਵੀ ਪੜ੍ਹੋ : ਹਿਮਾਚਲ 'ਚ 20 ਸਾਲਾਂ ਬਾਅਦ ਪੁਰਾਣੀ ਪੈਨਸ਼ਨ ਬਹਾਲ, 1.36 ਲੱਖ ਕਾਮਿਆਂ ਨੂੰ ਮਿਲੇਗਾ ਲਾਭ
ਓਧਰ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਚੌਧਰੀ ਦਾ 'ਭਾਰਤ ਜੋੜੋ ਯਾਤਰਾ' ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਸ਼ਨੀਵਾਰ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਨੇ ਟਵੀਟ ਕੀਤਾ ਕਿ ਅਸੀਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕਰਦੇ ਹਾਂ। ਯਾਤਰਾ ਦੇ ਪ੍ਰੋਗਰਾਮ ਵਿਚ ਬਦਲਾਅ ਹੋਣਗੇ, ਜੋ ਛੇਤੀ ਹੀ ਸਾਂਝਾ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਚੌਧਰੀ ਦਾ 'ਭਾਰਤ ਜੋੜੋ ਯਾਤਰਾ' ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਯਾਤਰਾ ਰੋਕ ਦਿੱਤੀ ਗਈ। ਉਹ 76 ਸਾਲ ਦੇ ਸਨ। ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਦੋ ਵਾਰ ਸੰਸਦ ਮੈਂਬਰ ਰਹੇ ਚੌਧਰੀ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਪੈਦਲ ਯਾਤਰਾ 'ਚ ਫਿਲੌਰ ਵਿਚ ਹਿੱਸਾ ਲੈਂਦੇ ਸਮੇਂ ਬੇਹੋਸ਼ ਹੋ ਗਏ ਸਨ।
ਜੰਗਲ 'ਚ ਮਿਲੀ ਮਹਿਲਾ ਕ੍ਰਿਕਟਰ ਦੀ ਲਾਸ਼, ਪਰਿਵਾਰ ਨੇ ਲਾਇਆ ਕਤਲ ਦਾ ਦੋਸ਼
NEXT STORY