ਚੰਡੀਗੜ੍ਹ- ਕਾਂਗਰਸ ਦੇ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਬੁੱਧਵਾਰ ਯਾਨੀ ਕਿ ਅੱਜ ਹਰਿਆਣਾ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਕੱਲ ਸੱਤਾਧਾਰੀ ਭਾਜਪਾ ਪਾਰਟੀ ’ਚ ਸ਼ਾਮਲ ਹੋਣਗੇ। ਆਦਮਪੁਰ ਤੋਂ ਮੌਜੂਦਾ ਵਿਧਾਇਕ ਰਹੇ 53 ਸਾਲਾ ਬਿਸ਼ਨੋਈ ਨੇ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੂੰ ਆਪਣਾ ਅਸਤੀਫ਼ਾ ਸੌਂਪਿਆ। ਬਿਸ਼ਨੋਈ ਦੇ ਅਸਤੀਫ਼ੇ ਮਗਰੋਂ ਹੁਣ ਹਿਸਾਰ ਜ਼ਿਲ੍ਹੇ ਦੇ ਆਦਮਪੁਰ ਸੀਟ ’ਤੇ ਜ਼ਿਮਨੀ ਚੋਣ ਕਰਾਉਣੀ ਹੋਵੇਗੀ। ਅਸਤੀਫ਼ਾ ਦੇਣ ਮਗਰੋਂ ਬਿਸ਼ਨੋਈ ਨੇ ਕਿਹਾ ਕਿ ਕਾਂਗਰਸ ਆਪਣੀ ਵਿਚਾਰਧਾਰਾ ਤੋਂ ਭਟਕ ਗਈ ਹੈ, ਹੁਣ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਸਮੇਂ ਵਾਲੀ ਪਾਰਟੀ ਨਹੀਂ ਰਹੀ।
ਇਹ ਵੀ ਪੜ੍ਹੋ– ਇਸ ਤਾਰੀਖ਼ ਨੂੰ ਭਾਜਪਾ ਦਾ ਪੱਲਾ ਫੜ ਸਕਦੇ ਹਨ ਕੁਲਦੀਪ ਬਿਸ਼ਨੋਈ, ਟਵੀਟ ਕਰ ਦਿੱਤੇ ਸੰਕੇਤ
ਦੱਸ ਦੇਈਏ ਕਿ ਕਾਂਗਰਸ ਨੇ ਇਸ ਸਾਲ ਜੂਨ ’ਚ ਹੋਈਆਂ ਰਾਜ ਸਭਾ ਚੋਣਾਂ ’ਚ ਬਿਸ਼ਨੋਈ ਦੇ ‘ਕਰਾਸ ਵੋਟਿੰਗ’ ਕਰਨ ਮਗਰੋਂ ਉਨ੍ਹਾਂ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਸੀ। 4 ਵਾਰ ਵਿਧਾਇਕ ਅਤੇ ਦੋ ਵਾਰ ਸੰਸਦ ਮੈਂਬਰ ਬਿਸ਼ਨੋਈ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ। ਇਸ ਸਾਲ ਦੀ ਸ਼ੁਰੂਆਤ ’ਚ ਹਰਿਆਣਾ ਇਕਾਈ ਦੇ ਪ੍ਰਮੁੱਖ ਅਹੁਦੇ ’ਤੇ ਨਿਯੁਕਤ ਨਾ ਕੀਤੇ ਜਾਣ ਮਗਰੋਂ ਉਨ੍ਹਾਂ ਨੇ ਬਗਾਵਤੀ ਤੇਵਰ ਅਪਣਾ ਲਏ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਛੋਟੇ ਪੁੱਤਰ ਕੁਲਦੀਪ ਬਿਸ਼ਨੋਈ ਦੂਜੀ ਵਾਰ ਕਾਂਗਰਸ ਨਾਲੋਂ ਨਾਤਾ ਤੋੜ ਰਹੇ ਹਨ। ਪਾਰਟੀ ਤੋਂ ਵੱਖ ਹੋਣ ਮਗਰੋਂ ਕਰੀਬ 6 ਸਾਲ ਪਹਿਲਾਂ ਹੀ ਉਹ ਮੁੜ ਕਾਂਗਰਸ ਨਾਲ ਜੁੜੇ ਸਨ।
ਦਿੱਲੀ ’ਚ ਹੋ ਸਕਦੀ ਹੈ ਸ਼ਰਾਬ ਦੀ ਕਿੱਲਤ, ਪੁਰਾਣੀ ਪਾਲਿਸੀ ਨੂੰ ਅਮਲ ’ਚ ਲਿਆਉਣ ਦੀ ਕਵਾਇਦ ਜਾਰੀ
NEXT STORY