ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਇਕ ਔਰਤ ਨੂੰ ਉਸ ਦੇ ਪਿਤਾ ਵੱਲੋਂ ਗੁਜ਼ਾਰਾ ਭੱਤਾ ਦੇਣ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਧੀਆਂ ਬੋਝ ਨਹੀਂ ਹੁੰਦੀਆਂ। ਜਸਟਿਸ ਡੀ.ਵਾਈ. ਚੰਦਰਚੂੜ ਅਤੇ ਏ.ਐੱਸ. ਬੋਪੰਨਾ ਦੀ ਬੈਂਚ ਨੇ ਇਹ ਟਿੱਪਣੀ ਸ਼ੁੱਕਰਵਾਰ ਨੂੰ ਉਕਤ ਵਿਅਕਤੀ ਵਲੋਂ ਪੇਸ਼ ਹੋਏ ਵਕੀਲ ਦੀ ਦਲੀਲ 'ਤੇ ਕੀਤੀ। ਸੰਵਿਧਾਨ ਦੀ ਸਮਾਨਤਾ ਨਾਲ ਸਬੰਧਤ ਧਾਰਾ-14 ਦਾ ਹਵਾਲਾ ਦਿੰਦਿਆਂ ਜਸਟਿਸ ਚੰਦਰਚੂੜ ਨੇ ਕਿਹਾ, "ਧੀਆਂ ਕੋਈ ਬੋਝ ਨਹੀਂ ਹੁੰਦੀਆਂ।"
ਸੁਪਰੀਮ ਕੋਰਟ ਨੇ ਅਕਤੂਬਰ 2020 ’ਚ ਜ਼ਿਕਰ ਕੀਤਾ ਸੀ ਕਿ ਬਿਨੈਕਾਰਾਂ ਵਲੋਂ ਪੇਸ਼ ਵਕੀਲ ਨੇ ਕਿਹਾ ਹੈ ਕਿ ਅਪ੍ਰੈਲ 2018 ਤੋਂ ਬਾਅਦ ਧੀ ਲਈ 8,000 ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਅਤੇ ਪਤਨੀ ਲਈ ਗੁਜ਼ਾਰੇ ਦੀ ਰਕਮ ਦਾ ਬਕਾਏ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਫਿਰ ਇਸ ਨੇ ਆਦਮੀ ਨੂੰ ਦੋ ਹਫ਼ਤਿਆਂ ਦੇ ਅੰਦਰ-ਅੰਦਰ ਆਪਣੀ ਪਤਨੀ ਅਤੇ ਧੀ ਨੂੰ 2,50,000 ਰੁਪਏ ਅਦਾ ਕਰਨ ਦਾ ਨਿਰਦੇਸ਼ ਦਿੱਤਾ। ਬਾਅਦ ਵਿਚ ਜਦੋਂ ਇਸ ਸਾਲ ਮਈ ’ਚ ਇਹ ਮਾਮਲਾ ਸੁਣਵਾਈ ਲਈ ਆਇਆ ਤਾਂ ਬੈਂਚ ਨੂੰ ਦੱਸਿਆ ਗਿਆ ਕਿ ਪਤਨੀ ਦੀ ਪਿਛਲੇ ਸਾਲ ਮੌਤ ਹੋ ਗਈ ਸੀ। ਵਿਅਕਤੀ ਵੱਲੋਂ ਪੇਸ਼ ਹੋਏ ਵਕੀਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਗੁਜ਼ਾਰੇ ਭੱਤੇ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਇਸ ਸਬੰਧੀ ਬੈਂਕ ਸਟੇਟਮੈਂਟ ਦਾ ਹਵਾਲਾ ਦਿੱਤਾ।
ਇਹ ਮਾਮਲਾ ਸ਼ੁੱਕਰਵਾਰ ਨੂੰ ਜਦੋਂ ਸੁਣਵਾਈ ਲਈ ਆਇਆ ਤਾਂ ਬੈਂਚ ਨੂੰ ਦੱਸਿਆ ਗਿਆ ਕਿ ਔਰਤ ਇਕ ਵਕੀਲ ਹੈ ਅਤੇ ਉਸ ਨੇ ਨਿਆਂਇਕ ਸੇਵਾਵਾਂ ਲਈ ਮੁੱਢਲੀ ਪ੍ਰੀਖਿਆ ਪਾਸ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਔਰਤ ਨੂੰ ਆਪਣੀ ਪ੍ਰੀਖਿਆ ’ਤੇ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਉਹ ਆਪਣੇ ਪਿਤਾ ’ਤੇ ਨਿਰਭਰ ਨਾ ਰਹੇ। ਜਦੋਂ ਬੈਂਚ ਨੂੰ ਸੂਚਿਤ ਕੀਤਾ ਗਿਆ ਕਿ ਔਰਤ ਅਤੇ ਉਸ ਦੇ ਪਿਤਾ ਨੇ ਲੰਬੇ ਸਮੇਂ ਤੋਂ ਇਕ-ਦੂਜੇ ਨਾਲ ਗੱਲ ਨਹੀਂ ਕੀਤੀ ਹੈ, ਤਾਂ ਅਦਾਲਤ ਨੇ ਸੁਝਾਅ ਦਿੱਤਾ ਕਿ ਉਹ ਇਕ-ਦੂਜੇ ਨਾਲ ਗੱਲ ਕਰਨ। ਬੈਂਚ ਨੇ ਵਿਅਕਤੀ ਨੂੰ 8 ਅਗਸਤ ਤੱਕ ਆਪਣੀ ਧੀ ਨੂੰ 50,000 ਰੁਪਏ ਅਦਾ ਕਰਨ ਲਈ ਕਿਹਾ।
ADB ਨੇ ਹਿਮਾਚਲ ’ਚ ਪੀਣ ਵਾਲੇ ਪਾਣੀ ਲਈ 770 ਕਰੋੜ ਰੁਪਏ ਦਾ ਕਰਜ਼ ਕੀਤਾ ਮਨਜ਼ੂਰ
NEXT STORY