ਭਦੋਹੀ (ਵਾਰਤਾ)— ਕਾਨਪੁਰ 'ਚ 3 ਜੁਲਾਈ ਨੂੰ ਹੋਈ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਸ ਬਦਮਾਸ਼ਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ। ਇਸ ਦਰਮਿਆਨ ਸੋਮਵਾਰ ਰਾਤ ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲੇ ਦੇ ਸੁਰੀਆਵਾਂ ਖੇਤਰ ਵਿਚ ਹੋਏ ਪੁਲਸ ਮੁਕਾਬਲੇ ਵਿਚ 50 ਹਜ਼ਾਰ ਰੁਪਏ ਦਾ ਇਨਾਮੀ ਬਦਮਾਸ਼ ਦੀਪਕ ਗੁਪਤਾ ਮਾਰਿਆ ਗਿਆ, ਜਦਕਿ ਉਸ ਦਾ ਸਾਥੀ ਦੌੜਨ ਵਿਚ ਸਫਲ ਰਿਹਾ। ਪੁਲਸ ਬੁਲਾਰੇ ਨੇ ਮੰਗਲਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸੁਰੀਆਵਾਂ ਖੇਤਰ ਵਿਚ ਭਦੋਹੀ-ਸੁਰੀਆਵਾਂ ਮਾਰਗ ਦੇ ਚੌਥਾਰ ਚਕੀਆ ਚੌਗੁਣਾ ਤ੍ਰਿਮੁਹਾਨੀ ਨੇੜੇ ਚੈਕਿੰਗ ਦੌਰਾਨ ਸੋਮਵਾਰ ਦੇਰ ਰਾਤ ਕਰੀਬ ਪੌਣੇ ਦੋ ਵਜੇ ਸਥਾਨਕ ਪੁਲਸ ਅਤੇ ਕ੍ਰਾਈਮ ਬਰਾਂਚ ਦੀ ਟੀਮ ਨੇ ਬਾਈਕ ਸਵਾਰ ਬਦਮਾਸ਼ਾਂ ਨੂੰ ਘੇਰ ਲਿਆ। ਖੁਦ ਨੂੰ ਘਿਰਿਆ ਦੇਖ ਕੇ ਬਦਮਾਸ਼ਾਂ ਨੇ ਪੁਲਸ 'ਤੇ ਗੋਲੀਬਾਰੀ ਕਰ ਦਿੱਤੀ।
ਪੁਲਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਬਾਰੀ ਕੀਤੀ, ਜਿਸ 'ਚ 50 ਹਜ਼ਾਰ ਦਾ ਇਨਾਮੀ ਬਦਮਾਸ਼ ਦੀਪਕ ਗੁਪਤਾ ਮਾਰਿਆ ਗਿਆ, ਜਦਕਿ ਉਸ ਦਾ ਸਾਥੀ ਫਰਾਰ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਬਦਮਾਸ਼ਾਂ ਦੀ ਗੋਲੀਬਾਰੀ ਨਾਲ ਕ੍ਰਾਈਮ ਬਰਾਂਚ ਮੁਖੀ ਅਜੈ ਸਿੰਘ ਸੇਂਗਰ ਦੇ ਪੈਰ 'ਚ ਗੋਲੀ ਲੱਗੀ ਹੈ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਪੁਲਸ ਮੁਤਾਬਕ ਪੁਲਸ ਫਰਾਰ ਬਦਮਾਸ਼ ਦੇ ਸਾਥੀ ਦੀ ਭਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਦੀਪਕ ਗੁਪਤਾ 'ਤੇ ਵੱਖ-ਵੱਖ ਜ਼ਿਲਿਆਂ ਵਿਚ ਕਤਲ, ਲੁੱਟ ਸਮੇਤ ਕਰੀਬ 18 ਮਾਮਲੇ ਦਰਜ ਹਨ। ਇਹ ਬਦਮਾਸ਼ 2014 ਵਿਚ ਵਾਰਾਣਸੀ ਜੇਲ ਤੋਂ ਫਰਾਰ ਹੋ ਗਿਆ ਸੀ। ਪੁਲਸ ਨੇ ਇਸ ਦੀ ਗ੍ਰਿਫ਼ਤਾਰੀ 'ਤੇ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਸੀ। ਮੌਕੇ ਤੋਂ ਇਕ ਰਿਵਾਲਵਰ ਅਤੇ ਦੇਸੀ ਬੰਦੂਕ, ਕਾਰਤੂਸ ਤੇ ਬਾਈਕ ਬਰਾਮਦ ਕੀਤੀ ਗਈ ਹੈ। ਸੂਚਨਾ 'ਤੇ ਪੁਲਸ ਇੰਸਪੈਕਟਰ ਰਾਮਬਦਨ ਸਿੰਘ ਪੁਲਸ ਖੇਤਰ ਅਧਿਕਾਰੀ ਭਦੋਹੀ ਸਮੇਤ ਕਈ ਥਾਣੇ ਦੀ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ।
ਪੁਲਵਾਮਾ ਦਾ ਲਾਪਤਾ ਨੌਜਵਾਨ ਬਣਿਆ ਅੱਤਵਾਦੀ, ਤਸਵੀਰ ਵਾਇਰਲ
NEXT STORY