ਜਲੰਧਰ/ਨਵੀਂ ਦਿੱਲੀ,(ਚਾਵਲਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਆਮ ਇਜਲਾਸ ਸੱਦਿਆ ਗਿਆ, ਜਿਸ 'ਚ ਹੋਰ ਮਤਿਆਂ ਤੋਂ ਇਲਾਵਾ ਸਰਬਸੰਮਤੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮਾਂ ਤੇ ਦਿੱਲੀ ਕਮੇਟੀ ਦੇ ਪ੍ਰਬੰਧਾਂ 'ਚ ਸੰਗਤ ਦੀ ਭਾਈਵਾਲੀ ਦੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ।
ਜਾਣਕਾਰੀ ਦਿੰਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਜਿਹੜੇ ਮਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਹੈ, ਉਨ੍ਹਾਂ 'ਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਮੇਟੀ ਵੱਲੋਂ ਜੂਨ ਤੋਂ ਲੈ ਕੇ ਨਵੰਬਰ ਤੱਕ ਦੇ ਸਾਰੇ ਸਮਾਗਮ ਤੇ ਇਸ ਦੇ ਨਾਲ ਦਿੱਲੀ ਕਮੇਟੀ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੰਗਤ 'ਚੋਂ ਵੱਖ-ਵੱਖ ਖੇਤਰਾਂ 'ਚ ਮਹਾਰਤ ਰੱਖਣ ਵਾਲੇ ਲੋਕਾਂ ਨੂੰ ਭਾਗੀਦਾਰ ਬਣਾਉਣ ਦਾ ਮਤਾ ਅਹਿਮ ਸਨ। ਉਨ੍ਹਾਂ ਦੱਸਿਆ ਕਿ ਜਿਵੇਂ ਅਸੀਂ ਪਹਿਲਾਂ ਵੀ ਜਾਣਕਾਰੀ ਦੇ ਚੁੱਕੇ ਹਾਂ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਦਿੱਲੀ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਨਾਲ ਕਈ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ। ਇਸ ਦੇ ਨਾਲ ਹੀ ਜਿਥੇ ਪਿਛਲੀਆਂ ਕਮੇਟੀਆਂ ਦੇ ਸਮੇਂ ਸਕੂਲਾਂ ਦੇ ਸਟਾਫ਼ ਨੂੰ ਕਈ-ਕਈ ਮਹੀਨੇ ਤਨਖਾਹਾਂ ਨਹੀਂ ਸੀ ਮਿਲਦੀਆਂ, ਹੁਣ ਉਨ੍ਹਾਂ ਨੂੰ ਤਨਖਾਹਾਂ ਸਮੇਂ 'ਤੇ ਦੇਣ ਦੇ ਨਾਲ ਹੀ ਉਨ੍ਹਾਂ ਦੇ ਮਹਿੰਗਾਈ ਭੱਤੇ 'ਚ ਵਾਧਾ ਕੀਤਾ ਗਿਆ ਹੈ ਤੇ ਕਮੇਟੀ ਦੇ ਸਟਾਫ਼ ਬਾਰੇ ਵੀ ਛੇਤੀ ਹੀ ਫ਼ੈਸਲਾ ਲਿਆ ਜਾਵੇਗਾ, ਜੋ ਜੁਲਾਈ ਤੋਂ ਲਾਗੂ ਹੋਵੇਗਾ। ਸਿਰਸਾ ਨੇ ਦੱਸਿਆ ਕਿ ਜਦੋਂ ਅਸੀਂ ਕਮੇਟੀ ਦੀ ਸੇਵਾ ਸੰਭਾਲੀ ਤਾਂ ਸਕੂਲਾਂ ਦਾ 26 ਕਰੋੜ ਦਾ ਬਕਾਇਆ ਸੀ, ਅਸੀਂ 