ਨਵੀਂ ਦਿੱਲੀ– ਅੱਜਕੱਲ੍ਹ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਦਮ ਘੁੱਟਣ ਵਾਲੀ ਹਵਾ ਗਲੋਬਲ ਪੱਧਰ ’ਤੇ ਸੁਰਖੀਆਂ ਵਿਚ ਹੈ। ਹਰ ਕਿਸੇ ਦੀ ਜ਼ੁਬਾਨ ’ਤੇ ਇਕ ਹੀ ਸਵਾਲ ਹੈ ਕਿ ਕੀ ਦਿੱਲੀ ਹੁਣ ਰਹਿਣ ਯੋਗ ਨਹੀਂ ਰਹੀ? ਕੀ ਤੁਸੀਂ ਜਾਣਦੇ ਹੋ ਕਿ 1990 ਤੋਂ ਪਹਿਲਾਂ ਦਿੱਲੀ ਦੀ ਸਥਿਤੀ ਸ਼ਾਇਦ ਅਜਿਹੀ ਨਹੀਂ ਸੀ? ਉਸ ਤੋਂ ਬਾਅਦ ਦਿੱਲੀ ਵਿਚ ਵਾਹਨਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਚਲੀ ਗਈ। 1996 ਆਉਂਦੇ-ਆਉਂਦੇ ਦਿੱਲੀ ਦੀ ਹਵਾ ਧੂੰਏਂ ਅਤੇ ਧੁੰਦ ਕਾਰਨ ਕਾਲੀ ਹੁੰਦੀ ਚਲੀ ਗਈ। ਇਸ ਸਮੇਂ ਦੌਰਾਨ ਨਵੰਬਰ ਵਿਚ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ. ਐੱਸ. ਈ.) ਨੇ ‘ਸਲੋਅ ਮਰਡਰ : ਦ ਡੈੱਡਲੀ ਸਟੋਰੀ ਆਫ਼ ਵ੍ਹੀਕਲ ਪਾਲਿਊਸ਼ਨ ਇਨ ਇੰਡੀਆ’ ਸਿਰਲੇਖ ਵਾਲੀ ਇਕ ਕਿਤਾਬ ਛਾਪੀ।
ਸੀ. ਐੱਸ. ਈ. ਦਾ ਦਾਅਵਾ ਹੈ ਕਿ ਇਸ ਕਿਤਾਬ ਨੇ ਦੇਸ਼ ਵਿਚ ਪਹਿਲੀ ਵਾਰ ਹਵਾ ਪ੍ਰਦੂਸ਼ਣ ਦੀ ਜ਼ਹਿਰੀਲੀ ਮਾਤਰਾ ਵੱਲ ਲੋਕਾਂ ਦਾ ਧਿਆਨ ਖਿੱਚਿਆ ਸੀ। ਸੀ. ਐੱਸ. ਈ. ਦੇ ਵਰਲਡ ਬੈਂਕ ਦੇ ਮਾਡਲ ’ਤੇ ਆਧਾਰਤ ਵਿਸ਼ਲੇਸ਼ਣ ’ਚ ਇਹ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਸੀ ਕਿ 1991 ਅਤੇ 1995 ਦੇ ਵਿਚਕਾਰ ਸਿਰਫ਼ 4 ਸਾਲਾਂ ਵਿਚ ਹਵਾ ਪ੍ਰਦੂਸ਼ਣ ਕਾਰਨ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਵਿਚ 30 ਫੀਸਦੀ ਦਾ ਹੈਰਾਨੀਜਨਕ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
ਲੋਕਾਂ ਨੂੰ ਲੱਗਿਆ ਕਿ ਇਹ ਸਿਰਫ ਸਰਦੀਆਂ ਦੀ ਧੁੰਦ ਹੈ
