ਨਵੀਂ ਦਿੱਲੀ (ਭਾਸ਼ਾ)—ਦਿੱਲੀ 'ਚ ਸ਼ਨੀਵਾਰ ਨੂੰ ਪ੍ਰਦੂਸ਼ਣ ਦਾ ਪੱਧਰ ਅਜੇ ਵੀ ਬਹੁਤ ਖਰਾਬ ਸ਼੍ਰੇਣੀ 'ਚ ਬਣਿਆ ਹੋਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਅੰਕੜਿਆਂ ਮੁਤਾਬਕ ਰਾਸ਼ਟਰੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਸੂਚੀ (ਏ. ਕਿਊ. ਆਈ.) 346 ਦਰਜ ਕੀਤਾ ਗਿਆ, ਜੋ 'ਬਹੁਤ ਖਰਾਬ' ਸ਼੍ਰੇਣੀ ਵਿਚ ਆਉਂਦਾ ਹੈ। ਵਜ਼ੀਰਪੁਰ ਇਲਾਕੇ ਨੂੰ ਗੰਭੀਰ ਹਵਾ ਦੀ ਗੁਣਵੱਤਾ, ਜਦਕਿ 34 ਹੋਰ ਇਲਾਕਿਆਂ ਨੂੰ ਬਹੁਤ ਖਰਾਬ ਸ਼੍ਰੇਣੀ ਵਿਚ ਰੱਖਿਆ ਗਿਆ ਹੈ।
ਹਵਾ ਵਿਚ ਕਣ ਜਾਂ ਪੀਐੱਮ 2.5 ਦਾ ਪੱਧਰ 175 ਦਰਜ ਕੀਤਾ ਗਿਆ ਹੈ। ਇਹ ਕਣ ਪੀਐਮ 10 ਤੋਂ ਵੀ ਛੋਟੇ ਹੁੰਦੇ ਹਨ ਅਤੇ ਸਿਹਤ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ। ਕੇਂਦਰ ਵਲੋਂ ਸੰਚਾਲਤ ਹਵਾ ਦੀ ਗੁਣਵੱਤਾ ਅਤੇ ਖੋਜ ਪ੍ਰਣਾਲੀ ਦੇ ਅੰਕੜਿਆਂ ਮੁਤਾਬਕ ਦਿੱਲੀ ਵਿਚ ਪੀਐੱਮ 10 ਦਾ ਪੱਧਰ 302 'ਤੇ ਬਣਿਆ ਹੋਇਆ ਹੈ। 5 ਨਵੰਬਰ ਨੂੰ ਹਵਾ ਪ੍ਰਦੂਸ਼ਣ ਹੋਰ ਵੀ ਵਧ ਸਕਦਾ ਹੈ। ਯਾਨੀ ਕਿ ਦੀਵਾਲੀ ਤੋਂ ਪਹਿਲਾਂ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਪਹੁੰਚੇਗਾ, ਜਿਸ ਕਾਰਨ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿਚ ਆ ਸਕਦੀ ਹੈ। ਅੰਕੜਿਆਂ ਮੁਤਾਬਕ ਦਿੱਲੀ ਵਿਚ ਹਵਾ ਪ੍ਰਦੂਸ਼ਣ ਦਾ 10 ਫੀਸਦੀ ਹਿੱਸਾ, ਪਰਾਲੀ ਸਾੜਨ ਨਾਲ ਹੋਇਆ ਹੈ। ਜ਼ਿਕਰਯੋਗ ਹੈ ਕਿ ਹਵਾ ਦੀ ਗੁਣਵੱਤਾ ਦੀ ਸੂਚੀ ਸਿਫਰ ਤੋਂ 50 ਤੱਕ ਹੋਣ 'ਤੇ ਹਵਾ ਨੂੰ 'ਚੰਗਾ', 51 ਤੋਂ 100 ਹੋਣ 'ਤੇ 'ਤਸੱਲੀਬਖਸ਼', 101 ਤੋਂ 200 ਦਰਮਿਆਨ 'ਆਮ', 201 ਤੋਂ 300 ਨੂੰ 'ਖਰਾਬ', 301 ਤੋਂ 400 ਤਕ 'ਬਹੁਤ ਖਰਾਬ' ਅਤੇ 401 ਤੋਂ 500 ਦਰਮਿਆਨ ਨੂੰ 'ਗੰਭੀਰ' ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ।
ਘੁਟ-ਘੁਟ ਕੇ ਜਿਉਣ ਨਾਲੋਂ ਚੰਗਾ ਹੈ ਤਲਾਕ : ਤੇਜ ਪ੍ਰਤਾਪ
NEXT STORY