ਰਾਂਚੀ, (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਾਤੀ ਮਰਦਮਸ਼ੁਮਾਰੀ ਕਰਵਾਉਣ ਦੇ ਵਾਅਦੇ ਲਈ ਕਾਂਗਰਸ ਤੇ ਇਸ ਦੇ ਨੇਤਾ ਰਾਹੁਲ ਗਾਂਧੀ ਦੀ ਸ਼ੁੱਕਰਵਾਰ ਆਲੋਚਨਾ ਕੀਤੀ ਤੇ ਇਸ ਨੂੰ ਸਿਆਸੀ ਲਾਭ ਲਈ ਵੋਟਰਾਂ ਨੂੰ ਭਰਮਾਉਣ ਲਈ ਹੱਥਕੰਡੇ ਵਜੋਂ ਅਪਣਾਉਣ ਦਾ ਦੋਸ਼ ਲਾਇਆ।
ਝਾਰਖੰਡ ਦੇ ਮਹਾਗਮਾ ’ਚ ਇਕ ਰੈਲੀ ’ਚ ਰਾਜਨਾਥ ਨੇ ਕਾਂਗਰਸ ਨੂੰ ਚੁਣੌਤੀ ਦਿੱਤੀ ਕਿ ਉਹ ਦੇਸ਼ ’ਚ ਵੱਖ-ਵੱਖ ਜਾਤੀਆਂ ਤੇ ਉਪ-ਜਾਤੀਆਂ ਨੂੰ ਰਿਜ਼ਰਵੇਸ਼ਨ ਦਾ ਲਾਭ ਦੇਣ ਲਈ ਇਕ ਠੋਸ ਯੋਜਨਾ ਪੇਸ਼ ਕਰੇ।
ਰਾਜਨਾਥ ਨੇ ਕਿਹਾ ਕਿ 2011 ’ਚ ਇਕ ਸਮਾਜਿਕ-ਆਰਥਿਕ ਜਾਤੀ ਮਰਦਮਸ਼ੁਮਾਰੀ ਕਰਵਾਈ ਗਈ ਸੀ, ਜਿਸ ’ਚ ਲਗਭਗ 46 ਲੱਖ ਜਾਤੀਆਂ, ਉਪ-ਜਾਤੀਆਂ ਤੇ ਗੋਤਰਾਂ ਬਾਰੇ ਜਾਣਕਾਰੀ ਸਾਹਮਣੇ ਆਈ ਸੀ। ਸਮਾਜ ਕਲਿਆਣ ਮੰਤਰਾਲਾ ਅਨੁਸਾਰ ਇੱਥੇ ਲਗਭਗ 1,200 ਅਨੁਸੂਚਿਤ ਜਾਤੀਆਂ, 750 ਤੋਂ ਵੱਧ ਅਨੁਸੂਚਿਤ ਜਨਜਾਤੀਆਂ ਤੇ ਲਗਭਗ 2,500 ਹੋਰ ਪੱਛੜੀਆਂ ਸ਼੍ਰੇਣੀਆਂ ਹਨ।
ਉਨ੍ਹਾਂ ਪੁੱਛਿਆ ਕਿ ਕਾਂਗਰਸ ਇਨ੍ਹਾਂ ਸਾਰੇ ਗਰੁੱਪਾਂ ’ਚ ਮਰਦਮਸ਼ੁਮਾਰੀ ਦੀ ਵੰਡ ਨੂੰ ਕਿਵੇਂ ਕੰਟਰੋਲ ਕਰੇਗੀ? ਕਾਂਗਰਸ ਅਜਿਹੀ ਪ੍ਰਣਾਲੀ ਨੂੰ ਲਾਗੂ ਕਰਨ ਲਈ ਇਕ ਸਪੱਸ਼ਟ ਖਾਕਾ ਪੇਸ਼ ਕਰੇ।
ਰਾਜਨਾਥ ਸਿੰਘ ਨੇ ਰਾਹੁਲ ਗਾਂਧੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਭਾਰਤ ’ਚ ਕਿੰਨੀਆਂ ਜਾਤੀਆਂ ਹਨ। ਸਿਆਸਤ ਲੋਕਾਂ ਦੀ ਸੇਵਾ ਲਈ ਹੋਣੀ ਚਾਹੀਦੀ ਹੈ ਨਾ ਕਿ ਸਿਰਫ਼ ਸਰਕਾਰ ਬਣਾਉਣ ਲਈ।
ਉਨ੍ਹਾਂ ਕਾਂਗਰਸ ’ਤੇ ਮੌਕਾਪ੍ਰਸਤ ਸਿਆਸਤ ਕਰਨ ਦਾ ਦੋਸ਼ ਲਾਇਆ ਤੇ ਦਾਅਵਾ ਕੀਤਾ ਕਿ ਪਾਰਟੀ ਨੇ ਇਤਿਹਾਸਕ ਪੱਖੋਂ ਬਿਹਾਰ ’ਚ ਰਾਸ਼ਟਰੀ ਜਨਤਾ ਦਲ ਤੇ ਜੰਮੂ ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਵਰਗੀਆਂ ਖੇਤਰੀ ਪਾਰਟੀਆਂ ਨਾਲ ਗੱਠਜੋੜ ਕੀਤਾ ਪਰ ਹੁਣ ਤਾਮਿਲਨਾਡੂ ’ਚ ਡੀ. ਐੱਮ. ਕੇ. ਦੀ ਵਾਰੀ ਹੈ।
ਕਾਂਗਰਸ ਸੱਤਾ ਹਾਸਲ ਕਰਨ ਲਈ ਇਸ ਕਿਸਮ ਦੇ ਗੱਠਜੋੜ ਦੀ ਵਰਤੋਂ ਕਰਦੀ ਹੈ ਪਰ ਆਖਿਰ ਇਹ ਆਪਣੇ ਸਹਿਯੋਗੀਆਂ ਨੂੰ ਹੀ ਨੁਕਸਾਨ ਪਹੁੰਚਾਉਂਦੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਝਾਰਖੰਡ ’ਚ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ-ਕਾਂਗਰਸ- ਰਾਜਦ ਗੱਠਜੋੜ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ’ਚ ਸ਼ਾਮਲ ਹੈ। ਇੱਥੋਂ ਤੱਕ ਕਿ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਲਈ ਵੀ ਰਿਸ਼ਵਤ ਲਈ ਜਾ ਰਹੀ ਹੈ।
ਸੂਬੇ ’ਚ ਭਾਜਪਾ ਦੇ ਰਿਕਾਰਡ ਨਾਲ ਤੁਲਨਾ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਤੱਕ ਝਾਰਖੰਡ ’ਚ 13 ਮੁੱਖ ਮੰਤਰੀਆਂ ਨੇ ਰਾਜ ਕੀਤਾ ਹੈ ਪਰ ਭਾਜਪਾ ਦੇ ਤਿੰਨ ਮੁੱਖ ਮੰਤਰੀਆਂ ’ਚੋਂ ਕਿਸੇ ਨੂੰ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਨਾ ਹੀ ਜੇਲ ਜਾਣਾ ਪਿਆ।
ਬਿਹਾਰ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ
NEXT STORY