ਇਹ ਉਹ ਸਮਾਂ ਸੀ ਜਦੋਂ ਲੋਕ ਇਸ ਗੱਲ ਤੋਂ ਅਣਜਾਣ ਸਨ ਕਿ ਹਵਾ ਪ੍ਰਦੂਸ਼ਣ ਆਉਣ ਵਾਲੀਆਂ ਪੀੜ੍ਹੀਆਂ ਦਾ ਕਿੰਨਾ ਨੁਕਸਾਨ ਕਰ ਸਕਦਾ ਹੈ। ਸੀ. ਐੱਸ. ਈ. ਨੇ ਹਾਲ ਹੀ ਵਿਚ ਆਪਣੇ ਮੈਗਜ਼ੀਨ ‘ਡਾਊਨ ਟੂ ਅਰਥ’ ਵਿਚ ਇਕ ਲੇਖ ਛਾਪਿਆ ਸੀ, ਜਿਸ ਵਿਚ ਉਪਰੋਕਤ ਕਿਤਾਬ ਦਾ ਹਵਾਲਾ ਦਿੱਤਾ ਗਿਆ ਸੀ। ਲੇਖ ਵਿਚ ਕਿਹਾ ਗਿਆ ਹੈ ਕਿ ਜਦੋਂ 1996 ਵਿਚ ਦਿੱਲੀ ਦੀ ਹਵਾ ਧੂੰਏਂ ਅਤੇ ਧੁੰਦ ਨਾਲ ਕਾਲੀ ਹੋ ਗਈ, ਤਾਂ ਸ਼ਹਿਰ ਦੇ ਵਸਨੀਕ ਇਹ ਸਮਝਣ ਤੋਂ ਅਸਮਰੱਥ ਸਨ ਕਿ ਉਨ੍ਹਾਂ ਨੂੰ ਕਿਸ ਚੀਜ਼ ਨੇ ਘੇਰਿਆ ਹੈ। ਉਨ੍ਹਾਂ ਦੇ ਸਾਹ ਜ਼ਹਿਰ ਨਾਲ ਭਰ ਰਹੇ ਸਨ। ਜ਼ਹਿਰੀਲੀ ਹਵਾ ਨੇ ਪੂਰੇ ਸ਼ਹਿਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਲੋਕਾਂ ਨੂੰ ਹਵਾ ਪ੍ਰਦੂਸ਼ਣ ਅਤੇ ਇਸ ਦੇ ਨੁਕਸਾਨ ਬਾਰੇ ਬਹੁਤ ਘੱਟ ਜਾਣਕਾਰੀ ਸੀ। ਹਰ ਕੋਈ ਸੋਚਦਾ ਸੀ ਕਿ ਇਹ ਸਿਰਫ਼ ਸਰਦੀਆਂ ਦੀ ਧੁੰਦ ਹੈ। ਹੌਲੀ-ਹੌਲੀ ਜਿਵੇਂ ਸਮਾਂ ਬੀਤਦਾ ਗਿਆ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਦਿੱਲੀ ਦੀ ਹਵਾ ਜ਼ਹਿਰੀਲੀ ਹੋ ਗਈ ਹੈ।
ਪ੍ਰਦੂਸ਼ਣ ਜਾਂਚ ਕਿਵੇਂ ਹੋਈ ਸ਼ੁਰੂ
ਸੀ. ਐੱਸ. ਈ. ਦਾ ਕਹਿਣਾ ਹੈ ਕਿ ਇਸ ਕਿਤਾਬ ਦੀ ਸ਼ੁਰੂਆਤ ‘ਪਾਲਿਊਸ਼ਨ ਅੰਡਰ ਕੰਟਰੋਲ’ (ਪੀ. ਯੂ. ਸੀ. ) ਪ੍ਰਣਾਲੀ ਦੀ ਜਾਂਚ ਨਾਲ ਸ਼ੁਰੂ ਹੋਈ ਸੀ। ਇਸ ਵਿਚ ਸਵਾਲ ਕੀਤਾ ਗਿਆ ਸੀ ਕਿ ਕੀ ਦਿੱਲੀ ਜਾਂ ਕੋਈ ਵੀ ਸ਼ਹਿਰ ਹਰ ਵਾਹਨ ਦੀ ਟੇਲਪਾਈਪ ਤੋਂ ਨਿਕਲਣ ਵਾਲੇ ਧੂੰਏਂ ਦੀ ਜਾਂਚ ਕਰ ਕੇ ਆਪਣੀ ਹਵਾ ਨੂੰ ਸਾਫ਼ ਕਰ ਸਕਦਾ ਹੈ। ਇਸ ਵਿਚ ਇਹ ਵੀ ਸਵਾਲ ਕੀਤਾ ਗਿਆ ਸੀ ਕਿ ਕੀ ਸ਼ਹਿਰ ਦੀ ਹਵਾ ਨੂੰ ਸਾਫ਼ ਕਰਨ ਲਈ ਹੋਰ ਕਦਮ ਚੁੱਕਣ ਦੀ ਲੋੜ ਹੈ? ਇਸ ਵਿਚ ਧੂੰਏਂ ਨੂੰ ਘਟਾਉਣ ਵਾਲੀ ਤਕਨਾਲੋਜੀ ਅਤੇ ਉੱਚ-ਗੁਣਵੱਤਾ ਵਾਲੇ ਬਾਲਣ ਦੀ ਵਰਤੋਂ ਦੀ ਸਿਫਾਰਸ਼ ਕੀਤੀ ਗਈ ਸੀ। ਇਹ ਆਪਣੀ ਕਿਸਮ ਦੀ ਪਹਿਲੀ ਜਾਂਚ ਸੀ ਅਤੇ ਬਾਅਦ ਵਿਚ ਇਸ ਦਾ ਅਸਰ ਵੀ ਦੇਖਣ ਨੂੰ ਮਿਲਿਆ। ਇਹ ਉਸ ਸਮੇਂ ਦੀ ਗੱਲ ਹੈ , ਜਦੋਂ ਹਵਾ ਪ੍ਰਦੂਸ਼ਣ ’ਤੇ ਕੋਈ ਚਰਚਾ ਨਹੀਂ ਹੁੰਦੀ ਸੀ। ਇਹ ਚਿੰਤਾ ਦਾ ਵਿਸ਼ਾ ਜਾਂ ਕਿਸੇ ਦੇ ਏਜੰਡੇ ਦਾ ਹਿੱਸਾ ਨਹੀਂ ਸੀ। ਦਿੱਲੀ ਦੇ ਤਤਕਾਲੀਨ ਉਪ-ਰਾਜਪਾਲ ਨੇ ਕਿਹਾ ਸੀ ਕਿ ਇਹ ਸਿਰਫ਼ ਧੂੜ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ।
ਬਾਲਣ ਵਿਚ ਗੰਧਕ ਦੀ ਮਾਤਰਾ ਬਹੁਤ ਜ਼ਿਆਦਾ ਸੀ
‘ਡਾਊਨ ਟੂ ਅਰਥ’ ਮੈਗਜ਼ੀਨ ਨੇ ਆਪਣੇ 15 ਨਵੰਬਰ 1996 ਦੇ ਅੰਕ ਦੇ ਕਵਰ ਪੇਜ ’ਤੇ ‘ਨੇਲਡ! ਫਾਰ ਸਲੋਅ ਮਰਡਰ’ ਲਿਖਿਆ, ਕਿਉਂਕਿ ਸੀ. ਐੱਸ. ਈ. ਦੀ ਇਕ ਜਾਂਚ ਨੇ ਖੁਲਾਸਾ ਕੀਤਾ ਸੀ ਕਿ ਵਾਹਨਾਂ ਦੇ ਮਿਆਰ ਸਥਾਪਿਤ ਕਰਨ ਦੇ ਪ੍ਰਸਤਾਵ ਵੱਖ-ਵੱਖ ਵਿਭਾਗਾਂ ਵਿਚਕਾਰ ਬਸ ਘੁਮਾਏ ਜਾ ਰਹੇ ਸਨ। ਉਸ ਸਮੇਂ ਭਾਰਤ ਵਿਚ ਵਾਹਨਾਂ ’ਚੋਂ ਨਿਕਲਣ ਵਾਲੇ ਧੂੰਏਂ ਲਈ ਭਾਰਤ ਵਿਚ ਸਟੇਜ (ਬੀ. ਐੱਸ.) I ਜਾਂ II ਵਰਗੇ ਮਾਪਦੰਡ ਨਹੀਂ ਸਨ।
ਸਾਫ਼ ਬਾਲਣ ਦੀ ਗੱਲ ਤਾਂ ਹੋ ਰਹੀ ਸੀ ਪਰ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ ਸੀ। ਉਸ ਸਮੇਂ ਬਾਲਣ ਵਿਚ ਗੰਧਕ ਦੀ ਮਾਤਰਾ 10,000 ਪਾਰਟਸ ਪ੍ਰਤੀ ਮਿਲੀਅਨ (ਪੀ. ਪੀ. ਐੱਮ.) ਜਾਂ ਉਸ ਤੋਂ ਵੱਧ ਹੁੰਦੀ ਸੀ। ਅੱਜ ਬੀ. ਐੱਸ. VI ਮਿਆਰ ਦੇ ਤਹਿਤ, ਇਹ ਘਟ ਕੇ ਸਿਰਫ਼ 10 ਪੀ. ਪੀ. ਐੱਮ ਰਹਿ ਗਈ ਹੈ। ਦਿੱਲੀ ਸਰਕਾਰ ਅਤੇ ਆਟੋ ਉਦਯੋਗ ਪ੍ਰਦੂਸ਼ਣ ਦੇ ਮਿਆਰਾਂ ’ਤੇ ਸਹਿਮਤੀ ’ਤੇ ਪਹੁੰਚਣ ਵਿਚ ਅਸਮਰੱਥ ਸਨ, ਜਿਸ ਦਾ ਖਮਿਆਜ਼ਾ ਇਸ ਸਮੇਂ ਜਨਤਾ ਭੁਗਤ ਰਹੀ ਹੈ।
ਨਿੱਜੀ ਕਾਰਾਂ ਦੇ ਪ੍ਰਚਲਨ ਕਾਰਨ ਵਧੀ ਸਮੱਸਿਆ
ਰਾਹੁਲ ਬਜਾਜ ਦਾ ਚਿਹਰਾ ਮੈਗਜ਼ੀਨ ਦੇ ਕਵਰ ’ਤੇ ਇਸ ਲਈ ਛਾਪਿਆ ਗਿਆ ਸੀ ਕਿਉਂਕਿ ਉਸ ਸਮੇਂ ਦੋ ਪਹੀਆ ਅਤੇ ਤਿੰਨ ਪਹੀਆ ਵਾਹਨਾਂ ਵਿਚ ਵਰਤੀ ਜਾਣ ਵਾਲੀ 2-ਸਟ੍ਰੋਕ ਤਕਨਾਲੋਜੀ ਕਾਫ਼ੀ ਪ੍ਰਦੂਸ਼ਣ ਫੈਲਾਉਂਦੀ ਸੀ। ਉਸ ਸਮੇਂ ਆਟੋਮੋਬਾਈਲ ਮਾਰਕੀਟ ’ਤੇ ਬਜਾਜ ਦਾ ਲੱਗਭਗ ਏਕਾਧਿਕਾਰ ਸੀ। ਇਹ ਉਹ ਸਮਾਂ ਸੀ ਜਦੋਂ 4-ਸਟ੍ਰੋਕ ਤਕਨਾਲੋਜੀ ਅਜੇ ਆਈ ਨਹੀਂ ਸੀ, ਨਾ ਹੀ ਨਿੱਜੀ ਵਾਹਨ ਰੱਖਣ ਦਾ ਪ੍ਰਚਲਨ ਸੀ। 4-ਸਟ੍ਰੋਕ ਤਕਨਾਲੋਜੀ ਦੇ ਆਉਣ ਤੋਂ ਬਾਅਦ ਹੀ ਹੀਰੋ ਹੌਂਡਾ ਵਰਗੀਆਂ ਕੰਪਨੀਆਂ ਸਾਹਮਣੇ ਆਈਆਂ।
ਇਸੇ ਤਰ੍ਹਾਂ ਜਿਵੇਂ-ਜਿਵੇਂ ਨਿੱਜੀ ਕਾਰਾਂ ਦੀ ਵਰਤੋਂ ਵਧਦੀ ਗਈ ਤਾਂ ਮਾਰੂਤੀ ਸੁਜ਼ੂਕੀ ਅਤੇ ਫਿਰ ਕਈ ਹੋਰ ਕੰਪਨੀਆਂ ਸਾਹਮਣੇ ਆਈਆਂ। ਆਟੋਮੋਬਾਈਲ ਉਦਯੋਗ ਨੇ ਸਾਰੇ ਸੁਧਾਰਾਂ ਦਾ ਲਗਾਤਾਰ ਵਿਰੋਧ ਕੀਤਾ ਅਤੇ ਸਰਕਾਰ ਸਿਰਫ਼ ਕਾਗਜ਼ੀ ਕਾਰਵਾਈਆਂ ਵਿਚ ਫਸੀ ਰਹੀ। 1997 ਵਿਚ ਸੀ. ਐੱਸ. ਈ. ਨੇ ਇਸ ਮੁੱਦੇ ਨੂੰ ਲੈ ਕੇ ਦੁਬਾਰਾ ਜਨਤਾ ਵੱਲ ਰੁਖ਼ ਕੀਤਾ। ਇਸ ਵਾਰ ਸੀ. ਐੱਸ. ਈ. ਕੋਲ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਦਰਸਾਉਂਦਾ ਠੋਸ ਡਾਟਾ ਸੀ।
ਫੇਫੜਿਆਂ ਦਾ ਰੰਗ ਦੱਸ ਦਿੰਦਾ ਸੀ ਕਿ ਕਿੱਥੋਂ ਦਾ ਹੈ ਮਰੀਜ਼