11 ਕਰੋੜ ਰੁਪਏ ਉਤਾਰ ਦਿੱਤੇ, ਬਾਕੀ ਦੇ 15 ਕਰੋੜ ਵੀ ਜਲਦ ਉਤਾਰ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੁਝ ਘਟਨਾਵਾਂ ਅਜਿਹੀਆਂ ਵਾਪਰੀਆਂ ਹਨ। ਜਿਸ ਕਾਰਨ ਸੰਗਤ ਵੱਲੋਂ ਦਿੱਲੀ ਕਮੇਟੀ ਦੀ ਪਾਰਦਰਸ਼ਤਾ ਨੂੰ ਸ਼ੱਕੀ ਨਜ਼ਰ ਨਾਲ ਵੇਖਿਆ ਜਾ ਰਿਹਾ ਸੀ ਪਰ ਅਸੀਂ ਸਾਰੇ ਪ੍ਰਬੰਧਾਂ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਵੱਖ-ਵੱਖ ਕਮੇਟੀਆਂ ਬਣਾ ਰਹੇ ਹਾਂ, ਜਿਨ੍ਹਾਂ 'ਚ ਕਮੇਟੀ ਦੇ ਚੁਣੇ ਹੋਏ ਮੈਂਬਰਾਂ ਦੇ ਨਾਲ-ਨਾਲ ਸੰਗਤਾਂ 'ਚੋਂ ਮਾਹਿਰ ਵਿਅਕਤੀਆਂ ਨੂੰ ਸ਼ਾਮਲ ਕਰ ਰਹੇ ਹਾਂ। ਪ੍ਰਬੰਧਾਂ 'ਚ ਸੁਧਾਰ ਅਤੇ ਤੇਜ਼ੀ ਲਿਆਉਣ ਲਈ ਕੌਂਸਲ, ਵਿੱਤ ਕਮੇਟੀ, ਐਜੂਕੇਸ਼ਨ ਕੌਂਸਲ, ਧਰਮ ਪ੍ਰਚਾਰ ਕਮੇਟੀ ਵਰਗੀਆਂ ਕੌਂਸਲਾਂ 'ਚ ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜੋ ਆਮ ਸੰਗਤ 'ਚੋਂ ਹੋਣਗੇ ਤੇ ਉਹ ਚੁਣੇ ਮੈਂਬਰਾਂ ਦੇ ਨਾਲ ਕਮੇਟੀ ਪ੍ਰਬੰਧਾਂ 'ਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਕਈ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਨਾਲ ਕਮੇਟੀ ਦੀ ਸਾਖ਼ ਨੂੰ ਢਾਅ ਲੱਗੀ ਹੈ, ਇਸ ਲਈ ਅਸੀਂ ਦੁਨੀਆ ਦੀ ਨਾਮਵਰ ਆਡਿਟ ਕੰਪਨੀ ਤੋਂ ਆਪਣੇ ਸੇਵਾਕਾਲ ਦਾ ਸਾਰਾ ਆਡਿਟ ਕਰਵਾ ਰਹੇ ਹਾਂ। ਸਿਰਸਾ ਨੇ ਕਿਹਾ ਕਿ ਅਸੀਂ ਗੁਰੂ ਘਰ ਦੀ ਪਾਈ-ਪਾਈ ਦਾ ਹਿਸਾਬ ਦੇਣ ਦੇ ਪਾਬੰਦ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਕਿਸੇ ਹੋਰ ਵੱਲ ਉਂਗਲ ਨਹੀਂ ਚੁੱਕਦੇ ਅਤੇ ਨਾ ਹੀ ਕਿਸੇ ਹੋਰ ਦੇ ਸੇਵਾਕਾਲ ਦਾ ਆਡਿਟ ਕਰਵਾ ਰਹੇ ਹਾਂ। ਇਜਲਾਸ ਦੇ ਅੰਤ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਮੀਟਿੰਗ ਵਿਚ ਵੱਡੀ ਗਿਣਤੀ ਵਿਚ ਕਮੇਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਹੁਰੀਅਤ ਸਰਕਾਰ ਨਾਲ ਗੱਲਬਾਤ ਕਰਨ ਨੂੰ ਤਿਆਰ : ਰਾਜਪਾਲ ਮਲਿਕ
NEXT STORY