ਅਮਰਾਵਤੀ : ਚੱਕਰਵਾਤੀ ਤੂਫ਼ਾਨ 'ਅਰਨਬ' ਕਾਰਨ ਆਂਧਰਾ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਜ਼ਬਰਦਸਤ ਤਬਾਹੀ ਮਚਾਈ ਹੈ। ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਅਨੁਸਾਰ ਤੂਫ਼ਾਨ ਨਾਲ ਸਬੰਧਤ ਵੱਖ-ਵੱਖ ਘਟਨਾਵਾਂ ਵਿੱਚ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਰਾਜ ਦੇ 13 ਜ਼ਿਲ੍ਹਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਯਾਨਮ ਵਿੱਚ ਅਚਾਨਕ ਹੜ੍ਹ (ਫਲੈਸ਼ ਫਲੱਡ) ਆਉਣ ਦਾ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਦੇ ਚੱਕਰਵਾਤ ਚਿਤਾਵਨੀ ਕੇਂਦਰ ਅਨੁਸਾਰ ਬਾਪਤਲਾ, ਗੁੰਟੂਰ, ਐੱਨ.ਟੀ.ਆਰ., ਕ੍ਰਿਸ਼ਨਾ, ਏਲੂਰੂ, ਪੂਰਬੀ ਗੋਦਾਵਰੀ, ਕਾਕੀਨਾਡਾ, ਅੱਲੂਰੀ ਸੀਤਾਰਾਮ ਰਾਜੂ, ਵਿਸ਼ਾਖਾਪੱਤਨਮ, ਵਿਜ਼ੀਆਨਗਰਮ, ਅਨਾਕਾਪੱਲੀ, ਪਾਰਵਤੀਪੁਰਮ ਮਨਯਮ ਅਤੇ ਪੱਛਮੀ ਗੋਦਾਵਰੀ ਜ਼ਿਲ੍ਹਿਆਂ ਲਈ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਤੂਫ਼ਾਨ ਦੌਰਾਨ ਤੱਟਵਰਤੀ ਇਲਾਕਿਆਂ ਵਿੱਚ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦਾ ਅਨੁਮਾਨ ਲਗਾਇਆ ਗਿਆ। ਮਛਲੀਪੱਟਨਮ ਵਿੱਚ ਹਵਾ ਦੀ ਰਫ਼ਤਾਰ 96 ਕਿਲੋਮੀਟਰ ਪ੍ਰਤੀ ਘੰਟਾ ਅਤੇ ਵਿਸ਼ਾਖਾਪੱਤਨਮ ਤੇ ਕਾਕੀਨਾਡਾ ਵਿੱਚ 80 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ। ਗਰਿਵਿਡੀ ਵਿੱਚ 26 ਸੈਂਟੀਮੀਟਰ, ਜਦਕਿ ਅਨਾਕਾਪੱਲੀ, ਸ੍ਰੀੰਗਵਰਪੁਕੋਟਾ, ਵੇਪਾਡਾ ਅਤੇ ਚੀਪੁਰੁਪੱਲੇ ਵਿੱਚ 25-25 ਸੈਂਟੀਮੀਟਰ ਭਾਰੀ ਮੀਂਹ ਦਰਜ ਕੀਤਾ ਗਿਆ ਹੈ।
ਪੀੜਤਾਂ ਲਈ ਮੁਆਵਜ਼ੇ ਅਤੇ ਰਾਹਤ ਸਮੱਗਰੀ ਦਾ ਐਲਾਨ
ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਦੱਸਿਆ ਕਿ ਵਿਸ਼ਾਖਾਪੱਤਨਮ ਵਿੱਚ ਬਿਜਲੀ ਦੇ ਖੰਭੇ ਅਤੇ ਰੁੱਖ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋਈ, ਜਦਕਿ ਅਨਾਕਾਪੱਲੀ ਅਤੇ ਭੀਮਾਵਰਮ ਵਿੱਚ ਇੱਕ-ਇੱਕ ਵਿਅਕਤੀ ਦੀ ਜਾਨ ਗਈ ਹੈ। ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਜਿਨ੍ਹਾਂ ਪਰਿਵਾਰਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਹੈ, ਉਨ੍ਹਾਂ ਨੂੰ 25 ਕਿਲੋ ਚੌਲ ਦਿੱਤੇ ਜਾਣਗੇ। ਬੁਣਕਰਾਂ ਅਤੇ ਮਛੇਰਿਆਂ ਨੂੰ 50 ਕਿਲੋ ਚੌਲ, 1 ਕਿਲੋ ਪਿਆਜ਼, ਖਾਣ ਵਾਲਾ ਤੇਲ ਅਤੇ ਅਰਹਰ ਦੀ ਦਾਲ ਦੇ ਨਾਲ-ਨਾਲ 1,000 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ।
ਮੁੱਖ ਮੰਤਰੀ ਨਾਇਡੂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫ਼ੋਨ 'ਤੇ ਗੱਲਬਾਤ ਕਰਕੇ ਰਾਹਤ ਅਤੇ ਮੁੜ-ਵਸੇਬੇ ਦੇ ਕਾਰਜਾਂ ਲਈ ਕੇਂਦਰ ਸਰਕਾਰ ਤੋਂ ਮਦਦ ਮੰਗੀ ਹੈ। ਸਰਕਾਰ ਵੱਲੋਂ ਖੇਤੀਬਾੜੀ ਅਤੇ ਬਾਗਬਾਨੀ ਫ਼ਸਲਾਂ ਨੂੰ ਹੋਏ ਨੁਕਸਾਨ ਦਾ ਆਕਲਨ ਵੀ ਕਰਵਾਇਆ ਜਾ ਰਿਹਾ ਹੈ।
ਆਰਥਿਕ ਬਦਹਾਲੀ ਦੀ ਸੱਚਾਈ ਸਵੀਕਾਰੇ ਤੇ ਠੋਸ ਕਦਮ ਚੁੱਕੇ ਸਰਕਾਰ : ਜੈਰਾਮ ਰਮੇਸ਼
NEXT STORY