ਬਕਸਰ— ਕੋਰੋਨਾ ਮਹਾਮਾਰੀ ਦਰਮਿਆਨ ਬਿਹਾਰ ਦੇ ਬਕਸਰ ਜ਼ਿਲ੍ਹੇ ’ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਬਕਸਰ ਜ਼ਿਲ੍ਹੇ ਦੇ ਚੌਸਾ ’ਚ ਗੰਗਾ ’ਚੋਂ ਘੱਟੋ-ਘੱਟ 40 ਲਾਸ਼ਾਂ ਤੈਰਦੀਆਂ ਹੋਈਆਂ ਮਿਲੀਆਂ। ਸਥਾਨਕ ਪੱਧਰ ’ਤੇ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਦਿਲ ਨੂੰ ਦਹਿਲਾ ਦੇਣ ਵਾਲੀਆਂ ਹਨ। ਲਾਸ਼ਾਂ ਨੂੰ ਜਾਨਵਰ ਖਾਂਦੇ ਵੇਖੇ ਜਾ ਰਹੇ ਸਨ।

ਚੌਸਾ ਦੇ ਬਲਾਕ ਵਿਕਾਸ ਅਧਿਕਾਰੀ ਅਸ਼ੋਕ ਕੁਮਾਰ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ 40-45 ਦੀ ਗਿਣਤੀ ’ਚ ਲਾਸ਼ਾਂ ਗੰਗਾ ’ਚੋਂ ਮਿਲੀਆਂ ਹਨ। ਇਸ ਗੱਲ ਦੀ ਸੰਭਾਵਨਾ ਹੈ ਕਿ ਇਹ ਲਾਸ਼ਾਂ ਉੱਤਰ ਪ੍ਰਦੇਸ ਤੋਂ ਵਹਿ ਕੇ ਆਈਆਂ ਹਨ। ਸਥਾਨਕ ਲੋਕਾਂ ਮੁਤਾਬਕ ਕੋਰੋਨਾ ਕਾਲ ਵਿਚ ਬਕਸਰ ਜ਼ਿਲ੍ਹੇ ਦੇ ਚੌਸਾ ਨੇੜੇ ਸਥਿਤ ਮਹਾਦੇਵ ਘਾਟ ਦੀਆਂ ਤਸਵੀਰਾਂ ਨੇ ਉਸ ਸਮੇਂ ਹੈਰਾਨ ਕਰ ਦਿੱਤਾ, ਜਦੋਂ ਲਾਸ਼ਾਂ ਦੇ ਢੇਰ ਗੰਗਾ ਸਥਿਤ ਘਾਟ ’ਤੇ ਪਹੁੰਚੇ।

ਅਸ਼ੋਕ ਕੁਮਾਰ ਨੇ ਅੱਗੇ ਕਿਹਾ ਕਿ ਇਹ ਲਾਸ਼ਾਂ ਸਾਡੀਆਂ ਨਹੀਂ ਹਨ। ਅਸੀਂ ਲੋਕਾਂ ਨੇ ਇਕ ਚੌਕੀਦਾਰ ਲਗਾਇਆ ਹੋਇਆ ਹੈ, ਜਿਸ ਦੀ ਨਿਗਰਾਨੀ ਵਿਚ ਲੋਕ ਲਾਸ਼ਾਂ ਸਾੜ ਰਹੇ ਹਨ। ਅਜਿਹੇ ਵਿਚ ਲਾਸ਼ਾਂ ਉੱਤਰ ਪ੍ਰਦੇਸ਼ ਤੋਂ ਵਹਿ ਕੇ ਆਈਆਂ ਹਨ, ਜੋ ਇੱਥੇ ਆ ਕੇ ਲੱਗ ਗਈਆਂ ਹਨ। ਅਧਿਕਾਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੋਂ ਆ ਰਹੀਆਂ ਲਾਸ਼ਾਂ ਨੂੰ ਰੋਕਣ ਦਾ ਕੋਈ ਰਾਹ ਨਹੀਂ ਹੈ। ਅਜਿਹੀ ਸਥਿਤੀ ਵਿਚ ਅਸੀਂ ਇਨ੍ਹਾਂ ਲਾਸ਼ਾਂ ਨੂੰ ਸਾੜਨ ਦੀ ਪ੍ਰਕਿਰਿਆ ਵਿਚ ਹਾਂ।

ਇਕ ਹੋਰ ਅਧਿਕਾਰੀ ਨੇ ਕਿਹਾ ਕਿ ਲਾਸ਼ਾਂ ਕਰੀਬ 4-5 ਦਿਨ ਤੋਂ ਪਾਣੀ ਵਿਚ ਹਨ। ਸਾਨੂੰ ਜਾਂਚ ਕਰਨ ਦੀ ਲੋੜ ਹੈ ਕਿ ਲਾਸ਼ਾਂ ਕਿੱਥੋਂ ਹਨ, ਉੱਤਰ ਪ੍ਰਦੇਸ਼ ਦੇ ਕਿਸ ਸ਼ਹਿਰ ਤੋਂ ਹਨ। ਇਸ ਘਟਨਾ ਨੂੰ ਲੈ ਕੇ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਦਹਿਸ਼ਤ ਦਾ ਮਾਹੌਲ ਹੈ।

ਤੇਲੰਗਾਨਾ ਸਰਕਾਰ ਦਾ ਵੱਡਾ ਫ਼ੈਸਲਾ, 12 ਮਈ ਤੋਂ 10 ਦਿਨਾਂ ਦੇ ਸੰਪੂਰਨ ਲਾਕਡਾਊਨ ਦਾ ਕੀਤਾ ਐਲਾਨ
NEXT STORY