ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ ’ਚ ਵੈਕਸੀਨ ਦੀ ਕਿੱਲਤ ਵੱਧਦੀ ਜਾ ਰਹੀ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਯਾਨੀ ਕਿ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਬਾਇਓਟੈਕ ਨੇ ਦਿੱਲੀ ਵਿਚ ‘ਕੋਵੈਕਸੀਨ’ ਦੀ ਸਪਲਾਈ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਨਤੀਜਨ ਹੁਣ 17 ਸਕੂਲਾਂ ’ਚ ਬਣਾਏ ਗਏ ਕਰੀਬ 100 ਟੀਕਾਕਰਨ ਕੇਂਦਰਾਂ ਨੂੰ ਬੰਦ ਕਰਨਾ ਪਿਆ, ਜਿੱਥੇ ਕੋਵੈਕਸੀਨ ਦਾ ਟੀਕਾ ਲਾਇਆ ਜਾ ਰਿਹਾ ਸੀ।
ਸਿਸੋਦੀਆ ਨੇ ਕਿਹਾ ਕਿ ਭਾਰਤ ਬਾਇਓਟੈਕ ਨੇ ਦਿੱਲੀ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਉਹ ਰਾਸ਼ਟਰੀ ਰਾਜਧਾਨੀ ਨੂੰ ਕੋਵੈਕਸੀਨ ਦੀਆਂ ਵਾਧੂ ਖ਼ੁਰਾਕਾਂ ਨਹੀਂ ਦੇ ਸਕਦਾ। ਕੋਵੈਕਸੀਨ ਦੇ ਨਿਰਮਾਤਾ ਨੇ ਇਕ ਚਿੱਠੀ ਵਿਚ ਕਿਹਾ ਕਿ ਉਹ ਦਿੱਲੀ ਸਰਕਾਰ ਨੂੰ ਸਬੰਧਤ ਸਰਕਾਰੀ ਅਧਿਕਾਰੀ ਦੇ ਨਿਰਦੇਸ਼ ਤਹਿਤ ਖ਼ੁਰਾਕਾਂ ਉਪਲੱਬਧ ਨਹੀਂ ਕਰਵਾ ਸਕਦਾ। ਸਿਸਦੋਈਆ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਕੇਂਦਰ ਸਰਕਾਰ ਟੀਕੇ ਦੀ ਸਪਲਾਈ ਨੂੰ ਕੰਟਰੋਲ ਕਰ ਰਹੀ ਹੈ। ਚਿੱਠੀ ਤੋਂ ਸਾਫ਼ ਹੈ ਕਿ ਕੇਂਦਰ ਹੀ ਇਹ ਫ਼ੈਸਲਾ ਕਰਦੀ ਹੈ ਕਿ ਕਿਸ ਸੂਬੇ ਨੂੰ ਟੀਕੇ ਦੀ ਕਿੰਨੀ ਖ਼ੁਰਾਕ ਮਿਲੇਗੀ।
ਸਿਸੋਦੀਆ ਨੇ ਕਿਹਾ ਕਿ ਅਸੀਂ ਕੇਂਦਰ ਨੂੰ ਬੇਨਤੀ ਕਰਦੇ ਹਾਂ ਕਿ ਸਥਿਤੀ ਦੀ ਗੰਭੀਰਤਾ ਨੂੰ ਸਮਝੇ, ਟੀਕਿਆਂ ਦਾ ਨਿਰਯਾਤ ਬੰਦ ਕਰੇ ਅਤੇ ਟੀਕੇ ਦਾ ਫਾਰਮੂਲਾ ਹੋਰ ਕੰਪਨੀਆਂ ਨਾਲ ਵੀ ਸਾਂਝਾ ਕਰਨ। ਸਿਸੋਦੀਆ ਨੇ ਕਿਹਾ ਕਿ ਵੈਕਸੀਨ ਉਪਲੱਬਧ ਨਹੀਂ ਕਰਵਾਈ ਗਈ ਤਾਂ ਤੀਜੀ ਲਹਿਰ ਵਿਚ ਵੀ ਲੋਕ ਮਰਦੇ ਰਹਿਣਗੇ। ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕੌਮਾਂਤਰੀ ਬਜ਼ਾਰ ਵਿਚ ਜਿੱਥੋਂ ਵੀ ਵੈਕਸੀਨ ਮਿਲੇ, ਉੱਥੋਂ ਲੈ ਕੇ ਸੂਬਾਈ ਸਰਕਾਰਾਂ ਨੂੰ ਉਪਲੱਬਧ ਕਰਵਾਉਣ। ਦੱਸ ਦੇਈਏ ਕਿ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਵੈਕਸੀਨ ਦੀ ਘਾਟ ਦੀ ਗੱਲ ਸਾਹਮਣੇ ਆ ਰਹੀ ਹੈ। ਬੀਤੇ ਦਿਨੀਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਵੈਕਸੀਨ ਦੀ ਸਪਲਾਈ ਛੇਤੀ ਤੋਂ ਛੇਤੀ ਹੋਣੀ ਚਾਹੀਦੀ ਹੈ ਤਾਂ ਕਿ ਸਾਰਿਆਂ ਨੂੰ ਟੀਕਾ ਲੱਗ ਸਕੇ।
ਕੋਰੋਨਾ ਦੀ ਦੂਜੀ ਲਹਿਰ ਮੱਠੀ ਪਈ ਪਰ ਖ਼ਤਰਾ ਅਜੇ ਟਲਿਆ ਨਹੀਂ, ਪੜ੍ਹੋ ਕੀ ਕਹਿੰਦੇ ਨੇ ਵਿਗਿਆਨੀ
NEXT STORY