ਨਵੀਂ ਦਿੱਲੀ, (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਮੰਗਲਵਾਰ ਕਿਹਾ ਕਿ ਯੋਗ ਗੁਰੂ ਰਾਮਦੇਵ ਦੀ ‘ਹਮਦਰਦ’ ਦੀ ਰੂਹ-ਅਫ਼ਜ਼ਾ ’ਤੇ ‘ਸ਼ਰਬਤ ਜਿਹਾਦ’ ਸੰਬੰਧੀ ਕਥਿਤ ਟਿੱਪਣੀ ਬੇਲੋੜੀ ਹੈ। ਇਸ ਨੇ ਅਦਾਲਤ ਦੀ ਜ਼ਮੀਰ ਨੂੰ ਝੰਜੋੜ ਦਿੱਤਾ ਹੈ।
ਰਾਮਦੇਵ ਦੀ ਪਤੰਜਲੀ ਫੂਡਜ਼ ਲਿਮਟਿਡ ਵਿਰੁੱਧ ਹਮਦਰਦ ਨੈਸ਼ਨਲ ਫਾਊਂਡੇਸ਼ਨ ਇੰਡੀਆ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਮਾਣਯੋਗ ਜੱਜ ਜਸਟਿਸ ਅਮਿਤ ਬਾਂਸਲ ਨੇ ਕਿਹਾ ਕਿ ਇਸ ਨੇ ਅਦਾਲਤ ਦੀ ਜ਼ਮੀਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਠੀਕ ਨਹੀਂ ਹੈ। ਉਨ੍ਹਾਂ ਰਾਮਦੇਵ ਦੇ ਵਕੀਲ ਨੂੰ ਕਿਹਾ ਕਿ ਉਹ
ਆਪਣੇ ਮੁਵੱਕਿਲ ਤੋਂ ਹਦਾਇਤਾਂ ਲੈਣ ਨਹੀਂ ਤਾਂ ਸਖ਼ਤ ਹੁਕਮ ਦਿੱਤੇ ਜਾਣਗੇ।
‘ਹਮਦਰਦ’ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਪਤੰਜਲੀ ਦੇ ਗੁਲਾਬ ਸ਼ਰਬਤ ਦਾ ਪ੍ਰਚਾਰ ਕਰਦੇ ਹੋਏ ਰਾਮਦੇਵ ਨੇ ਦਾਅਵਾ ਕੀਤਾ ਸੀ ਕਿ ‘ਹਮਦਰਦ’ ਵੱਲੋਂ ਰੂਹ ਅਫਜ਼ਾ ਤੋਂ ਕਮਾਏ ਪੈਸਿਆਂ ਦੀ ਵਰਤੋਂ ਮਦਰੱਸੇ ਤੇ ਮਸਜਿਦਾਂ ਬਣਾਉਣ ਲਈ ਕੀਤੀ ਗਈ ਸੀ। ਰਾਮਦੇਵ ਨੇ ਬਾਅਦ ’ਚ ਆਪਣੀ ਟਿੱਪਣੀ ਦਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਕਿਸੇ ਬ੍ਰਾਂਡ ਜਾਂ ਭਾਈਚਾਰੇ ਦਾ ਨਾਂ ਨਹੀਂ ਲਿਆ ਸੀ।
‘ਹਮਦਰਦ’ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਇਹ ਮਾਮਲਾ ਮਾਣਹਾਨੀ ਤੋਂ ਪਰੇ ਤੇ ‘ਫਿਰਕੂ ਵੰਡ’ ਪੈਦਾ ਕਰਨ ਵਾਲਾ ਹੈ। ਇਹ ਨਫ਼ਰਤ ਭਰਿਆ ਹੈ।
ਰਾਮਦੇਵ ਕਹਿੰਦੇ ਹਨ ਕਿ ਇਹ ‘ਸ਼ਰਬਤ ਜਿਹਾਦ’ ਹੈ। ਉਨ੍ਹਾਂ ਨੂੰ ਆਪਣੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹ ਸਾਨੂੰ ਕਿਉਂ ਪਰੇਸ਼ਾਨ ਕਰ ਰਹੇ ਹਨ?
ਯੋਗ ਗੁਰੂ ਰਾਮਦੇਵ ਨੇ ਦਿੱਲੀ ਹਾਈ ਕੋਰਟ ਨੂੰ ਭਰੋਸਾ ਦਿੱਤਾ ਕਿ ਉਹ ‘ਹਮਦਰਦ’ ਦੇ ਰੂਹ ਅਫਜ਼ਾ ਬਾਰੇ ਆਪਣੀ ਕਥਿਤ ‘ਸ਼ਰਬਤ ਜਿਹਾਦ’ ਵਾਲੀ ਟਿੱਪਣੀ ਨਾਲ ਸਬੰਧਤ ਵੀਡੀਓ ਤੇ ਸੋਸ਼ਲ ਮੀਡੀਆ ਪੋਸਟਾਂ ਨੂੰ ਤੁਰੰਤ ਹਟਾ ਦੇਣਗੇ।
ਹਾਈ ਕੋਰਟ ਨੇ ਰਾਮਦੇਵ ਨੂੰ 5 ਦਿਨਾਂ ਅੰਦਰ ਇਹ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਕਿ ਉਹ ਭਵਿੱਖ ’ਚ ਮੁਕਾਬਲੇਬਾਜ਼ਾਂ ਦੀਆਂ ਵਸਤਾਂ ਸਬੰਧੀ ਕੋਈ ਬਿਆਨ, ਇਸ਼ਤਿਹਾਰ ਜਾਂ ਸੋਸ਼ਲ ਮੀਡੀਆ ਪੋਸਟ ਜਾਰੀ ਨਹੀਂ ਕਰਨਗੇ। ਅਦਾਲਤ ਨੇ ਮਾਮਲੇ ਦੀ ਸੁਣਵਾਈ 1 ਮਈ ਲਈ ਸੂਚੀਬੱਧ ਕੀਤੀ ਹੈ।
'ਪਹਿਲਾਂ ਪੁੱਛਿਆ ਨਾਂ ਤੇ ਧਰਮ, ਫਿਰ ਕਰ'ਤੀ ਫਾਇਰਿੰਗ'... ਮਹਿਲਾ ਚਸ਼ਮਦੀਦ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
NEXT STORY