ਗਾਜ਼ੀਆਬਾਦ— ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਤੋਂ ਲਾਪਤਾ ਹੋਈ ਸਨੈਪਡੀਲ ਦੀ ਇੰਜੀਨੀਅਰ ਦੀਪਤੀ ਸਰਨਾ ਸ਼ੁੱਕਰਵਾਰ ਦੀ ਸਵੇਰ ਨੂੰ ਪਾਨੀਪਤ 'ਚ ਮਿਲ ਗਈ ਹੈ। ਪੁਲਸ ਮੁਤਾਬਕ ਦੀਪਤੀ ਨੇ ਪਾਨੀਪਤ ਤੋਂ ਪਰਿਵਾਰ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਬਿਲਕੁੱਲ ਠੀਕ ਹੈ। ਦੱਸਣ ਯੋਗ ਹੈ ਕਿ ਸਨੈਪਡੀਲ ਦੀ ਕੰਪਨੀ 'ਚ ਕੰਮ ਕਰਨ ਵਾਲੀ ਇੰਜੀਨੀਅਰ ਲੜਕੀ ਦੀਪਤੀ ਬੁੱਧਵਾਰ ਦੀ ਸ਼ਾਮ ਨੂੰ ਜਦੋਂ ਦਫਤਰ ਤੋਂ ਆਪਣੇ ਘਰ ਵਾਪਸ ਜਾਣ ਲਈ ਨਿਕਲੀ ਸੀ ਤਾਂ ਉਹ ਸ਼ਾਮ 8 ਵਜੇ ਮੈਟਰੋ ਤੋਂ ਵੈਸ਼ਾਲੀ ਉਤਰੀ। ਘਰ ਜਾਣ ਲਈ ਉਸ ਨੇ ਆਟੋ ਲਿਆ। ਇਸ ਤੋਂ ਬਾਅਦ ਉਹ ਲਾਪਤਾ ਹੋ ਗਈ।
ਦੀਪਤੀ ਦੇ ਪਿਤਾ ਨੇ ਕਿਹਾ ਕਿ ਬੁੱਧਵਾਰ ਰਾਤ ਤਕਰੀਬਨ 8 ਵਜੇ ਉਨ੍ਹਾਂ ਦੀ ਆਪਣੀ ਬੇਟੀ ਦੀਪਤੀ ਨਾਲ ਗੱਲ ਹੋਈ, ਉਸ ਨੇ ਕਿਹਾ ਕਿ ਆਟੋ ਵਾਲਾ ਉਸ ਨੂੰ ਗਲਤ ਰਾਹ ਲੈ ਜਾ ਰਿਹਾ ਹੈ। ਪਾਪਾ ਮੈਨੂੰ ਬਚਾ ਲਓ। ਇਸ ਤੋਂ ਬਾਅਦ ਉਸ ਦਾ ਮੋਬਾਈਲ ਸਵਿਚ ਆਫ ਹੋ ਗਿਆ।
ਦੀਪਤੀ ਨੇ ਸ਼ੁੱਕਰਵਾਰ ਦੀ ਸਵੇਰ ਨੂੰ 8 ਵਜੇ ਆਪਣੇ ਘਰ ਫੋਨ ਕਰ ਕੇ ਕਿਹਾ ਕਿ ਉਹ ਪਾਨੀਪਤ ਵਿਚ ਹੈ ਅਤੇ ਸਹੀ ਸਲਾਮਤ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਆਖਰਕਾਰ ਦੀਪਤੀ 36 ਘੰਟੇ ਕਿੱਥੇ ਸੀ?
ਪੁਲਸ ਦਾ ਕਹਿਣਾ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਕਿ ਇਹ ਅਗਵਾ ਦਾ ਮਾਮਲਾ ਸੀ ਜਾਂ ਕੁਝ ਹੋਰ। ਪੁਲਸ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਨੂੰ ਗਾਜ਼ੀਆਬਾਦ ਦੇ ਹਿੰਡਨ ਨਹਿਰ ਕੋਲ ਪਹੁੰਚਦੇ ਹੀ ਆਟੋ ਵਿਚ ਸਵਾਰ ਵਿਅਕਤੀਆਂ ਨੇ ਦੀਪਤੀ ਦੀ ਸਹੇਲੀ ਨੂੰ ਚਾਕੂ ਦਿਖਾ ਕੇ ਉਤਾਰ ਦਿੱਤਾ, ਉਸ ਤੋਂ ਬਾਅਦ ਆਟੋ ਡਰਾਈਵਰ ਲੜਕੀ ਨੂੰ ਲੈ ਕੇ ਫਰਾਰ ਹੋ ਗਿਆ। ਪੁਲਸ ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਆਟੋ ਵਾਲਿਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਗਿੱਛ ਕਰ ਰਹੀ ਹੈ ਪਰ ਸ਼ਹਿਰ ਦੇ ਕਈ ਚੌਰਾਹਿਆਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖਰਾਬ ਹੋਣ ਕਾਰਨ ਪੁਲਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜੋ ਕਹਾਣੀ ਬੁਣੀ ਗਈ ਹੈ ਉਸ ਦੇ ਮੁਤਾਬਕ ਸਨੈਪਡੀਲ ਦੇ ਆਈ. ਟੀ. ਵਿਭਾਗ 'ਚ ਕੰਮ ਕਰਨ ਵਾਲੀ 24 ਸਾਲ ਦੀ ਇੰਜੀਨੀਅਰ ਦੀਪਤੀ ਬੁੱਧਵਾਰ ਦੀ ਰਾਤ 8 ਵਜੇ ਅਗਵਾ ਹੋਈ ਸੀ ਪਰ ਇਸ ਗੱਲ ਨੂੰ ਲੈ ਕੇ ਕਿਆਸ ਲਾਏ ਜਾ ਰਹੇ ਹਨ ਕਿ ਅਗਵਾ ਦੀ ਕਹਾਣੀ ਖੁਦ ਲੜਕੀ ਨੇ ਤਾਂ ਨਹੀਂ ਬੁਣੀ ਕਿਉਂਕਿ ਸਵਾਲ ਇਹ ਹੈ ਕਿ ਆਖਰਕਾਰ ਉਹ ਪਾਨੀਪਤ ਕਿਵੇਂ ਪਹੁੰਚੀ।
ਸਿੱਧੀ ਵਿਨਾਇਕ ਮੰਦਰ ਤੋਂ ਅੱਤਵਾਦੀਆਂ ਲਈ ਖਰੀਦੇ ਸਨ ਧਾਗੇ- ਹੈਡਲੀ
NEXT STORY