ਉਸ ਸਮੇਂ ਦਿਲ ਦੇ ਰੋਗਾਂ ਦੇ ਮਾਹਿਰ ਡਾ. ਨਰੇਸ਼ ਤ੍ਰੇਹਨ ਨੇ ਫੇਫੜਿਆਂ ਦੀਆਂ ਦੋ ਤਸਵੀਰਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਦੌਰਾਨ ਉਹ ਫੇਫੜਿਆਂ ਦੇ ਰੰਗ ਨੂੰ ਦੇਖ ਕੇ ਪਛਾਣ ਜਾਂਦੇ ਸਨ ਕਿ ਮਰੀਜ਼ ਕਿਸ ਇਲਾਕੇ ਤੋਂ ਹੈ। ਡਾ. ਤ੍ਰੇਹਨ ਨੇ ਦੱਸਿਆ ਕਿ ਪਹਿਲੀ ਫੋਟੋ ਦਿੱਲੀ ਦੇ ਇਕ ਆਦਮੀ ਦੇ ਫੇਫੜਿਆਂ ਦੀ ਸੀ। ਇੱਥੇ ਇਕ ਵਿਅਕਤੀ ਦੇ ਫੇਫੜੇ ਵੀ ਕਾਲੇ ਹੋ ਗਏ ਸਨ, ਜੋ ਬੀੜੀ ਜਾਂ ਸਿਗਰੇਟ ਨਹੀਂ ਪੀਂਦਾ ਸੀ। ਦੂਜੀ ਫੋਟੋ ਹਿਮਾਚਲ ਪ੍ਰਦੇਸ਼ ਦੇ ਇਕ ਆਦਮੀ ਦੀ ਸੀ, ਜਿਸ ਦੇ ਫੇਫੜੇ ਪੂਰੀ ਤਰ੍ਹਾਂ ਗੁਲਾਬੀ ਸਨ।
ਦਿੱਲੀ ਦੀ ਸਥਿਤੀ ਕਾਬੂ ਤੋਂ ਬਾਹਰ ਹੈ ਅਤੇ ਵਿਡੰਬਨਾ ਇਹ ਹੈ ਕਿ ਤਿੰਨ ਦਹਾਕੇ ਪਹਿਲਾਂ ਸੀ. ਐੱਸ. ਈ. ਨੇ ਦਿੱਲੀ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਹਵਾ ਪ੍ਰਦੂਸ਼ਣ ਲੋਕਾਂ ਲਈ ਮੌਤ ਦੀ ਘੰਟੀ ਸਾਬਿਤ ਹੋਵੇਗਾ ਪਰ ਇਹ ਮੁੱਦਾ ਉਸ ਸਮੇਂ ਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਵਿਚਕਾਰ ਉਲਝ ਗਿਆ। ਹਾਲਾਂਕਿ, ਦਿੱਲੀ ਦੇ ਪ੍ਰਦੂਸ਼ਣ ਨੂੰ ਹੁਣ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਇਸ ਨੂੰ ਘਟਾਉਣ ਲਈ ਉਪਾਅ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਹਰ ਕਿਸੇ ਲਈ ਸ਼ੁੱਭ ਨਹੀਂ ਹੁੰਦੀ ਚਾਂਦੀ ! ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਨੂੰ Ignore ਕਰਨੀ ਚਾਹੀਦੀ ਹੈ ਚਾਂਦੀ
ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ, SIR 'ਤੇ ਹੰਗਾਮੇ ਦੀ ਸੰਭਾਵਨਾ
NEXT STORY