ਨੋਇਡਾ- ਨੋਇਡਾ 'ਚ ਇਕ ਬਜ਼ੁਰਗ ਜੋੜੇ ਨੇ ਨੂੰਹ ਅਤੇ ਉਸ ਦੇ ਪੇਕੇ ਵਾਲਿਆਂ ਵਲੋਂ ਝੂਠੇ ਮਾਮਲੇ 'ਚ ਫਸਾਉਣ ਦੀ ਧਮਕੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਮਾਮਲੇ 'ਚ 4 ਲੋਕਾਂ ਵਿਰੁੱਧ ਥਾਣਾ ਦਾਦਰੀ 'ਚ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਹੋਇਆ ਹੈ। ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਵਿਸ਼ਾਲ ਪਾਂਡੇ ਨੇ ਦੱਸਿਆ ਕਿ ਥਾਣਾ ਦਾਦਰੀ ਖੇਤਰ ਦੇ ਬਢਪੁਰਾ ਪਿੰਡ 'ਚ ਰਹਿਣ ਵਾਲੇ ਅਰੁਣ ਭਾਟੀ ਦਾ ਵਿਆਹ 29 ਜੁਲਾਈ 2020 ਨੂੰ ਹਾਪੁੜ ਜ਼ਿਲ੍ਹੇ ਦੀ ਰਹਿਣ ਵਾਲੀ ਸਵਾਤੀ ਨਾਲ ਹੋਇਆ ਸੀ। ਨੂੰਹ ਦੇ ਪੇਕੇ ਵਾਲੇ 11 ਮਈ ਨੂੰ ਉਸ ਨੂੰ ਵਿਦਾ ਕਰਵਾ ਕੇ ਹਾਪੁੜ ਲੈ ਗਏ ਅਤੇ 16 ਮਈ ਨੂੰ ਉਨ੍ਹਾਂ ਨੇ ਅਰੁਣ ਦੇ ਪਿਤਾ ਰਵਿੰਦਰ ਕੁਮਾਰ ਨੂੰ ਫੋਨ ਕਰ ਕੇ ਉਨ੍ਹਾਂ ਦੇ ਚਰਿੱਤਰ 'ਤੇ ਉਂਗਲੀ ਚੁੱਕੀ ਅਤੇ ਉਨ੍ਹਾਂ ਵਿਰੁੱਧ ਜਬਰ ਜ਼ਿਨਾਹ ਦਾ ਮਾਮਲਾ ਦਰਜ ਕਰਵਾਉਣ ਦੀ ਧਮਕੀ ਦਿੱਤੀ।
ਉਨ੍ਹਾਂ ਦੱਸਿਆ ਕਿ ਧਮਕੀ ਤੋਂ ਪਰੇਸ਼ਾਨ ਹੋ ਕੇ ਰਵਿੰਦਰ ਕੁਮਾਰ ਭਾਟੀ ਅਤੇ ਉਨ੍ਹਾਂ ਦੀ ਪਤਨੀ ਰਾਕੇਸ਼ ਭਾਟੀ ਨੇ 17 ਮਈ ਨੂੰ ਜ਼ਹਿਰੀਲਾ ਪਦਾਰਥ ਖਾ ਲਿਆ। ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਦਾਦਰੀ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਗਾਜ਼ੀਆਬਾਦ ਦੇ ਇਕ ਹਸਪਤਾਲ 'ਚ ਰੈਫਰ ਕੀਤਾ ਗਿਆ, ਜਿੱਥੇ ਦੋਹਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਵਿਸ਼ਾਲ ਪਾਂਡੇ ਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਭਾਟੀ ਅਤੇ ਉਨ੍ਹਾਂ ਦੀ ਪਤਨੀ ਨੇ ਇਕ ਸੁਸਾਈਡ ਨੋਟ ਲਿਖਿਆ ਹੈ, ਜਿਸ 'ਚ ਉਨ੍ਹਾਂ ਨੇ ਪੁੱਤਰ ਦੇ ਵਿਆਹ 'ਚ ਵਿਚੋਲੇ ਸੁਨੀਲ ਵਲੋਂ ਉਨ੍ਹਾਂ ਤੋਂ 5 ਲੱਖ ਰੁਪਏ ਉਧਾਰ ਲੈਣ ਅਤੇ ਮੰਗਣ 'ਤੇ ਟਾਲ-ਮਟੋਲ ਕਰਨ ਦੀ ਗੱਲ ਕਹੀ ਹੈ। ਜੋੜੇ ਨੇ ਸੁਨੀਲ 'ਤੇ ਨੂੰਹ ਸਵਾਤੀ ਦੇ ਪਰਿਵਾਰ ਵਾਲਿਆਂ ਨੂੰ ਭੜਕਾਉਣ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਦੱਸਿਆ ਕਿ ਮਾਮਲੇ 'ਚ ਅਰੁਣ ਦੀ ਸ਼ਿਕਾਇਤ 'ਤੇ ਸੁਨੀਲ, ਨੂੰਹ ਸਵਾਤੀ, ਉਸ ਦੇ ਭਰਾ ਕੌਸ਼ਿੰਦਰ ਅਤੇ ਗੌਰਵ ਵਿਰੁੱਧ ਥਾਣਾ ਦਾਦਰੀ 'ਚ ਵੀਰਵਾਰ ਨੂੰ ਮਾਮਲਾ ਦਰਜ ਕੀਤਾ ਗਿਆ ਹੈ।
ਕਿਸਾਨ ਅੰਦੋਲਨ: 10 ਸੂਬਿਆਂ ਦੇ 38 ਸੰਗਠਨਾਂ ਨੇ ਬਣਾਇਆ ਵੱਖਰਾ ਕਿਸਾਨ ਮਜ਼ਦੂਰ ਫੈੱਡਰੇਸ਼ਨ
NEXT STORY